ਵਿਦਿਆਰਥੀਆਂ ਦਾ ਤਾਪਮਾਨ ਚੈਕ ਕੀਤਾ ਅਤੇ ਹੱਥ ਸੈਨੇਟਾਈਜ਼ ਕਰਵਾਏ
ਪਠਾਨਕੋਟ, 2 ਅਗਸਤ (ਪੰਜਾਬ ਪੋਸਟ ਬਿਊਰੋ) – ਸੂਬਾ ਸਰਕਾਰ ਵਲੋਂ ਕੋਰੋਨਾ ਸਥਿਤੀ ‘ਚ ਸੁਧਾਰ ਦੇ ਮੱਦੇਨਜ਼ਰ ਸਕੂਲੀ ਵਿਦਿਆਰਥੀਆਂ ਬਾਰੇ ਜਾਰੀ ਹਦਾਇਤਾਂ
ਅਨੁਸਾਰ ਅੱਜ ਸਾਰੀਆਂ ਜਮਾਤਾਂ ਦੇ ਵਿਦਿਆਰਥੀ ਸਕੂਲਾਂ ‘ਚ ਆਏ।ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ ਅਤੇ ਜਿਲ੍ਹਾ ਸਿਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਨੇ ਦੱਸਿਆ ਕਿ ਤਕਰੀਬਨ ਪੰਜ ਮਹੀਨਿਆਂ ਲਈ ਬੰਦ ਰਹੇ ਸਕੂਲ ਮੁੜ ਤੋਂ ਪੂਰੀ ਤਰ੍ਹਾਂ ਖੁੱਲ ਗਏ ਹਨ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ 2 ਅਗਸਤ ਤੋਂ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੇ ਸਕੂਲ ਆਉਣਾ ਸ਼ੁਰੂ ਕਰ ਦਿੱਤਾ ਹੈ, ਜਦਕਿ ਦਸਵੀਂ ਤੋਂ ਬਾਰਵੀਂ ਤੱਕ ਦੀਆਂ ਸੀਨੀਅਰ ਜਮਾਤਾਂ ਦੇ ਵਿਦਿਆਰਥੀ 26 ਜੁਲਾਈ ਤੋਂ ਹੀ ਸਕੂਲ ਆ ਰਹੇ ਹਨ।ਸਮੂਹ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਵਲੋਂ ਵਿਦਿਆਰਥੀਆਂ ਦੀ ਸਕੂਲਾਂ ‘ਚ ਆਮਦ ਦੇ ਮੱਦੇਨਜ਼ਰ ਸਾਫ ਸਫਾਈ ਅਤੇ ਕੋਰੋਨਾ ਹਦਾਇਤਾਂ ਦੇ ਪਾਲਣ ਦੇ ਸਮੁੱਚੇ ਪਬੰਧ ਮੁਕੰਮਲ ਕੀਤੇ ਗਏ ਸਨ।ਵਿਦਿਆਰਥੀਆਂ ਦੀ ਪੜ੍ਹਾਈ ਦੇ ਮੱਦੇਨਜ਼ਰ ਪ੍ਰਾਜੈਕਟਰ, ਐਲ.ਸੀ.ਡੀਜ਼ ਅਤੇ ਐਜੂਸੈਟ ਆਦਿ ਦੀ ਚਾਲੂ ਸਥਿਤੀ ਦੇ ਪ੍ਰਬੰਧ ਵੀ ਮੁਕੰਮਲ ਕੀਤੇ ਗਏ ।
ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਦੀ ਸਿਹਤ ਸੰਭਾਲ ਵੀ ਸਕੂਲਾਂ ਦੀ ਪਹਿਲੀ ਤਰਜ਼ੀਹ ਰਹੇਗੀ। ਸਕੂਲ ਖੁੱਲਣ ਨੂੰ ਲੈ ਕੇ ਅਧਿਆਪਕਾਂ, ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਸਰਕਾਰੀ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਨੂੰ ਵਰਦੀਆਂ ਵੀ ਦਿੱਤੀਆਂ ਜਾ ਚੁੱਕੀਆਂ ਹਨ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਕੂਲ ਆ ਰਹੇ ਵਿਦਿਆਰਥੀਆਂ ਨੂੰ ਅਗਸਤ ਮਹੀਨੇ ਦੀ ਪੜ੍ਹਾਈ ਕਲਾਸਰੂਮ ‘ਚ ਸ਼ੂਰੂ ਕਰਨ ਵਿੱਚ ਕੋਈ ਦਿੱਕਤ ਨਹੀਂ ਆਵੇਗੀ ਕਿਉਂਕਿ ਅਪ੍ਰੈਲ, ਮਈ ਅਤੇ ਜੁਲਾਈ ਮਹੀਨਿਆਂ ਦਾ ਪਾਠਕ੍ਰਮ ਪਹਿਲਾਂ ਹੀ ਆਨਲਾਈਨ ਤਰੀਕੇ ਕਰਵਾ ਕੇ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜੀ ਰੱਖਿਆ ਗਿਆ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਧਾਨੀ ਦੀ ਪ੍ਰਿੰਸੀਪਲ ਰਘਬੀਰ ਕੌਰ ਨੇ ਦੱਸਿਆ ਕਿ ਸਕੂਲ ਪਹੁੰਚੇ ਵਿਦਿਆਰਥੀਆਂ ਦਾ ਤਾਪਮਾਨ ਚੈਕ ਕੀਤਾ ਗਿਆ ਅਤੇ ਹੱਥ ਸੈਨੇਟਾਈਜ ਕਰਵਾਏ ਗਏ।ਸਰਕਾਰੀ ਹਾਈ ਸਕੂਲ ਫਤਿਹਗੜ ਦੀ ਹੈਡ ਮਿਸਟ੍ਰੈਸ ਬਬਿਤਾ ਕਟੋਚ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਥਰਿਆਲ ਦੀ ਇੰਚਾਰਜ਼ ਸੰਗੀਤਾ ਸਮੇਤ ਬਹੁਤ ਸਾਰੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੇ ਦੱਸਿਆ ਕਿ ਪਹਿਲੇ ਦਿਨ ਵਿਦਿਆਰਥੀ ਉਤਸ਼ਾਹ ਨਾਲ ਸਕੂਲਾਂ ‘ਚ ਪਹੁੰਚੇ।
Punjab Post Daily Online Newspaper & Print Media