Tuesday, July 29, 2025
Breaking News

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੰਮ੍ਰਿਤਸਰ ਰਾਸ਼ਟਰੀ ਝੰਡਾ ਲਹਿਰਾਇਆ

ਕਿਹਾ, ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ

ਅੰਮ੍ਰਿਤਸਰ, 26 ਜਨਵਰੀ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਅਮਨ ਅਰੋੜਾ ਨੇ 75ਵੇਂ ਗਣਤੰਤਰ ਦਿਵਸ ‘ਤੇ ਅੰਮ੍ਰਿਤਸਰ ‘ਚ ਰਾਸ਼ਠਰੀ ਝੰਡਾ ਲਹਿਰਾਇਆ ਅਤੇ ਮਾਰਚ ਪਾਸਟ ਦੀ ਸਲਾਮੀ ਲਈ।ਆਪਣੇ ਸੰਬੋਧਨ ‘ਚ ਉਨਾਂ ਕਿਹਾ ਕਿ ਦੇਸ਼-ਵਿਦੇਸ਼ ਵਿੱਚ ਵਸਦੇ ਸਾਰੇ ਭਾਰਤੀਆਂ ਖ਼ਾਸ ਤੌਰ ’ਤੇ ਪੰਜਾਬੀਆਂ ਨੂੰ ਤਹਿ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਮੈਂ ਦੇਸ਼ ਦੀਆਂ ਤਿੰਨੋਂ ਸੈਨਾਵਾਂ ਅਤੇ ਹਥਿਆਰਬੰਦ ਬਲਾਂ ਦੇ ਬਹਾਦਰ ਸੂਰਬੀਰਾਂ ਨੂੰ ਸਲਾਮ ਕਰਦਾ ਹਾਂ, ਜੋ ਸਾਡੇ ਦੇਸ਼ ਦੀ ਪ੍ਰਭੁਸੱਤਾ ਅਤੇ ਅਖੰਡਤਾ ਦੀ ਰਾਖੀ ਕਰ ਰਹੇ ਹਨ।ਉਨਾਂ ਵਿਸ਼ੇਸ਼ ਤੌਰ ਤੇ ਸ਼ਹੀਦ ਉਧਮ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਦੇ ਆਜ਼ਾਦੀ ਘੁਲਾਟੀਆਂ ਵਲੋਂ ਪਾਏ ਯੋਗਦਾਨ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਵੱਡਮੁੱਲੇ ਯੋਗਦਾਨ ਨੂੰ ਸਿਜ਼ਦਾ ਕੀਤਾ।
ਉਨਾਂ ਕਿਹਾ ਕਿ ਇਨਾਂ ਦੀ ਘਾਲਣਾ ਸਦਕਾ ਹੀ ਭਾਰਤੀ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆਂ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੋਇਆ।
ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਡੀ ਸਰਕਾਰ ਸ਼ਹੀਦਾਂ ਨੂੰ ਪ੍ਰਣਾਈ ਹੋਈ ਹੈ।ਮੌਜ਼ੂਦਾ ਸਰਕਾਰ ਵਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਦੀ ਪਵਿੱਤਰ ਧਰਤੀ ਤੋਂ ਸਹੁੰ ਚੁੱਕਣ ਨਾਲ ਹੀ ਸੂਬੇ ਦੀ ਭਲਾਈ ਲਈ ਕਾਰਜ਼ਾਂ ਦੀ ਸ਼ੁਰੂਆਤ ਕੀਤੀ।ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ 22 ਮਹੀਨੇ ਦੇ ਕਾਰਜਕਾਲ ਦੌਰਾਨ ਅਨੇਕਾਂ ਲੋਕ-ਪੱਖੀ ਪਹਿਲਕਦਮੀਆਂ ਕੀਤੀਆਂ ਹਨ।ਸਾਡੀ ਸਰਕਾਰ ਫ਼ੌਜੀ ਜਵਾਨਾਂ, ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਫ਼ੌਜੀਆਂ ਦੀ ਭਲਾਈ ਲਈ ਦ੍ਰਿੜ੍ਹ ਹੈ ਅਤੇ ਸਰਕਾਰ ਨੇ ਸ਼ਹੀਦ ਜਵਾਨਾਂ ਦੇ ਵਾਰਿਸਾਂ ਲਈ ਐਕਸ-ਗ੍ਰੇਸ਼ੀਆ ਰਾਸ਼ੀ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕੀਤੀ ਹੈ।ਇਸ ਵਿੱਤੀ ਸਹਾਇਤਾ ਸਕੀਮ ਅਧੀਨ ਅਗਨੀਵੀਰਾਂ ਨੂੰ ਵੀ ਸ਼ਾਮਲ ਕੀਤਾ ਹੈ।
ਇਸੇ ਤਰਾਂ ਪਹਿਲੀ ਤੇ ਦੂਜੀ ਵਿਸ਼ਵ ਜ਼ੰਗ ਵਿੱਚ ਹਿੱਸਾ ਲੈਣ ਵਾਲੇ 65 ਸਾਲ ਤੋਂ ਵੱਧ ਉਮਰ ਵਾਲੇ ਸਾਬਕਾ ਸੈਨਿਕਾਂ/ ਜੰਗੀ ਵਿਧਵਾਵਾਂ ਜਿਨ੍ਹਾਂ ਨੂੰ ਬਿਨਾਂ ਕਿਸੇ ਪੈਨਸ਼ਨ ਲਾਭ ਦੇ ਘਰ ਭੇਜ ਦਿੱਤਾ ਸੀ, ਦੀ ਵਿੱਤੀ ਸਹਾਇਤਾ 10,000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ।
ਉਨਾਂ ਕਿਹਾ ਕਿ ਸਾਡੀ ਸਰਕਾਰ ਨੇ ਆਪਣੇ ਮਹਿਜ਼ 22 ਮਹੀਨਿਆਂ ਦੇ ਕਾਰਜਕਾਲ ਦੌਰਾਨ ਨੌਜਵਾਨਾਂ ਨੂੰ 39 ਹਜ਼ਾਰ 406 ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਹਨ ਅਤੇ 12 ਹਜ਼ਾਰ 710 ਮੁਲਾਜ਼ਮਾਂ ਨੂੰ ਪੱਕਾ ਕੀਤਾ ਹੈ।ਸ੍ਰੀ ਅਰੋੜਾ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੀਆਂ ਸ਼ਹੀਦਾਂ ਸਬੰਧੀ ਝਾਕੀਆਂ ਨੂੰ ਗਣਤੰਤਰ ਦਿਵਸ ਪਰੇਡ ਵਿਚ ਸ਼ਾਮਿਲ ਨਾ ਕਰਨ ਉਤੇ ਇਤਰਾਜ਼ ਜਿਤਾਉਂਦੇ ਦੱਸਿਆ ਕਿ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਮੁਤਾਬਿਕ ਇਹ ਝਾਕੀਆਂ ਸੂਬੇ ਭਰ ਵਿੱਚ ਦਿਖਾਈਆਂ ਜਾ ਰਹੀਆਂ ਹਨ।
ਇਸ ਮੌਕੇ ਮਾਣਯੋਗ ਜਿਲ੍ਹਾ ਤੇ ਸ਼ੈਸ਼ਨ ਜੱਜ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ, ਵਿਧਾਇਕ ਡਾ. ਅਜੈ ਕੁਮਾਰ ਗੁਪਤਾ, ਵਿਧਾਇਕ ਮੈਡਮ ਜੀਵਨ ਜੋਤ ਕੌਰ, ਵਿਧਾਇਕ ਡਾ. ਜਸਬੀਰ ਸਿੰਘ ਸੰਧੂ, ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ, ਏ.ਡੀ.ਜੀ.ਪੀ ਪੀ.ਕੇ ਸਿਨਹਾ, ਆਈ.ਜੀ ਨਰਿੰਦਰ ਭਾਰਗਵ, ਸੈਕਟਰੀ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਰਛਪਾਲ ਸਿੰਘ, ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਸਾਬਕਾ ਮੰਤਰੀ ਸ੍ਰੀਮਤੀ ਲਸ਼ਮੀਕਾਂਤਾ ਚਾਵਲਾ, ਮਨੀਸ਼ ਅਗਰਵਾਲ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਬੱਚਿਆਂ ਦੇ ਪ੍ਰੋਗਰਾਮ ਤੋਂ ਖੁਸ਼ ਹੋ ਕੇ ਐਲਾਨ ਕੀਤਾ ਕਿ ਜਿਨ੍ਹਾਂ ਸਕੂਲਾਂ ਅਤੇ ਕਾਲਜਾਂ ਦੇ ਬੱਚਿਆਂ ਨੇ ਇਸ ਪ੍ਰੋਗਰਾਮ ਵਿੱਚ ਭਾਗ ਲਿਆ ਹੈ, ਉਨਾਂ ਨੂੰ ਕੱਲ 27 ਜਨਵਰੀ ਦੀ ਛੁੱਟੀ ਰਹੇਗੀ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …