Monday, December 23, 2024

ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਖੇਤਰੀ ਯੁਵਕ ਮੇਲੇ ਕਾਰਗਰ ਸਾਬਿਤ ਹੋਣਗੇ- ਅਮਨ ਅਰੋੜਾ

ਕੈਬਨਿਟ ਮੰਤਰੀ ਵਲੋਂ ਦਿ ਰੋਇਲ ਗਰੁੱਪ ਆਫ਼ ਕਾਲਜ ਵਲੋਂ ਵਿੱਦਿਆ ਦੇ ਪ੍ਰਚਾਰ ਤੇ ਪ੍ਰਸਾਰ ਦੇ ਉਪਰਾਲਿਆਂ ਦੀ ਸ਼ਲਾਘਾ

ਭੀਖੀ, 27 ਅਕਤੂਬਰ (ਕਮਲ ਜ਼ਿੰਦਲ) – ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਖੇਡ ਸੱਭਿਆਚਾਰ ਪੈਦਾ ਕਰਨ ਲਈ ਜਿੱਥੇ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕੀਤੀ ਗਈ, ਉਥੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਅਜਿਹੇ ਖੇਤਰੀ ਯੁਵਕ ਮੇਲੇ ਕਾਰਗਰ ਸਾਬਿਤ ਹੋਣਗੇ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਕਾਨ ਅਤੇ ਸ਼ਹਿਰੀ ਵਿਕਾਸ, ਨਵੇ ਅਤੇ ਨਵਿਆਉਣ ਯੋਗ ਊਰਜ਼ਾ ਸਰੋਤ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਅਮਨ ਅਰੋੜਾ ਨੇ ਦਿ ਰੋਇਲ ਗਰੁੱਪ ਆਫ਼ ਕਾਲਜ ਬੋੜਾਵਾਲ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਤਰੀ ਯੁਵਕ ਅਤੇ ਲੋਕ ਮੇਲੇ ਦੀ ਸ਼ੁਰੂਆਤ ਵੇਲੇ ਕੀਤਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੀ ਵਿਰਾਸਤ ਨੂੰ ਸਾਂਭਣ ਦਾ ਹਰ ਸੰਭਵ ਯਤਨ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਖੇਤਰੀ ਯੁਵਕ ਮੇਲੇ ਪੰਜਾਬ ਦੀ ਵੱਡੀ ਵਿਰਾਸਤ ਦਾ ਹਿੱਸਾ ਹਨ, ਜਿਨ੍ਹਾਂ ਨਾਲ ਸਾਡੀ ਨੌਜਵਾਨ ਪੀੜ੍ਹੀ ਆਪਣੇ ਹੁਨਰ ’ਚ ਹੋਰ ਨਿਖਾਰ ਲਿਆ ਕੇ ਸਾਡੇ ਵਿਰਸੇ ਨੂੰ ਸੰਭਾਲ ਸਕਦੀ ਹੈ।ਉਨ੍ਹਾਂ ਦਿ ਰੋਇਲ ਗਰੁੱਪ ਆਫ਼ ਕਾਲਜ ਵਲੋਂ 30 ਅਕਤੂਬਰ ਤੱਕ ਕਰਵਾਏ ਜਾ ਰਹੇ ਖੇਤਰੀ ਯੁਵਕ ਮੇਲੇ ਲਈ ਕਾਲਜ ਦੇ ਪ੍ਰਬੰਧਕਾਂ ਨੂੰ ਸੁਭਕਾਮਨਾਵਾਂ ਦਿੱਤੀਆਂ।ਉਨ੍ਹਾਂ ਕਾਲਜ ਸੰਸਥਾ ਵਲੋਂ ਵਿੱਦਿਆ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਜਿਥੇ ਸਿੱਖਿਆ ਦੇ ਮਿਆਰ ਨੂੰ ਹੋਰ ਬੁਲੰਦੀਆਂ ’ਤੇ ਲਿਜਾਉਣ ਲਈ ਯਤਨਸ਼ੀਲ ਹੈ, ਉਥੇ ਪੰਜਾਬੀਆਂ ਨੂੰ ਚੰਗੀਆਂ ਤੇ ਮਿਆਰੀ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ।ਊਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਘਟਾਉਣ ਲਈ ਰਾਜ ਸਰਕਾਰ ਵਿੱਦਿਅਕ ਯੋਗਤਾ ਦੇ ਆਧਾਰ ’ਤੇ ਨੌਕਰੀਆਂ ਮੁਹੱਈਆ ਕਰਵਾਉਣ ਲੲਂੀ ਸਿਰਤੋੜ ਯਤਨ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਅਮੀਰ ਵਿਰਸੇ ਭੰਗੜਾ, ਗਿੱਧੇ ਦੀ ਦੇਸ਼ਾਂ ਵਿਦੇਸ਼ਾਂ ਅੰਦਰ ਵਿਸ਼ੇਸ਼ ਮਹੱਤਤਾ ਹੈ, ਜਿਸਦੇ ਲਈ ਸਾਡੀ ਨੌਜਵਾਨ ਪੀੜ੍ਹੀ ਨੂੰ ਵਿੱਦਿਆ ਦੇ ਨਾਲ-ਨਾਲ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ ਦੀ ਲੋੜ ਹੈ।
ਇਸ ਤੋਂ ਪਹਿਲਾ ਖੇਤਰੀ ਯੁਵਕ ਮੇਲੇ ਦੀ ਸ਼ੁਰੂਆਤ ਕਰਵਾਉਣ ਲਈ ਦਿ ਰੋਇਲ ਗਰੁੱਪ ਆਫ਼ ਕਾਲਜ ਬੋੜਾਵਾਲ ਵਿਖੇ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਕਾਲਜ ਦੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਸਰਾਂ, ਏ.ਆਈ.ਜੀ ਰਾਜਿੰਦਰ ਸਿੰਘ ਸੋਹਲ, ਡਾ. ਸਰਬਜੀਤ ਕੌਰ ਸੋਹਲ ਸਮੇਤ ਹੋਰ ਕਾਲਜ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਐਸ.ਡੀ.ਐਮ ਮਾਨਸਾ ਹਰਜਿੰਦਰ ਸਿੰਘ ਜੱਸਲ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਘਵੀਰ ਸਿੰਘ ਮਾਨ ਤੋਂ ਇਲਾਵਾ ਹੋਰ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …