Monday, December 23, 2024

ਰੰਗ ਬਰੰਗੀਆਂ ਗੁਲਦਾਉਦੀਆਂ ਨਾਲ ਖਿੜ ਉਠਿਆ ਯੂੁੁਨੀਵਰਸਿਟੀ ਦਾ ਵਿਹੜਾ

ਤਿੰਨ ਰੋਜ਼ਾ ਭਾਈ ਵੀਰ ਸਿੰਘ ਫੁੱਲਾਂ ਅਤੇ ਪੌਦਿਆਂ ਦੇ ਮੇਲੇ ਦੇ ਦੂਜੇ ਦਿਨ ਲੋਕਾਂ ‘ਚ ਭਾਰੀ ਉਤਸ਼ਾਹ
ਅੰਮ੍ਰਿਤਸਰ, 15 ਦਸੰਬਰ (ਸੁਖਬੀਰ ਖੁਰਮਣੀਆਂ) – ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ, ਉੱਘੇ ਸਾਹਿਤਕਾਰ ਅਤੇ ਵਾਤਾਵਰਣ ਪ੍ਰੇਮੀ, ਭਾਈ ਵੀਰ ਸਿੰਘ ਦੇ 150 ਸਾਲਾ ਜਨਮਦਿਨ ਨੂੰ ਸਮਰਪਿਤ ਗੁਰੂ ਨਾਨਕ ਦੇਵ ਯੁੂਨੀਵਰਸਿਟੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਚੱਲ ਰਹੇ ਭਾਈ ਵੀਰ ਸਿੰਘ ਫੁੱਲਾਂ ਅਤੇ ਪੌਦਿਆਂ ਦੇ ਫੈਸਟੀਵਲ ਦੇ ਅੱਜ ਦੂਜੇ ਦਿਨ ਨਿੱਘੀ ਧੁੱਪ ਵਿਚ ਖਿੜੀਆਂ ਗੁਲਦਾਉਂਦੀਆਂ ਦੀਆਂ ਮਹਿਕਾਂ ਲੈਣ ਲਈ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਫੁੱਲਾਂ ਦੇ ਪ੍ਰੇਮੀ ਭਰਵੀਂ ਗਿਣਤੀ ਵਿਚ ਪੁੱਜੇ ਹੋਏ ਸਨ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਅੰਦਰ ਫੁੱਲਾਂ ਅਤੇ ਰੰਗਾਂ ਦੀਆਂ ਬਣਾਈਆਂ ਹੋਈਆਂ ਰੰਗੋਲੀਆਂ ਮਨ ਮੋਹ ਰਹੀਆਂ ਸਨ। ਇਸ ਮੌਕੇ ਵੱਡੀ ਗਿਣਤੀ ਵਿਚ ਪੁੱਜੇ ਕੁਦਰਤ ਪ੍ਰੇਮੀ ਬਾਗਾਬਨੀ ਸੰਦਾਂ, ਜੈਵਿਕ ਖੇਤੀ, ਘਰੇਲੂ ਖੇਤੀ, ਜੈਵਿਕ ਖਾਣ ਵਾਲੇ ਪਦਾਰਥਾਂ ਜਿਵੇਂ ਹਲਦੀ, ਗੁੜ, ਸ਼ੱਕਰ, ਕਾਸਮੈਟਿਕਸ, ਜੜੀਆਂ ਬੂਟੀਆਂ, ਫਲ, ਪਨੀਰੀਆਂ ਤੋਂ ਇਲਾਵਾ ਅਨੇਕਾਂ ਕਿਸਮਾਂ ਦੇ ਫੁੱਲਾਂ ਦੇ ਬੂੂਟਿਆਂ ਅਤੇ ਘਰ ਵਿਚ ਲੱਗਣ ਵਾਲੇ ਪੌਦਿਆਂ ਆਦਿ ਦੀ ਖਰੀਦੋ ਫਰੋਖਤ ਕਰ ਰਹੇ ਸਨ।
ਅੱਜ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਇਸ ਫੈਸਟੀਵਲ ਦਾ ਵਿਧੀਵਤ ਤਰੀਕੇ ਨਾਲ ਉਦਘਾਟਨ ਕੀਤਾ।ਭਾਈ ਵੀਰ ਸਿੰਘ ਫੁੱਲਾਂ ਤੇ ਪੌਦਿਆਂ ਦੇ ਮੇਲੇ ਦੇ ਇੰਚਾਰਜ ਗੁਰਵਿੰਦਰ ਸਿੰਘ, ਲੈਂਡਸਕੇਪ ਅਫਸਰ, ਡਾ. ਸੁਨੈਨਾ, ਸਹਾਇਕ ਪ੍ਰੋਫੈਸਰ, ਖੇਤੀਬਾੜੀ ਵਿਭਾਗ ਤੋਂ ਇਲਾਵਾ ਡਾ. ਜਸਵਿੰਦਰ ਸਿੰਘ ਬਿਲਗਾ, ਸਲਾਹਕਾਰ ਬਾਗਬਾਨੀ ਵਿਸ਼ੇਸ਼ ਤੌਰ `ਤੇ ਪੁੱਜੇ ਹੋਏ ਸਨ।ਯੂਨੀਵਰਸਿਟੀ ਦੇ ਵੱੱਖ ਵੱਖ ਵਿਭਾਗਾਂ ਦੇ ਅਧਿਆਪਕ ਸਾਹਿਬਾਨ, ਵਿਦਿਆਰਥੀ, ਗੈਰ ਅਧਿਆਪਨ ਅਮਲਾ ਅਤੇ ਸ਼ਹਿਰ ਦੀਆਂ ਹੋਰ ਪ੍ਰਮੁੱਖ ਹਸਤੀਆਂ ਇਸ ਮੌਕੇ ਮੌਜੂਦ ਸਨ।
ਵਿਦਿਆਰਥੀਆਂ ਅਤੇ ਪੱਤਰਕਾਰਾਂ ਨਾਲ ਗਲਬਾਤ ਸਾਂਝੀ ਕਰਦਿਆਂ ਪ੍ਰੋ. ਬਹਿਲ ਨੇ ਕਿਹਾ ਕਿ ਇਹ ਮੇਲਾ ਸਾਡੇ ਸਮਾਜ ਲਈ ਵਰਦਾਨ ਹੈ ਕਿਉਂਕਿ ਇਸ ਮੇਲੇ ਜ਼ਰੀਏ ਕੁਦਰਤ ਅਤੇ ਮਨੁੱਖ ਦੇ ਕੁਦਰਤ ਨਾਲ ਨੇੜਲੇ ਸਬੰਧਾਂ ਦੇ ਅਹਿਸਾਸ ਪੈਦਾ ਹੁੰਦੇ ਹਨ।ਉਨ੍ਹਾਂ ਕਿਹਾ ਕਿ ਅਜੋਕਾ ਦੌਰ ਤੇਜ਼ੀ ਦਾ ਦੌਰ ਹੈ ਅਤੇ ਹਰ ਕੋਈ ਕਿਸੇ ਨਾਲ ਕਿਸੇ ਦੌੜ ਵਿਚ ਸ਼ਾਮਿਲ ਹੈ ਅਤੇ ਨਵੀਂ ਪੀੜ੍ਹੀ ਮੋਬਾਈਲ ਅਤੇ ਹੋਰ ਸਾਧਨਾਂ ਤੇ ਮਸ਼ਰੂਫ ਹੈ ਜਿਸ ਨਾਲ ਅਜੀਬ ਕਿਸਮ ਦੀ ਆਪਸੀ ਦੂਰੀ ਪੈਦਾ ਹੋ ਰਹੀ ਹੈ।ਇਸ ਸਥਿਤੀ ਵਿਚ ਉਨਾਂ੍ਹ ਕਿਹਾ ਕਿ ਕੁਦਰਤ ਨਾਲ ਸਾਡਾ ਮਿਲਾਪ ਜ਼ਿੰਦਗੀ ਨੂੰ ਖੁਸ਼ਗਵਾਰ ਅਤੇ ਰਸਮਈ ਬਣਾ ਦਿੰਦਾ ਹੈ।ਉਨ੍ਹਾਂ ਕਿਹਾ ਕਿ ਪ੍ਰਬੰਧਕ ਇਸ ਗੱਲ ਲਈ ਵਧਾਈ ਦੇ ਪਾਤਰ ਵੀ ਹਨ ਉਨ੍ਹਾਂ ਇਸ ਮੇਲੇ ਦਾ ਨਾਂ ਉਸ ਮਹਾਨ ਸਖਸ਼ੀਅਤ ਭਾਈ ਵੀਰ ਸਿੰਘ ਦੇ ਨਾਂ ਉਪਰ ਰੱਖਿਆ ਹੈ ਜੋ ਕੁਦਰਤ ਨਾਲ ਵਿਚਰਣ ਦੇ ਅਹਿਸਾਸ ਨਾਲ ਲਬਰੇਜ਼ ਹਸਤੀ ਹੈ। ਉਨ੍ਹਾਂ ਕਿਹਾ ਕਿ ਭਾਈ ਵੀਰ ਸਿੰਘ ਜੀ ਦੀਆਂ ਕਵਿਤਾਵਾਂ ਵਿਚ ਵੀ ਕੁਦਰਤੀ ਨਜ਼ਾਰੇ ਅਤੇ ਕੁਦਰਤ ਦਾ ਫੈਲਾਅ ਅਧਿਕ ਮਾਤਰਾ ਵਿਚ ਵਿਦਮਾਨ ਹੈ। ਗੁਲਦਾਉਂਦੀਆਂ ਆਈਆਂ ਅਤੇ ਬਨਫਸ਼ੇ ਦੇ ਫੁੱਲ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਕੁਦਰਤ ਨੂੰ ਅੰਦਰ ਵਸਾਉਣ ਅਤੇ ਨੇੜਿਓ ਤਕ ਲਈ ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ।ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੇ ਯੂਨੀਵਰਸਿਟੀ ਵਿਖੇ ਵਾਈਸ ਚਾਂਸਲਰ ਵਜੋਂ ਆਉਣ ਤੋਂ ਬਾਅਦ ਤੋਂ ਹੀ ਇਹ ਮੇਲਾ ਸ਼ੁਰੂ ਹੋਇਆ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਤੋਂ ਪ੍ਰੇਰਨਾ ਲੈਂਦੇ ਹੋਏ ਵਾਤਾਵਰਣ ਪ੍ਰਤੀ ਵਧੇਰੇ ਗੰਭੀਰ ਹੋਣ ਦੀ ਲੋੜ ਹੈ।
ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਫੈਸਟੀਵਲ ਵਿਚ ਵੱਖ-ਵੱਖ ਅਦਾਰਿਆਂ ਅਤੇ ਵਿਅਕਤੀਗਤ ਤੌਰ `ਤੇ ਭਾਗ ਲਿਆ ਗਿਆ ਹੈ ਤੇ ਬਾਗਬਾਨੀ ਦੇ ਮਾਹਿਰਾ ਵੱਲੋਂ ਫੁੱਲਾਂ, ਬੂਟਿਆਂ ਅਤੇ ਰੰਗੋਲੀ ਦਾ ਬਰੀਕੀ ਨਾਲ ਅਧਿਐਨ ਕਰਕੇ ਆਪਣੀ ਜਜਮੈਂਟ ਦਿੱਤੀ ਜਾਵੇਗੀ ਅਤੇ ਇਸ ਸਬੰਧੀ ਨਤੀਜਿਆਂ ਦਾ ਐਲ਼ਾਨ ਕਰਨ ਉਪਰੰਤ ਇਨਾਮ ਵੰਡ ਸਮਾਰੋਹ ਹੋਵੇਗਾ ਜਿਸ ਵਿਚ ਜੇਤੂਆਂ ਅਤੇ ਭਾਗ ਲੈਣ ਵਾਲਿਆਂ ਨੂੰ ਇਨਾਮ ਦਿੱਤੇ ਜਾਣਗੇ।

 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …