ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੇ ਸਬਰ ਨਾ ਪਰਖੇ – ਬਲਵੀਰ ਸਿੰਘ ਖੀਰਨੀਆਂ
ਸਮਰਾਲਾ, 5 ਅਕਤੂਬਰ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਦੋਆਬਾ) ਇਕਾਈ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਬਲਵੀਰ ਸਿੰਘ
ਖੀਰਨੀਆਂ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਅਤੇ ਜਰਨੈਲ ਸਿੰਘ ਜਨਰਲ ਸਕੱਤਰ ਜ਼ਿਲ੍ਹਾ ਲੁਧਿਆਣਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਚੰਡੀਗੜ੍ਹ ਰੋਡ ਸਮਰਾਲਾ ਵਿਖੇ ਹੋਈ।
ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਲਖੀਮਪੁਰ ਖੀਰੀ ਵਿਖੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਤੇ ਉਸ ਦੇ ਸਾਥੀਆਂ ਵੱਲੋਂ ਸ਼ਾਂਤਮਈ ਕਿਸਾਨਾਂ ਉਪਰ ਗੱਡੀ ਚਾੜ ਕੇ ਮਾਰ ਦੇਣਾ ਬੇਹੱਦ ਦੁੱਖਦਾਈ ਕਰਾਰ ਦਿੰਦੇ ਹੋਏ, ਸ਼ਹੀਦ ਹੋਏ ਕਿਸਾਨਾਂ ਦੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਨੇ ਕਿਹਾ ਕਿ ਇਸ ਸਮੇਂ ਭਾਜਪਾ ਦੇ ਨੇਤਾ ਪੂਰੀ ਤਰ੍ਹਾਂ ਬੁਖਲਾਏ ਹੋਏ ਹਨ ਅਤੇ ਜਾਣਬੁੱਝ ਕੇ ਸ਼ਾਂਤਮਈ ਕਿਸਾਨੀ ਸੰਘਰਸ਼ ਨੂੰ ਹਿੰਸਕ ਬਣਾਉਣਾ ਚਾਹੁੰਦੇ ਹਨ ਅਤੇ ਕਿਸਾਨਾਂ ਵਿਰੁੱਧ ਬੇਮਤਲਬੇ ਬਿਆਨ ਦੇ ਰਹੇ ਹਨ।ਉਨ੍ਹਾਂ ਅੱਗੇ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਵੱਲੋਂ ਦਿੱਤੇ ਬਿਆਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਹੁਣ ਭਾਜਪਾਈ ਆਪਣੇ ਗਲਤ ਬਿਆਨਾਂ ਦੇ ਸਹਾਰੇ ਲੋਕਾਂ ਵਿੱਚ ਅਰਾਜ਼ਕਤਾ ਦਾ ਮਹੌਲ ਬਣਾ ਰਹੇ ਹਨ।ਉਨਾਂ ਕਿਹਾ ਕਿ ਪਿਛਲੇ 10 ਮਹੀਨਿਆਂ ਤੋਂ ਹਰ ਤਰ੍ਹਾਂ ਦੇ ਮੌਸਮ ਦੀ ਤਪਸ਼, ਮੀਂਹ ਅਤੇ ਠੰਡ ਸਹਿ ਕੇ ਸ਼ਾਂਤਮਈ ਤਰੀਕੇ ਨਾਲ ਬੈਠੇ ਹਨ, ਕੇਂਦਰ ਸਰਕਾਰ ਕਿਸਾਨਾਂ ਦਾ ਸਬਰ ਪਰਖਣ ਲੱਗੀ ਹੋਈ ਹੈ।ਜੇਕਰ ਕਿਸਾਨਾਂ ਨੂੰ 2024 ਦੀਆਂ ਵੋਟਾਂ ਤੱਕ ਵੀ ਸੰਘਰਸ਼ ਕਰਨਾ ਪਿਆ ਤਾਂ ਉਹ ਪੂਰੀ ਤਰ੍ਹਾਂ ਤਿਆਰ ਬੈਠੇ ਹਨ।ਬਲਾਕ ਮਾਛੀਵਾੜਾ ਦੇ ਪ੍ਰਧਾਨ ਬਿੱਕਰ ਸਿੰਘ ਮਾਨ ਕੋਟਲਾ ਸਮਸ਼ਪੁਰ ਨੇ ਕਿਹਾ ਕਿ ਜਿਸ ਅੰਦੋਲਨ ਵਿੱਚ ਸੱਤ ਸੌ ਤੋਂ ਵੱਧ ਕਿਸਾਨ ਜਾਮੇ ਸ਼ਹਾਦਤ ਪਾ ਚੱਕਾ ਹੋਵੇ, ਉਥੇ ਇਸ ਘਟਨਾ ਨੇ ਸਮੁੱਚੀ ਦੁਨੀਆਂ ਦਾ ਧਿਆਨ ਇਸ ਪਾਸੇ ਕੇਂਦਰਿਤ ਕਰ ਦਿੱਤਾ ਹੈ।ਸਮੁੱਚਾ ਦੇਸ਼ ਲਖੀਮਪੁਰ ਖੀਰੀ ਦੇ ਮਹਾਨ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਹੋਇਆ ਫਖਰ ਮਹਿਸੂਸ ਕਰਦਾ ਹੈ।
ਮੀਟਿੰਗ ਵਿੱਚ ਰਾਜਿੰਦਰ ਸਿੰਘ ਰਾਜੇਵਾਲ ਰਾਜਪੂਤਾਂ, ਕੁਲਦੀਪ ਸਿੰਘ ਮੱਲ ਮਾਜਰਾ, ਬਿੱਕਰ ਸਿੰਘ ਮਾਨ, ਨਰਿੰਦਰ ਸਿੰਘ ਕਟਾਣਾ ਸਾਹਿਬ, ਗੁਰਮੇਲ ਸਿੰਘ ਮੰਜ਼ਾਲੀਆਂ, ਬਖਸ਼ੀਸ਼ ਸਿੰਘ ਸਮਰਾਲਾ, ਹਰਮੀਤ ਸਿੰਘ ਮੱਲ ਮਾਜ਼ਰਾ, ਨਰਿੰਦਰ ਸਿੰਘ ਮੱਲ ਮਾਜ਼ਰਾ, ਨਰਿੰਦਰ ਸਿੰਘ ਮੱੱੱੱੱਲ ਮਾਜ਼ਰਾ, ਦਵਿੰਦਰ ਸਿੰਘ ਮੱਲ ਮਾਜ਼ਰਾ, ਸੋਨੀ ਮੱਲ ਮਾਜ਼ਰਾ, ਗੁਰਪ੍ਰੀਤ ਸਿੰਘ ਰਾਜੇਵਾਲ, ਦਰਸ਼ਨ ਸਿੰਘ, ਮਨਦੀਪ ਸਿੰਘ ਸਮਰਾਲਾ, ਜਰਨੈਲ ਸਿੰਘ ਸਮਰਾਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਯੂਨੀਅਨ ਦੇ ਵਰਕਰ ਹਾਜ਼ਰ ਸਨ।
Punjab Post Daily Online Newspaper & Print Media