Monday, September 14, 2026

ਖ਼ਾਲਸਾ ਕਾਲਜ ਵੈਟਰਨਰੀ ਨੇ ਬਚਾਈ ਖ਼ੂਨ ਦੀ ਕਮੀ ਨਾਲ ਜੂਝ ਰਹੇ 2 ਮਹੀਨੇ ਦੇ ਵੱਛੇ ਦੀ ਜਾਨ

ਅੰਮ੍ਰਿਤਸਰ, 20 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਖੂਨ ਦੀ ਕਮੀ ਨਾਲ ਜੂਝ ਰਹੇ 2 ਮਹੀਨੇ ਦੇ ਵੱਛੇ ਦੀ ਖ਼ੂਨ ਚੜ੍ਹਾ ਕੇ ਜਾਨ ਬਚਾਈ ਗਈ।ਇਸ ਸਬੰਧੀ ਕਾਲਜ ਪਿ੍ਰੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਛੇ ਦੀ ਹਾਲਤ ਬਹੁਤ ਹੀ ਗੰਭੀਰ ਸੀ ਅਤੇ ਉਹ ਖ਼ਤਰਨਾਕ ਅਨੀਮੀਆ (2.98%) ਬਿਮਾਰੀ ਨਾਲ ਜੂਝ ਰਿਹਾ ਸੀ।ਜਿਸ ਨੂੰ ਮਾਹਿਰ ਡਾ. ਪਵਨ ਮਲਹੋਤਰਾ ਦੀ ਟੀਮ ਦੁਆਰਾ ਬੜ੍ਹੀ ਜਦੋਂ ਜਹਿਦ ਉਪਰੰਤ ਬਚਾਅ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਵੱਛੇ ਨੂੰ ਥੀਲੇਰੀਆ ਅਤੇ ਐਨਾਪਲਾਸਮੋਸਿਸ ਦੀ ਹੀਮੋਪ੍ਰੋਟੋਜੋਆਨ ਬਿਮਾਰੀ ਦੇ ਸੰਕ੍ਰਮਣ ਨੇ ਬੁਰੀ ਤਰ੍ਹਾਂ ਨਾਲ ਜਕੜ੍ਹ ਕਰ ਲਿਆ ਸੀ, ਜੋ ਕਿ ਗਰਮੀਆਂ ਦੇ ਮਹੀਨਿਆਂ ਦੌਰਾਨ ਪਸ਼ੂਆਂ ’ਚ ਬਹੁਤ ਆਮ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਕਾਲਜ ਦੇ ਪਸ਼ੂ ਧਨ ਫਾਰਮ ਕੰਪਲੈਕਸ ਦੇ ਇਸ ਵੱਛੇ ਨੂੰ ਡਾ. ਮਲਹੋਤਰਾ ਦੀ ਅਗਵਾਈ ਹੇਠ ਟੀਮ ਨੇ ਖੂਨ ਚੜ੍ਹਾਉਣ ਤੋਂ ਬਾਅਦ ਬਚਾਅ ਲਿਆ ਹੈ ਅਤੇ ਹੁਣ ਉਹ 7.00% ਤੋਂ ਵੀ ਵੱਧ ਹੀਮੋਗਲੋਬਿਨ ਨਾਲ ਤੇਜ਼ੀ ਨਾਲ ਠੀਕ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਵੱਛਿਆਂ ਦੀ ਜਾਨ ਬਚਾਉਣ ਲਈ ਇਹ ਇੱਕ ਵੱਡੀ ਸਫਲਤਾ ਹੈ, ਕਿਉਂਕਿ ਇਹ ਡੇਅਰੀ ਉਦਯੋਗ ਦਾ ਭਵਿੱਖ ਹਨ।ਉਨ੍ਹਾਂ ਕਿਹਾ ਕਿ ਕਾਲਜ ਦੇ ਐਲ.ਐਫ਼.ਸੀ ਵਿਭਾਗ ਵਿਖੇ ਚੰਗੀ ਮਾਤਰਾ ’ਚ ਵੱਛੇ, ਸੂਰ, ਭੇਡ, ਬੱਕਰੀ ਆਦਿ ਮੌਜ਼ੂਦ ਹਨ, ਜਿਨ੍ਹਾਂ ਨੂੰ ਉਭਰਦੇ ਪਸ਼ੂਆਂ ਦੇ ਡਾਕਟਰਾਂ ਨੂੰ ਸਿਖਲਾਈ ਦੇਣ ਲਈ ਪਾਲਿਆ ਜਾਂਦਾ ਹੈ, ਜੋ ਕਿ ਵੈਟਰਨਰੀ ਅਫ਼ਸਰਾਂ ਵਜੋਂ ਆਪਣਾ ਉਜਵਲ ਭਵਿੱਖ ਬਣਾ ਰਹੇ ਹਨ।
ਡਾ. ਵਰਮਾ ਨੇ ਕਿਹਾ ਕਿ ਕਾਲਜ ਵਿਖੇ ਪਾਲਤੂ ਅਤੇ ਵੱਡੇ ਜਾਨਵਰਾਂ ਦੇ ਪ੍ਰਜਨਨ ਅਤੇ ਹੋਰ ਰੋਗ ਸਬੰਧੀ ਸਥਿਤੀਆਂ ਦਾ ਨਿਦਾਨ ਕਰਨ ਲਈ ਅਲਟਰਾਸਾਊਂਡ ਦੀ ਵਰਤੋਂ ਸਬੰਧੀ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਸਿਖਲਾਈ ਸਰਜਰੀ ਵਿਭਾਗ ਅਤੇ ਗਾਇਨੀਕੋਲੋਜੀ ਵਿਭਾਗ ਦੁਆਰਾ ਸਾਂਝੇ ਤੌਰ ’ਤੇ ਵੈਟਰਨਰੀ ਕਲੀਨਿਕਲ ਕੰਪਲੈਕਸ ਵਿਖੇ ਡਾ. ਵੀ.ਕੇ ਗੰਡੋਤਰਾ, ਡਾ. ਜੀ.ਧੰਨਣ ਜਯਾ ਰਾਓ ਅਤੇ ਡਾ. ਪੀ.ਐਸ ਮਾਵੀ, ਡਾਇਰੈਕਟਰ ਵੀ.ਸੀ.ਸੀ ਫ਼ੋਰ ਫੀਲਡ ਪ੍ਰੈਕਟਿਸਿੰਗ ਵੈਟਰਨਰੀਅਨ ਦੀ ਅਗਵਾਈ ਹੇਠ ਕਰਵਾਈ ਗਈ।
ਇਸ ਡਾ. ਵਰਮਾ ਨੇ ਖੂਨ ਚੜ੍ਹਾਉਣ ਅਤੇ ਅਲਟਰਾਸਾਊਂਡ ਟੀਮ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸਾਨਾਂ ਅਤੇ ਪਾਲਤੂ ਜਾਨਵਰਾਂ ਦੇ ਮਾਲਕ ਨੂੰ ਜ਼ਿਲ੍ਹੇ ਦੇ ਇਸ 24 ਘੰਟੇ ਚੱਲ ਰਹੇ ਵੈਟਰਨਰੀ ਹਸਪਤਾਲ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ ਅਤੇ ਉਹ ਕਿਸੇ ਵੀ ਕਿਸਮ ਦੇ ਪਸ਼ੂਆਂ ਦੇ ਇਲਾਜ ਸਬੰਧੀ 62834-29117 ’ਤੇ ਸੰਪਰਕ ਕਰ ਸਕਦੇ ਹਨ ਜਾਂ ਡੇਅਰੀ ਪੋਲਟਰੀ, ਸੂਰ ਪਾਲਣ, ਬੱਕਰੀ ਪਾਲਣ ਅਤੇ ਪਸ਼ੂਧਨ ਉਤਪਾਦਾਂ ਦੇ ਮੁੱਲ ਵਾਧਾ ਆਦਿ ਸਿਖਲਾਈ ਬਾਰੇ ਆਪਣਾ ਨਾਮ ਦਰਜ਼ ਕਰਵਾ ਸਕਦੇ ਹਨ।

 

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …