Thursday, February 26, 2026

ਸੂਬੇ ਦਾ ਸਭ ਤੋਂ ਵੱਡਾ ਵੈਬ ਕਾਸਟਿੰਗ ਕੰਟਰੋਲ ਰੂੂਮ ਅੰਮ੍ਰਿਤਸਰ ਨੇ ਕੀਤਾ ਸਥਾਪਿਤ

ਸਾਰੇ ਬੂਥਾਂ ਤੋਂ ਸਿੱਧਾ ਪ੍ਰਸਾਰਣ ਵੇਖ ਕੇ ਨਾਲੋ ਨਾਲ ਰਿਪੋਰਟ ਕਰਦੇ ਰਹੇ ਵਿਦਿਆਰਥੀ – ਜਿਲ੍ਹਾ ਚੋਣ ਅਧਿਕਾਰੀ

ਅੰਮ੍ਰਿਤਸਰ, 1 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਹਰੇਕ ਬੂਥ ਉਤੇ ਨਜ਼ਰ ਰੱਖਣ ਲਈ ਜਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਵਲੋਂ ਕਾਇਮ ਕੀਤਾ ਗਿਆ ਸੂਬੇ ਦਾ ਸਭ ਤੋਂ ਵੱਡਾ ਵੈਬ ਕਾਸਟਿੰਗ ਕੰਟਰੋਲ ਰੂਮ ਚੋਣਾਂ ਨੂੰ ਸੁਖਾਵੇਂ ਮਾਹੌਲ ਵਿੱਚ ਸਿਰੇ ਚਾੜ੍ਹਨ ਲਈ ਮੀਲ ਪੱਥਰ ਸਾਬਤ ਹੋਇਆ।ਹਰੇਕ ਬੂਥ ਉਤੇ ਕੈਮਰੇ ਲਗਾ ਕੇ ਉਸ ਦਾ ਸਿੱਧਾ ਪ੍ਰਸਾਰਣ ਵੇਖ ਰਹੇ ਵਲੰਟੀਅਰਾਂ ਨੇ ਜਿਸ ਵੀ ਬੂਥ ‘ਤੇ ਕੋਈ ਸਮੱਸਿਆ ਆਈ ਉਸ ਦੀ ਰਿਪੋਰਟ ਤੁਰੰਤ ਚੋਣ ਅਮਲੇ ਨੂੰ ਦੇ ਕੇ ਇਸ ਦਾ ਫੌਰੀ ਹੱਲ ਕਰਵਾਇਆ।ਜਿਸ ਨਾਲ ਵੋਟਾਂ ਦਾ ਕੰਮ ਨਿਰਵਿਘਨ ਚਲਦਾ ਰਿਹਾ।
ਅੱਜ ਵੋਟਾਂ ਦੀ ਸਮਾਪਤੀ ਮੌਕੇ ਜਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਖੁਦ ਵੈਬ ਕਾਸਟਿੰਗ ਕੰਟਰੋਲ ਰੂਮ ਪਹੁੰਚੇ ਅਤੇ ਇਸ ਕੰਮ ਵਿੱਚ ਲੱਗੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਸਾਬਾਸ਼ ਦਿੰਦੇ ਹੋਏ ਸਨਮਾਨਿਤ ਕੀਤਾ।ਦੱਸਣਯੋਗ ਹੈ ਕਿ ਹਰੇਕ ਬੂਥ ਤੋਂ ਕੈਮਰੇ ਲਗਾ ਕੇ ਇਸ ਦਾ ਸਿੱਧਾ ਪ੍ਰਸਾਰਣ ਨਗਰ ਸੁਧਾਰ ਟਰੱਸਟ ਦੇ ਕਮਿਊਨਟੀ ਹਾਲ ਵਿਚ ਕਾਇਮ ਕੀਤੇ ਵੈਬ ਕਾਸਟਿੰਗ ਕੰਟਰੋਲ ਰੂਮ ਵਿੱਚ ਸਕਰੀਨਾਂ ‘ਤੇ ਵੇਖਿਆ ਗਿਆ।ਇਸ ਕੰਟਰੋਲ ਰੂਮ ਵਿੱਚ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ 1684 ਬੂਥਾਂ ਤੋਂ ਸਿੱਧਾ ਪ੍ਰਸਾਰਣ ਆਇਆ, ਜਿਸ ਨੂੰ ਅੱਗੇ 200 ਦੇ ਕਰੀਬ ਕੰਪਿਊਟਰਾਂ ਅਤੇ ਵੱਡੀਆਂ ਸਕਰੀਨਾਂ ਉਪਰ ਵਲੰਟੀਅਰਾਂ ਨੇ ਬਾਜ਼ ਅੱਖ ਨਾਲ ਵੇਖਿਆ।ਜਿਥੇ ਵੀ ਕਿਤੇ ਕੋਈ ਕੁਤਾਹੀ, ਸ਼ਰਾਰਤ, ਝਗੜਾ, ਢਿੱਲ ਮੱਠ, ਵੋਟਰ ਮਸ਼ੀਨ ਦਾ ਤਕਨੀਕੀ ਨੁਕਸ ਜਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਹੁੰਦੀ ਨਜ਼ਰ ਆਈ, ਉਹ ਇਨਾਂ ਵਿਦਿਆਰਥੀਆਂ ਨੇ ਚੋਣ ਅਮਲੇ ਦੇ ਧਿਆਨ ਵਿੱਚ ਲਿਆ ਕੇ ਨਾਲੋ-ਨਾਲ ਸਬੰਧਤ ਹਲਕੇ ਦੇ ਸਹਾਇਕ ਰਿਟਰਨਿੰਗ ਅਧਿਕਾਰੀ ਤੇ ਸੈਕਟਰ ਅਫਸਰ ਨੂੰ ਵੀ ਸੂਚਿਤ ਕਰਦੇ ਰਹੇ।ਜਿਸ ਨਾਲ ਵੋਟਾਂ ਦਾ ਕੰਮ ਨਿਰਵਿਘਨ ਚਲਦਾ ਰਿਹਾ।
ਜਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਜੋ ਸਾਰੇ ਬੂਥਾਂ ਤੋਂ ਸਿੱਧਾ ਪ੍ਰਸਾਰਣ ਇੰਨਾਂ ਵਲੰਟੀਅਰਾਂ ਦੇ ਨਾਲ ਵੇਖਦੇ ਰਹੇ ਨੇ ਵਲੰਟੀਅਰਾਂ ਨੂੰ ਸਾਬਾਸ਼ ਦਿੰਦਿਆਂ ਕਿਹਾ ਕਿ ਉਨਾਂ ਕੰਮ ਦੀ ਸਿਫਤ ਮੁੱਖ ਚੋਣ ਕਮਿਸ਼ਨ ਪੰਜਾਬ ਨੇ ਵੀ ਕੀਤੀ ਹੈ ਅਤੇ ਸਾਨੂੰ ਤੁਹਾਡੀਆਂ ਸੇਵਾਵਾਂ ਨਾਲ ਲੋਕਤੰਤਰ ਦੀ ਇਸ ਵੱਡੀ ਜਿੰਮੇਵਾਰੀ ਨੂੰ ਨਿਭਾਉਣ ਵਿੱਚ ਬੜੀ ਆਸਾਨੀ ਰਹੀ ਹੈ। ਜਿਸ ਲਈ ਮੈਂ ਬਤੌਰ ਜਿਲ੍ਹਾ ਚੋਣ ਅਧਿਕਾਰੀ ਉਹ ਧੰਨਵਾਦੀ ਹਨ।
ਥੋਰੀ ਨੇ ਜਿਲ੍ਹੇ ਵਿੱਚ ਅਮਨ ਅਤੇ ਸਾਂਤੀ ਨਾਲ ਵੋਟਾਂ ਪਾਉਣ ਲਈ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੂਰੇ ਜਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ।ਇਸ ਮੌਕੇ ਆਈ.ਏ.ਐਸ ਅਧਿਕਾਰੀ ਸ੍ਰੀਮਤੀ ਸੋਨਮ, ਜਿਲ੍ਹਾ ਤਕਨੀਕੀ ਕੁਆਰਡੀਨੇਟਰ ਪ੍ਰਿੰਸ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …