ਸੰਗਰੂਰ, 28 ਅਕਤੂਬਰ (ਜਗਸੀਰ ਲੌਂਗੋਵਾਲ) – ਆਲ ਇੰਡੀਆ ਕਸ਼ੱਤਰੀਆ (ਟਾਂਕ) ਪ੍ਰਤੀਨਿਧੀ ਸਭਾ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਜੱਸਲ ਦਮਦਮੀ ਦੀ ਪ੍ਰਧਾਨਗੀ ਹੇਠ ਪ੍ਰਬੰਧਕ ਕਮੇਟੀ ਸੰਤ ਨਾਮਦੇਵ ਭਵਨ ਚੰਡੀਗੜ੍ਹ ਵਲੋਂ ਇਕਾਈ ਪ੍ਰਧਾਨ ਓਮ ਪ੍ਰਕਾਸ਼ ਗਰਚਾ ਅਤੇ ਪ੍ਰਬੰਧਕ ਕਮੇਟੀ ਮੈਂਬਰਾਂ ਦੀ ਨਿਗਰਾਨੀ ਹੇਠ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਉਤਰਾਖੰਡ ਅਤੇ ਦਿੱਲੀ ਤੋਂ ਇਲਾਵਾ ਸੂਬੇ ਦੇ ਵੱਖ ਵੱਖ ਜਿਲ੍ਹਿਆਂ ਦੀਆਂ ਇਕਾਈਆਂ ਦੇ ਸਹਿਯੋਗ ਨਾਲ ਭਗਤੀ ਲਹਿਰ ਦੇ ਸ਼਼੍ਰੋਮਣੀ ਭਗਤ ਬ੍ਰਹਮ ਗਿਆਨੀ ਬਾਬਾ ਨਾਮਦੇਵ ਜੀ ਦਾ 753ਵਾਂ ਪ੍ਰਕਾਸ਼ ਪੁਰਬ ਸ਼ਰਧਾਲੂ ਸੰਗਤਾਂ ਵਲੋਂ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਰਾਗੀ ਸਿੰਘਾਂ ਵਲੋਂ ਕਥਾ ਕੀਰਤਨ ਕੀਤਾ ਗਿਆ। ਸਮਾਗਮ ਦੌਰਾਨ ਸ਼਼੍ਰੋਮਣੀ ਅਕਾਲੀ ਦਲ (ਸ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ, ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ, ਮਹਿਲਾ ਭਾਜਪਾ ਦੀ ਸੂਬਾ ਪ੍ਰਧਾਨ ਬੀਬੀ ਜੈਇੰਦਰ ਕੌਰ, ਭਾਜਪਾ ਆਗੂ ਜਤਿੰਦਰ ਮਲਹੋਤਰਾ ਨੇ ਸੰਬੋਧਨ ਕਰਦਿਆਂ ਭਗਤ ਨਾਮਦੇਵ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣ ਦੀ ਪ੍ਰੇਰਨਾ ਦਿੱਤੀ ਗਈ।ਸਭਾ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਜੱਸਲ ਦਮਦਮੀ ਨੇ ਸੰਗਤਾਂ ਨੂੰ ‘ਜੀ ਆਇਆਂ’ ਕਿਹਾ।ਉਨ੍ਹਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਗਤ ਨਾਮਦੇਵ ਜੀ ਨੇ ਇੱਕ ਕਿਰਤੀ ਪਰਿਵਾਰ ਵਿੱਚ ਜਨਮ ਲੈ ਕੇ ਜਿਥੇ ਪਿਤਾ ਪੁਰਖੀ ਕਿੱਤੇ ਕੱਪੜੇ ਰੰਗਣ ਦੇ ਕੰਮ ਨੂੰ ਮਨ ਲਾ ਕੇ ਕੀਤਾ, ਉਥੇ ਬਚਪਨ ਤੋਂ ਹੀ ਪ੍ਰਭੂ ਭਗਤੀ ਵਿੱਚ ਲੀਨ ਰਹੇ।ਭਗਤ ਜੀ ਦੀ ਇਸ ਮਹਾਨ ਮਾਨਵਵਾਦੀ ਸੋਚ ਕਾਰਨ ਹੀ ਉਨ੍ਹਾਂ ਦੁਆਰਾ ਰਚੇ ਇਕਾਹਠ ਸ਼ਬਦ ਸਾਹਿਬ ਪਵਿੱਤਰ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹਨ।ਭਾਵੇਂ ਭਗਤ ਨਾਮਦੇਵ ਜੀ ਦਾ ਜਨਮ ਮਹਾਰਾਸ਼ਟਰ ਵਿੱਚ ਹੋਇਆ, ਪਰੰਤੂ ਉਨ੍ਹਾਂ ਨੇ ਆਪਣੇ ਵਿਚਾਰਾਂ ਦਾ ਪ੍ਰਚਾਰ ਅਤੇ ਪ੍ਰਸਾਰ ਥਾਂ ਥਾਂ `ਤੇ ਘੁੰਮ ਕੇ ਲੋਕਾਂ ਵਿੱਚ ਜਾ ਕੇ ਕੀਤਾ।ਡਾਕਟਰ ਇਕਬਾਲ ਸਿੰਘ ਸਕਰੌਦੀ ਨੇ ਕਿਹਾ ਕਿ ਭਗਤ ਨਾਮਦੇਵ ਜੀ ਭਗਤੀ ਲਹਿਰ ਵਿੱਚ ਸ਼਼੍ਰੋਮਣੀ ਭਗਤ ਦਾ ਦਰਜ਼ਾ ਰੱਖਦੇ ਸਨ।ਸਰਬੱਤ ਦਾ ਭਲਾ ਮੰਗਦੇ ਹੋਏ ਉਹ 1330 ਈਸਵੀ ‘ਚ ਪਿੰਡ ਘੁਮਾਣ ਜਿਲ੍ਹਾ ਗੁਰਦਾਸਪੁਰ ਪੰਜਾਬ ਪਹੁੰਚੇ।ਜਿਥੇ ਲਗਪਗ 18 ਸਾਲ ਉਹ ਲੋਕਾਈ ਨੂੰ ਮਾਨਵਵਾਦੀ ਵਿਚਾਰਧਾਰਾ ਨਾਲ ਜੋੜਦੇ ਰਹੇ।ਇਥੇ ਹੀ 1350 ਈਸਵੀ ਵਿੱਚ ਉਹ ਮਨੁੱਖੀ ਜਾਮਾ ਤਿਆਗ ਕੇ ਉਸ ਪਰਮ ਪਿਤਾ ਪਰਮਾਤਮਾ ਵਿੱਚ ਲੀਨ ਹੋ ਗਏ।
ਪ੍ਰੰਬਧਕ ਕਮੇਟੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਭਗਤ ਨਾਮਦੇਵ ਜੀ ਦੇ ਜਨਮ ਦਿਨ 26 ਅਕਤੂਬਰ ਵਾਲੇ ਦਿਨ ਸਾਰੇ ਸਰਕਾਰੀ, ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਕਾਲਜਾਂ ਵਿੱਚ ਭਗਤ ਜੀ ਦੇ ਸ਼ਬਦਾਂ ਤੇ ਸਿੱਖਿਆਵਾਂ ਨੂੰ ਦਰਸਾਉਂਦੇ ਪੇਂਟਿੰਗ਼ ਅਤੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਜਾਣ ਅਤੇ ਭਗਤ ਜੀ ਦੀ ਬਾਣੀ ਨੂੰ ਸਕੂਲ਼ੀ ਸਿਲੇਬਸ ਵਿੱਚ ਲਾਗੂ ਕਰਵਾਇਆ ਜਾਵੇ।ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਵਿੱਚ ਭਗਤ ਨਾਮਦੇਵ ਜੀ ਦੀ ਪਿਛਲੇ ਸਮੇਂ ਦੌਰਾਨ ਸਥਾਪਿਤ, ਪਰ ਫੰਡਾਂ ਦੀ ਘਾਟ ਕਾਰਨ ਹੁਣ ਬੰਦ ਪਈ ਹੈ, ਚੇਅਰ ਨੂੰ ਮੁੜ ਚਾਲੂ ਕੀਤਾ ਜਾਵੇ।
ਇਕਾਈ ਦੇ ਜਨਰਲ ਸਕੱਤਰ ਨਰੇਸ਼ ਮਰਜਾਰਾ ਨੇ ਮੰਚ ਸੰਚਾਲਨ ਦੌਰਾਨ ਸਰਪ੍ਰਸਤ ਨਿਰੰਜਨ ਸਿੰਘ ਰੱਖੜਾ ਮੁਕਤਸਰ, ਭਾਜਪਾ ਆਗੂ ਜਗਦੇਵ ਸਿੰਘ ਕੈਂਥ ਸਮਾਣਾ, ਜਨਰਲ ਸਕੱਤਰ ਮੇਜਰ ਸਿੰਘ ਸਿੱਧੂ ਬਠਿੰਡਾ, ਵਿੱਤ ਸਕੱਤਰ ਮਲਕੀਤ ਸਿੰਘ ਸਾਗੂ ਸੰਗਰੂਰ, ਜਸਵਿੰਦਰ ਸਿੰਘ ਕੈਂਥ, ਐਡਵੋਕੇਟ ਗੁਲਵੰਤ ਸਿੰਘ ਸਾਥੀ ਚੰਡੀਗੜ੍ਹ, ਕੇਵਲ ਸਿੰਘ ਵੀਨਸ ਬਰਨਾਲਾ, ਕੌਰ ਸਿੰਘ ਉਪਲੀ, ਕੁਲਦੀਪ ਸਿੰਘ ਬਾਗੀ, ਬਲਵਿੰਦਰ ਸਿੰਘ ਚੌਹਾਨ, ਯਾਦਵਿੰਦਰ ਸਿੰਘ ਮੁਕਤਸਰ, ਡਾਕਟਰ ਜਸਵੀਰ ਸਿੰਘ ਮਾਨਸਾ, ਨਿੱਕੂ ਖੁਖਰਾਣਾ, ਗੁਰਪਾਲ ਸਿੰਘ ਧੂਰੀ, ਲਾਲ ਸਿੰਘ ਸੁਨਾਮ, ਮੰਗੀ ਲਾਲ ਚੰਡੀਗੜ੍ਹ, ਕੁਲਦੀਪ ਸਿੰਘ ਭੱਟ, ਗੁਰਦੇਵ ਸਿੰਘ ਗੋਬਿੰਦਗੜ੍ਹ ਮੰਡੀ, ਗੁਰਮੀਤ ਸਿੰਘ ਰਵਿੰਦਰ ਪਾਲ ਸਿੰਘ ਮੋਹਾਲੀ ਗੋਵਿੰਦਰ ਸਿੰਘ ਸੰਗਰੂਰ, ਭਰਪੂਰ ਸਿੰਘ ਮਾਨਸਾ, ਗੁਰਪ੍ਰੀਤ ਸਿੰਘ ਰਿੰਕਾ, ਗੁਰਜੰਟ ਸਿੰਘ ਤੋਕੀ, ਦੀਦਾਰ ਸਿੰਘ ਮਾਨਸਾ, ਲਾਭ ਸਿੰਘ ਸਮਾਣਾ ਸਮੇਤ ਵੱਡੀ ਗਿਣਤੀ ‘ਚ ਵੱਖ ਵੱਖ ਇਕਾਈਆਂ ਦੇ ਨੁਮਾਇੰਦਿਆਂ ਵਲੋਂ ਸਮਾਗਮ ਨੂੰ ਸਫ਼ਲ ਬਣਾਉਣ ਲਈ ਭਰਪੂਰ ਸਹਿਯੋਗ ਦਿੱਤਾ ਗਿਆ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …