Tuesday, March 3, 2026

ਚੋਣ ਕਮਿਸ਼ਨ ਵਲੋਂ ਲਾਏ ਵਿਸ਼ੇਸ਼ ਕੈਂਪਾਂ ਵਿਚੋਂ ਗੈਰਹਾਜਰ ਰਹਿਣ ਵਾਲੇ ਬੀ.ਐਲ.ਓ ਵਿਰੁੱਧ ਸਖਤ ਕਾਰਵਾਈ

ਚੋਣਕਾਰ ਰਜਿਸਟ੍ਰੇਸ਼ਨ ਅਫਸਰ ਵਲੋਂ ਕਰਮਚਾਰੀਆਂ ਨੂੰ ਚਾਰਜਸ਼ੀਟ ਕਰਨ ਲਈ ਪਿਤਰੀ ਵਿਭਾਗ ਨੂੰ ਸਿਫਾਰਸ਼

ਕਪੂਰਥਲਾ, 8 ਨਵੰਬਰ (ਪੰਜਾਬ ਪੋਸਟ ਬਿਊਰੋ) – ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ 6 ਤੇ 7 ਨਵੰਬਰ ਨੂੰ ਵੋਟਰਾਂ ਦੀ ਸਹਲੂਤ ਲਈ ਲਗਾਏ ਗਏ ਵਿਸ਼ੇਸ਼ ਕੈਂਪਾਂ ਦੌਰਾਨ ਡਿਊਟੀ ਤੋਂ ਗੈਰਹਾਜ਼ਰ ਰਹਿਣ ਵਾਲੇ 12 ਬੀ.ਐਲ.ਓ ਵਿਰੁੱਧ ਸਖਤ ਕਾਰਵਾਈ ਆਰੰਭੀ ਗਈ ਹੈ।
               ਚੋਣਕਾਰ ਰਜਿਸਟ੍ਰੇਸ਼ਨ ਅਫਸਰ ਕਪੂਰਥਲਾ ਡਾ. ਜੈਇੰਦਰ ਸਿੰਘ ਵਲੋਂ ਸਬੰਧਿਤ ਕਰਮਚਾਰੀਆਂ ਦੇ ਪਿਤਰੀ ਵਿਭਾਗਾਂ ਨੂੰ ਸਿਫਾਰਸ਼ ਕੀਤੀ ਗਈ ਹੈ ਕਿ ਵਿਧਾਨ ਸਭਾ ਚੋਣਾਂ ਸਬੰਧੀ ਅਹਿਮ ਡਿਊਟੀ ਵਿਚ ਕੁਤਾਹੀ ਵਰਤਣ ਵਾਲੇ ਕਰਮਚਾਰੀਆਂ ਨੂੰ ਤੁਰੰਤ ਚਾਰਜਸ਼ੀਟ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਏ.ਸੀ.ਆਰ (ਸਾਲਾਨਾ ਗੁਪਤ ਰਿਪੋਰਟਾਂ) ਵਿਚ ਵੀ ਡਿਊਟੀ ਪ੍ਰਤੀ ਗੈਰਸੰਜ਼ੀਦਾ ਪਹੁੰਚ ਅਪਣਾਉਣ ਦੇ ਇੰਦਰਾਜ਼ ਦਰਜ਼ ਕੀਤੇ ਜਾਣ।
                 ਡਾ. ਜੈਇੰਦਰ ਸਿੰਘ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਵਿਧਾਨ ਸਭਾ ਚੋਣਾਂ 2022 ਲਈ ਲੋਕਾਂ ਦੇ ਦਾਅਵੇ ਤੇ ਇਤਰਾਜ਼ ਲੈਣ, ਵੋਟ ਬਣਵਾਉਣ, ਵੋਟ ਕਟਵਾਉਣ ਆਦਿ ਲਈ ਹਰ ਬੂਥ ’ਤੇ ਬੀ.ਐਲ.ਓ ਵਲੋਂ 6 ਤੇ 7 ਨਵੰਬਰ ਨੂੰ ਵਿਸ਼ੇਸ਼ ਕੈਂਪ ਲਾਏ ਗਏ ਸਨ।
               ਉਨ੍ਹਾਂ ਦੱਸਿਆ ਕਿ 12 ਬੀ.ਐਲ.ਓਜ਼ ਅਜਿਹੇ ਪਾਏ ਗਏ ਜੋ ਕਿ ਮਿਥੀ ਤਰੀਕ ਅਤੇ ਸਮੇਂ ਅਨੁਸਾਰ ਡਿਊਟੀ ’ਤੇ ਸਬੰਧਿਤ ਬੂਥ ‘ਤੇ ਨਹੀਂ ਪਹੁੰਚੇ।ਜਿਸ ਕਰਕੇ ਜਿਥੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ, ਸਗੋਂ ਆਮ ਲੋਕਾਂ ਦੀ ਵੀ ਖੱਜਲ ਖੁਆਰੀ ਹੋਈ।
                  ਇਹ ਕਰਮਚਾਰੀ ਬਲਜਿੰਦਰ ਸਿੰਘ ਸੀਨੀਅਰ ਸਹਾਇਕ ਪੀ.ਟੀ.ਯੂ, ਬਲਜਿੰਦਰ ਸਿੰਘ-2 ਸੀਨੀਅਰ ਸਹਾਇਕ ਪੀ.ਟੀ.ਯੂ, ਨਰਿੰਦਰ ਸਿੰਘ ਸੀਨੀਅਰ ਸਹਾਇਕ ਪੀ.ਟੀ.ਯੂ , ਅੰਗਰੇਜ ਸਿੰਘ ਸੀਨੀਅਰ ਸਹਾਇਕ ਪੀ.ਟੀ.ਯੂ, ਧਰਮਿੰਦਰ ਕੁਮਾਰ, ਪ੍ਰਦੀਪ ਕੁਮਾਰ, ਰਵੀ ਕੁਮਾਰ, ਬਲਵੰਤ ਸਿੰਘ-1, ਬਲਵੰਤ ਸਿੰਘ-2 (ਸਾਰੇ ਦਫਤਰੀ ਸਹਾਇਕ), ਜਸਵਿੰਦਰ ਸਿੰਘ ਡੀ.ਪੀ.ਈ ਸਰਕਾਰੀ ਸੀ.ਸੈਕ. ਸਕੂਲ ਸੈਦੋਵਾਲ, ਅਮਨਪ੍ਰੀਤ ਕੌਰ ਸਿੱਖਿਆ ਪ੍ਰੋਵਾਈਡਰ ਸਰਕਾਰੀ ਐਲੀ. ਸਕੂਲ ਮਨਸੂਰਵਾਲ, ਰੀਤੂ ਦੇਵੀ ਈ.ਟੀ.ਟੀ ਅਧਿਆਪਕਾ ਸੀ.ਐਲੀ. ਸਕੂਲ ਝੱਲ ਠੀਕਰੀਵਾਲ ਹਨ।
                     ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਲੋਕ ਪ੍ਰਤੀਨਿਧਤਾ ਐਕਟ ਤਹਿਤ ਲਗਾਈਆਂ ਗਈਆਂ ਡਿਊਟੀਆਂ ਪ੍ਰਤੀ ਅਵੇਸਲਾਪਣ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

 

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …