Friday, November 22, 2024

ਤੁੰਗ ਢਾਬ ਡਰੇਨ ਦਾ ਮੁਕੰਮਲ ਪ੍ਰੋਜੈਕਟ 30 ਸਤੰਬਰ ਤੱਕ ਸਰਕਾਰ ਨੂੰ ਪ੍ਰਵਾਨਗੀ ਲਈ ਭੇਜਿਆ ਜਾਵੇ- ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 6 ਸਤੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਬਾਈਪਾਸ ਨਾਲ ਲੱਗਦੀ ਤੁੰਗ ਢਾਬ ਡਰੇਨ, ਜੋ ਕਿ ਲੰਮੇ ਸਮੇਂ ਤੋਂ ਸ਼ਹਿਰ ਵਾਸੀਆਂ ਨੂੰ ਬਿਮਾਰੀਆਂ ਵੰਡ ਰਹੀ ਹੈ ਅਤੇ ਸ਼ਹਿਰ ਦਾ ਚੌਗਿਰਦਾ ਖਰਾਬ ਕਰ ਰਹੀ ਹੈ, ਦੀ ਮੁਕੰਮਲ ਕਾਇਆ ਕਲਪ ਕਰਨ ਲਈ 30 ਸਤੰਬਰ ਤੱਕ ਪ੍ਰਾਜੈਕਟ ਸਰਕਾਰ ਨੂੰ ਭੇਜ ਦਿੱਤਾ ਜਾਵੇ।ਇਹ ਹਦਾਇਤ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਇਸ ਵੇਲੇ ਗੰਦੇ ਨਾਲੇ ਦਾ ਰੂਪ ਧਾਰ ਚੁੱਕੀ ਡਰੇਨ ਨੂੰ ਸਾਫ ਕਰਨ ਲਈ ਬੁਲਾਈ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕੀਤਾ। ਉਨਾਂ ਸੀਵਰੇਜ਼ ਵਿਭਾਗ ਵੱਲੋਂ ਵਿਉਂਤੀ ਗਈ ਡਰਾਇੰਗ, ਜਿਸ ਵਿਚ ਡਰੇਨ ਨੂੰ ਪੱਕਾ ਕਰਨ ਦੇ ਨਾਲ-ਨਾਲ ਇਸ ਦੇ ਦੋਵੇਂ ਪਾਸੇ ਸੀਵਰੇਜ਼ ਲਾਈਨ ਪਾਉਣ ਦਾ ਕੰਮ ਸ਼ਾਮਲ ਹੈ, ਨੂੰ ਵੇਖਦੇ ਹੋਏ ਕਿਹਾ ਕਿ ਇਸ ਨਾਲ ਲੱਗਦੀਆਂ ਕਾਲੋਨੀਆਂ ਤੇ ਸਨਅਤਾਂ ਦਾ ਪਾਣੀ ਸੀਵਰੇਜ ਟਰੀਟਮੈਂਟ ਪਲਾਂਟ ਤੱਕ ਪੁੱਜਦਾ ਕਰਨ ਲਈ ਹੋ ਸਕੇ ਤਾਂ ਵੱਖ-ਵੱਖ ਪਾਈਪ ਲਾਈਨ ਪਾਈਆਂ ਜਾਣ, ਤਾਂ ਜੋ ਉਕਤ ਗੰਦੇ ਪਾਣੀ ਨੂੰ ਟਰੀਟ ਕਰਨਾ ਅਸਾਨ ਰਹੇ।ਵਿਭਾਗ ਨੇ ਅੱਜ ਦੀ ਤਜਵੀਜ਼ ਵਿੱਚ ਵਿਸ਼ਾ ਮਾਹਿਰਾਂ ਦੀ ਸਲਾਹ ਨਾਲ ਕਰੀਬ 10.81 „ਕਿਲੋਮੀਟਰ ਲੰਮੀ ਇਸ ਡਰੇਨ ਦੇ ਦੋਵੇਂ ਪਾਸੇ ਗਰੀਨ ਬੈਲਟ, ਪਾਰਕਿੰਗ, ਸਾਈਕਲ ਟਰੈਕ, ਸੈਰ ਲਈ ਚੌੜੀ ਪਟੜੀ ਉਲੀਕੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਨਾਲ ਲੱਗਦੀਆਂ 107 ਡੇਅਰੀਆਂ ਦੇ ਗੋਹੇ ਨੂੰ ਨਾਲੇ ਜਾਂ ਸੀਵਰੇਜ ਵਿੱਚ ਨਾ ਪਾ ਕੇ ਕੰਪਰੈਸਡ ਬਾਇਓ ਗੈਸ ਤਿਆਰ ਕਰਨ ਵਾਲੀ ਕੰਪਨੀ, ਜੋ ਕਿ ਸ਼ਹਿਰ ਦੇ ਬਾਹਰਵਾਰ ਆਪਣਾ ਪਲਾਂਟ ਬਣਾਵੇਗੀ, ਨੂੰ ਦਿੱਤਾ ਜਾਵੇਗਾ ਤਾਂ ਜੋ ਇਸ ਡਰੇਨ ਵਿਚ ਡੇਅਰੀਆਂ ਦਾ ਗੋਹਾ ਪੈਣ ਤੋਂ ਰੋਕਿਆ ਜਾ ਸਕੇ।ਇਸ ਤੋਂ ਇਲਾਵਾ ਸਨਅਤਾਂ ਵਿੱਚ ਪਾਣੀ ਸਾਫ ਕਰਨ ਵਾਲੇ ਪਲਾਂਟ ਲਗਾਏ ਜਾਣ ਅਤੇ ਉਨਾਂ ਨੂੰ ਹਰ ਹਾਲ ਚਾਲੂ ਕਰਵਾ ਕੇ ਇਹ ਪਾਣੀ ਸੀਵਰੇਜ਼ ਜ਼ਰੀਏ ਕਾਰਪੋਰੇਸ਼ਨ ਦੇ ਸੀਵਰੇਜ਼ ਟਰੀਟਮੈਂਟ ਪਲਾਂਟ ਤੱਕ ਭੇਜਿਆ ਜਾਵੇਗਾ।ਉਨਾਂ ਇਸ ਪ੍ਰਾਜੈਕਟ ਨੂੰ ਸਰਕਾਰ ਨੁੰ ਭੇਜਣ ਤੋਂ ਪਹਿਲਾਂ ਵਿਸ਼ਾ ਮਾਹਿਰਾਂ ਨਾਲ ਬੈਠ ਕੇ ਇਸ ਡਰਾਇੰਗ ਨੂੰ ਡੂੰਘਾਈ ਨਾਲ ਘੋਖਣ ਦੀ ਹਦਾਇਤ ਕਰਦੇ ਕਿਹਾ ਕਿ 30 ਸਤੰਬਰ ਤੱਕ ਇਸ ਪ੍ਰਾਜੈਕਟ ਨੂੰ ਫਾਈਨਲ ਕੀਤਾ ਜਾਵੇ ਤਾਂ ਜੋ ਸਰਕਾਰ ਨੂੰ ਭੇਜ ਕੇ ਛੇਤੀ ਇਸ ਦਾ ਕੰਮ ਸ਼ੁਰੂ ਕੀਤਾ ਜਾ ਸਕੇ।
ਇਸ ਮੌਕੇ ਕਮਿਸ਼ਨਰ ਰਾਹੁਲ, ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ, ਐਸ.ਡੀ.ਐਮ ਮਨਕੰਵਲ ਸਿੰਘ ਚਾਹਲ, ਐਸ.ਡੀ.ਐਮ ਵਰੁਣ, ਐਕਸੀਅਨ ਅੰਮ੍ਰਿਤਪਾਲ ਸਿੰਘ, ਐਸ.ਡੀ.ਓ ਗੁਰਮੀਤ ਸਿੰਘ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …