‘ਵੋਟ ਦਾ ਅਧਿਕਾਰ’ ਦੇਸ਼ ਦੇ ਨਾਗਰਿਕਾਂ ਨੂੰ ਸੰਵਿਧਾਨ ਦੁਆਰਾ ਆਪਣੇ ਪ੍ਰਤੀਨਿਧ ਚੁਣ ਕੇ ਸਰਕਾਰ ਚਲਾਉਣ ਲਈ ਦਿੱਤਾ ਹੋਇਆ ਅਧਿਕਾਰ ਹੁੰਦਾ ਹੈ।ਇੱਕ ਲੋਕਤੰਤਰੀ ਰਾਜ ਦੀ ਨੀਂਹ ਵੋਟ ਪਾਉਣ ਦੇ ਅਧਿਕਾਰ ਉਪਰ ਹੀ ਟਿਕੀ ਹੁੰਦੀ ਹੈ।ਕਿਸੇ ਦੇਸ਼ ਦਾ ਲੋਕਤੰਤਰ ਉਥੋਂ ਦੇ ਨਾਗਰਿਕਾਂ ਦੁਆਰਾ ਉਸ ਦੇ ਸਮੁੱਚੇ ਤੰਤਰ ਵਿੱਚ ਨਿਭਾਈ ਭੂਮਿਕਾ ਦੁਆਰਾ ਪਰਿਭਾਸ਼ਤ ਹੁੰਦਾ ਹੈ।ਕੋਈ ਨਾਗਰਿਕ ਭਾਵੇਂ ਰਾਜਨੀਤਕ ਪ੍ਰਣਾਲੀ ਵਿਚ ਵੱਖ-ਵੱਖ ਤਰੀਕਿਆਂ ਨਾਲ ਆਪਣੀ ਭੂਮਿਕਾ ਨਿਭਾਉਂਦਾ ਹੈ।ਪਰ ਉਸ ਨੂੰ ਮਿਲਿਆ ਵੋਟ ਦਾ ਅਧਿਕਾਰ ਸਭ ਤੋਂ ਵੱਧ ਮਹੱਤਵਪੂਰਨ ਅਧਿਕਾਰ ਹੁੰਦਾ ਹੈ, ਕਿਉਂਕਿ ਇਸ ਦੀ ਸੁਚੱਜੀ ਵਰਤੋਂ ਨਾਲ ਉਹ ਆਪਣੀ ਪਸੰਦ ਦੇ ਨਿਜ਼ਾਮ ਦੀ ਸਥਾਪਨਾ ਕਰ ਸਕਦਾ ਹੈ ਅਤੇ ਉਸ ਨਿਜ਼ਾਮ ਤੋਂ ਆਪਣੀ ਮਰਜ਼ੀ ਦੀ ਵਿਵਸਥਾ ਪੈਦਾ ਕਰਵਾ ਸਕਦਾ ਹੈ।ਵੋਟ ਦਾ ਇਹ ਅਧਿਕਾਰ ਕਿਤੇ ਸੌਖਿਆਂ ਹੀ ਨਹੀਂ ਮਿਲਿਆ। ਇਤਿਹਾਸ ਗਵਾਹ ਹੈ ਕਿ ਬਹੁਤ ਸਾਰੇ ਮੁਲਕਾਂ ਦੇ ਨਾਗਰਿਕਾਂ ਨੂੰ ਇਹ ਰਾਜਨੀਤਕ ਹੱਕ ਲੈਣ ਲਈ ਵੱਡੀਆਂ ਲੜਾਈਆਂ ਲੜਨੀਆਂ ਪਈਆਂ।ਅੰਗਰੇਜ਼ ਰਾਜ ਦੌਰਾਨ ਗੁਲਾਮ ਭਾਰਤ ਇੱਕ ਸੀਮਿਤ ਲੋਕਤੰਤਰ ਸੀ, ਜਿਥੇ ਲੋਕਾਂ ਨੂੰ ਉਨ੍ਹਾਂ ਦੇ ਧਾਰਮਿਕ, ਬਰਾਦਰੀ ਅਤੇ ਕਿੱਤੇ ਦੇ ਅਧਾਰ `ਤੇ ਹੀ ਵੋਟ ਪਾਉਣ ਦਾ ਹੱਕ ਸੀ।ਅਜ਼ਾਦੀ ਤੋਂ ਬਾਅਦ 26 ਜਨਵਰੀ 1950 ‘ਚ ਭਾਰਤੀ ਸੰਵਿਧਾਨ ਦੇ ਲਾਗੂ ਹੋਣ ਉਪਰੰਤ ਭਾਰਤੀ ਸੰਵਿਧਾਨ ਦੀ ਧਾਰਾ 326 ਅਨੁਸਾਰ ਹੁਣ ਹਰ ਉਹ ਵਿਅਕਤੀ ਜੋ 18 ਸਾਲ ਜਾਂ ਇਸ ਤੋਂ ਜਿਆਦਾ ਉਮਰ ਦਾ ਹੈ, ਉਹ ਬਿਨਾਂ ਕਿਸੇ ਰੰਗ, ਨਸਲ, ਜਾਤ, ਧਰਮ, ਲਿੰਗ ਆਦਿ ਦੇ ਭੇਦ ਭਾਵ ਤੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਦਾ ਹੈ, ਬਾਸ਼ਰਤੇ ਕਿ ਉਹ ਭਾਰਤ ਦੇਸ਼ ਦਾ ਨਾਗਰਿਕ ਹੋਵੇ। ਸਾਲ 2011 ਤੋਂ ਹਰ ਸਾਲ 25 ਜਨਵਰੀ ਰਾਸ਼ਟਰੀ ਵੋਟਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ।
20ਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਤੱਕ ਭਾਰਤ ਵਿੱਚ ਵੀ ਸੱਤਾ ਪ੍ਰੀਵਰਤਨ ਦਾ ਸਾਧਨ ਸਿਰਫ ਹਥਿਆਰਬੰਦ ਤਾਕਤਾਂ ਹੀ ਰਹੀਆਂ।ਪਰ 1947 ਵਿੱਚ ਦੇਸ਼ ਦੀ ਅਜ਼ਾਦੀ ਤੋਂ ਬਾਅਦ ਹੁਣ ਤੱਕ ਵੋਟਾਂ ਨੇ ਜਿੰਨੀਆਂ ਸਰਕਾਰਾਂ ਪ੍ਰੀਵਰਤਨ ਕਰ ਦਿੱਤੀਆਂ, ਉਨੀਆਂ ਪੂਰੇ ਇਤਿਹਾਸ ਵਿੱਚ ਕਦੇ ਹਥਿਆਰਾਂ ਨੇ ਨਹੀਂ ਕੀਤੀਆਂ।ਭਾਵੇਂ ਕਿ ਅਸਲ ਵਿੱਚ ਜਨਤਾ ਨੂੰ ਉਨ੍ਹਾਂ ਸਰਕਾਰਾਂ ਤੋਂ ਕੋਈ ਬਹੁਤਾ ਫਾਇਦਾ ਨਹੀਂ ਹੋਇਆ ਅਤੇ ਅਸੀਂ ਹਾਲੇ ਵੀ ਬਹੁਤ ਪਛੜੇ ਹੋਏ ਹਾਂ ਇਹ ਇੱਕ ਵੱਖਰਾ ਵਿਸ਼ਾ ਹੈ।ਪਰ ਵੋਟ ਨੂੰ ਇਸ ਦਾ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।ਇਹ ਤਾਂ ਰਾਜਨੀਤਕ ਨੇਤਾਵਾਂ ਦਾ ਕਸੂਰ ਹੈ ਜਿਨ੍ਹਾਂ ਨੇ ਲੋਕ ਹਿੱਤਾਂ ਦੀ ਥਾਂ ਆਪਣੇ ਸਵਾਰਥਾਂ ਨੂੰ ਅੱਗੇ ਰੱਖਿਆ ਹਰ ਵਾਰ ਚੋਣਾਂ ਮੌਕੇ ਜਿਆਦਾਤਰ ਵੋਟਰ ਵੀ ਇਨ੍ਹਾਂ ਨੇਤਾਵਾਂ ਦੇ ਬਹਿਕਾਵੇ ਵਿੱਚ ਫਸ ਜਾਂਦੇ ਹਨ ਅਤੇ ਆਪਣੀ ਵੋਟ ਦਾ ਇਸਤੇਮਾਲ ਸੁਤੰਤਰ ਰੂਪ ਵਿੱਚ ਨਹੀਂ ਕਰਦੇ।
ਹੁਣ ਇਸ ਵਾਰ ਵੀ ਪੰਜਾਬ ਵਿੱਚ ਚੋਣਾਂ ਦਾ ਐਲਾਨ ਹੁੰਦਿਆਂ ਹੀ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਲੋਕਾਂ ਨੂੰ ਵਰਗਲਾਉਣ ਦੀਆਂ ਸਕੀਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ।ਜਿਆਦਾਤਰ ਰਾਜਨੀਤਿਕ ਪਾਰਟੀਆਂ ਵਲੋਂ ਵੋਟਾਂ ਲੈਣ ਲਈ ਮੁਫ਼ਤ ਬਿਜਲੀ, ਮਹਿਲਾਵਾਂ ਨੂੰ 1000-2000 ਰੁਪਏ ਮਹੀਨਾ, ਮੁਫ਼ਤ ਰਾਸ਼ਨ, ਮੁਫ਼ਤ ਸਫਰ, ਸ਼ਗਨ ਸਕੀਮ ਆਦਿ ਮੁੱਦੇ ਹੀ ਉਭਾਰੇ ਗਏ।ਜਦੋਂ ਕਿ ਸਿਹਤ, ਸਿਖਿਆ ਅਤੇ ਰੁਜਗਾਰ ਦੀ ਗੱਲ ਬਹੁਤ ਘੱਟ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਹੈ।ਵੋਟਰਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਮੁਫ਼ਤ ਦੀਆਂ ਸਹੂਲਤਾਂ ਦੀ ਥਾਂ ਸਿਹਤ, ਸਿਖਿਆ ਅਤੇ ਰੁਜ਼ਗਾਰ ਉਨ੍ਹਾਂ ਦੀਆਂ ਮੁੱਢਲੀਆਂ ਲੋੜਾਂ ਹਨ।ਜੇਕਰ ਉਨ੍ਹਾਂ ਕੋਲ ਚੰਗੀ ਸਿੱਖਿਆ, ਮਿਆਰੀ ਸਿਹਤ ਸਹੂਲਤਾਂ ਅਤੇ ਆਪਣਾ ਰੁਜ਼ਗਾਰ ਹੋਵੇਗਾ ਤਾਂ ਇਹ ਸਭ ਕੁੱਝ ਉਹ ਖ਼ੁਦ ਖਰੀਦ ਸਕਦੇ ਹਨ।ਰਾਜਨੀਤਕ ਨੇਤਾਵਾਂ ਨੇ ਹੁਣ ਤੱਕ ਆਮ ਲੋਕਾਂ ਨੂੰ ਇਨ੍ਹਾਂ ਲਾਲਚਾਂ ਵਿੱਚ ਹੀ ਉਲਝਾ ਕੇ ਰੱਖਿਆ ਹੈ।ਇਥੇ ਇਹ ਦੱਸਣਯੋਗ ਹੈ ਕਿ ਰਾਜਨੀਤਕ ਲੀਡਰ ਅਤੇ ਪਾਰਟੀਆਂ ਅਮੀਰਾਂ ਦੇ ਨੋਟਾਂ ਨਾਲ ਗਰੀਬਾਂ ਦੀਆਂ ਵੋਟਾਂ ਲਈ ਕਮਜ਼ੋਰ ਵਰਗਾਂ ਵਿਚੋਂ ਕੁੱਝ ਅਜਿਹੇ ਵਿਅਕਤੀਆਂ ਨੂੰ ਚੌਧਰੀ ਬਣਾ ਕੇ ਪਰੋਸਦੀਆਂ ਹਨ, ਜਿਹੜੇ ਉਨ੍ਹਾਂ ਦੇ ਟੁਕੜਿਆਂ ‘ਤੇ ਪਲ ਕੇ, ਆਪਣੇ ਭਾਈਚਾਰੇ ਨੂੰ ਗੁੰਮਰਾਹ ਕਰਕੇ ਰਾਜਨੀਤਕ ਨੇਤਾਵਾਂ ਕੋਲ ਸਸਤੇ ਤੋਂ ਸਸਤਾ ਵੇਚਦੇ ਹਨ।
ਪੰਜਾਬ ਦੇ ਵੋਟਰਾਂ ਨੂੰ ਅਪੀਲ ਹੈ ਕਿ ਬਿਨਾਂ ਕਿਸੇ ਲਾਲਚ ਦੇ ਆਪਣੇ ਦੇਸ਼ ਦੇ ਸੁਨਹਿਰੇ ਭਵਿੱਖ ਦੇ ਲਈ ਆਪਣੀ ਵੋਟ ਦੀ ਤਾਕਤ ਦਾ ਇਸਤੇਮਾਲ ਕਰਦੇ ਹੋਏ ਅਜਿਹੇ ਨੁਮਾਇੰਦੇ ਚੁਣੀਏ ਜੋ ਭ੍ਰਿਸ਼ਟਾਚਾਰ, ਅਪਰਾਧ, ਬੇਰੁਜ਼ਗਾਰੀ, ਗਰੀਬੀ, ਅਨਪੜ੍ਹਤਾ ਆਦਿ ਸਮੱਸਿਆਵਾਂ ਦਾ ਅੰਤ ਕਰਨ ਦੇ ਯੋਗ ਹੋਣ ਅਤੇ ਸਿਹਤ, ਸਿਖਿਆ ਅਤੇ ਰੁਜ਼ਗਾਰ ਵਰਗੀਆਂ ਲੋੜਾਂ ਪੂਰਨ ਦੀ ਨੁਮਾਇੰਦਗੀ ਕਰਨ।ਸਾਨੂੰ ਵੋਟ ਕਿਸੇ ਲਾਲਚ, ਡਰ, ਪੈਸੇ, ਨਸ਼ੇ, ਦਬਾਅ ਆਦਿ ਤੋਂ ਮੁਕਤ ਹੋ ਕੇ ਪਾਉਣੀ ਚਾਹੀਦੀ ਹੈ।ਲੋਕਤੰਤਰ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਸਾਰਿਆਂ ਨੂੰ ਆਪਣੀ ਵੋਟ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ, ਜੋ ਕਿ ਆਪਣੇ ਮਨਪਸੰਦ ਨੁਮਾਇੰਦਿਆਂ ਨੂੰ ਚੁਣਨ ਦੀ ਤਾਕਤ ਰੱਖਦੀ ਹੈ।ਕਈ ਵੋਟਰ ਸੋਚਦੇ ਹੋਣਗੇ ਕਿ ਮੇਰੀ ਇੱਕ ਵੋਟ ਨਾਲ ਕੀ ਫਰਕ ਪੈਣ ਲੱਗਾ ਹੈ, ਜਿਵੇਂ ਇੱਕ ਇੱਕ ਬੂੰਦ ਨਾਲ ਘੜਾ ਭਰ ਜਾਂਦਾ।ਉਸੇ ਤਰ੍ਹਾਂ ਇੱਕ ਇੱਕ ਵੋਟ ਵੀ ਜਿਤਾਉਣ ਦੀ ਤਾਕਤ ਰੱਖਦੀ ਹੈ।ਹਾਂ ਜੇਕਰ ਕਿਸੇ ਹਲਕੇ ਵਿੱਚ ਕਿਸੇ ਨੂੰ ਸਾਰਿਆਂ ਵਿਚੋਂ ਕੋਈ ਵੀ ਉਮੀਦਵਾਰ ਪਸੰਦ ਨਹੀਂ ਤਾਂ ਉਹ ‘ਨੋਟਾ’ ਨੂੰ ਵੋਟ ਪਾ ਕੇ ਸਾਰੇ ਉਮੀਦਵਾਰਾਂ ਪ੍ਰਤੀ ਆਪਣੀ ਨਾਪਸੰਦਗੀ ਜ਼ਾਹਿਰ ਵੀ ਕਰ ਸਕਦਾ ਹੈ।ਪਰ ਵੋਟ ਦੀ ਵਰਤੋਂ ਲਾਜ਼ਮੀ ਤੌਰ ‘ਤੇ ਕਰਨੀ ਚਾਹੀਦੀ ਹੈ।ਹਰ ਵੋਟਰ ਦਾ ਇਹ ਫਰਜ਼ ਵੀ ਬਣਦਾ ਹੈ ਕਿ ਉਹ ਵੋਟਾਂ ਵਿੱਚ ਦੁਬਾਰਾ ਖੜੇ ਹੋਣ ਵਾਲੇ ਉਮੀਦਵਾਰਾਂ ਦਾ ਪਿਛਲਾ ਕੰਮ-ਕਾਰ ਅਤੇ ਚਰਿਤਰ ਜਰੂਰ ਵੇਖੇ।ਜੇਕਰ ਉਹ ਲੋਕਾਂ ਨਾਲ ਕੀਤੇ ਵਾਅਦਿਆਂ ‘ਤੇ ਖਰਾ ਨਾ ਉਤਰਿਆ ਹੋਵੇ, ਤਾਂ ਉਸ ਨੂੰ ਨਕਾਰ ਦੇਵੇ।ਆਪਣੀ ਜ਼ਮੀਰ ਨਾ ਵੇਚੇ ਬਲਕਿ ਸੰਵਿਧਾਨ ਅਤੇ ਲੋਕਤੰਤਰ ਦੀ ਰਾਖੀ ਲਈ ਵੋਟ ਦੀ ਸਹੀ ਵਰਤੋਂ ਕਰੇ।ਵੋਟ ਪਾਉਣ ਵੇਲੇ ਵੋਟਰਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਉਨ੍ਹਾਂ ਨੇ ਰਾਜਸੀ ਨੇਤਾਵਾਂ ਨੂੰ ਜੁਆਬਦੇਹ ਬਣਾਉਣਾ ਹੈ ਜਾਂ ਪਹਿਲਾਂ ਵਾਂਗ ਹੋਰ ਪੰਜ਼ ਸਾਲ ਲਈ ਉਨ੍ਹਾਂ ਨੂੰ ਲੁਟਣ ਦਾ ਮੌਕਾ ਦੇਣਾ ਹੈ।ਜੇਕਰ ਵੋਟਾਂ ਮੌਕੇ ਅਸੀਂ ਜਾਗਰੂਕ ਹੋ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਨਹੀਂ ਕਰਦੇ ਤਾਂ ਸਾਨੂੰ ਪਿਛੋਂ ਸਰਕਾਰਾਂ ਨੂੰ ਕੋਸਣ ਦਾ ਕੋਈ ਹੱਕ ਨਹੀਂ ਬਣਦਾ।
ਸੋ ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ ਅਤੇ ਆਪਣੇ ਅਤੇ ਆਪਣੇ ਦੇਸ਼ ਦੇ ਸੁਨਹਿਰੇ ਭਵਿੱਖ ਲਈ ਰਾਹ ਪੱਧਰਾ ਕਰੀਏ। 1902202201

ਚਾਨਣ ਦੀਪ ਸਿੰਘ ਔਲਖ
ਪਿੰਡ ਗੁਰਨੇ ਖੁਰਦ (ਮਾਨਸਾ)
ਮੋ : 9876888177
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media