Saturday, March 14, 2026

ਜਿਲ੍ਹੇ ਨੂੰ ਹਰਿਆ-ਭਰਿਆ ਬਣਾਉਣ ਲਈ ਵੱਧ ਤੋ ਵੱਧ ਬੂਟੇ ਲਗਾਏ ਜਾਣ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 29 ਮਈ (ਸੁਖਬੀਰ ਸਿੰਘ) – ਆਉਣ ਵਾਲੇ ਮਾਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਜਿਲ੍ਹੇ ਨੂੰ ਹਰਿਆ-ਭਰਿਆ ਬਣਾਉਣ ਲਈ ਵੱਖ-ਵੱਖ ਥਾਵਾਂ ‘ਚ ਪਲਾਂਟੇਸ਼ਨ ਕਰਵਾਈ ਜਾਵੇ ਤਾਂ ਜੋ ਇਹ ਬੂਟੇ ਵਾਤਾਵਰਨ ਨੂੰ ਸਾਫ਼-ਸੁਥਰਾ ਬਣਾਉਣ ਲਈ ਲਾਹੇਵੰਦ ਹੋਣ।ਸਮੂਹ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀਮਤੀ ਸ਼ਾਕਸ਼ੀ ਸਾਹਨੀ ਨੇ ਕਿਹਾ ਕਿ ਮਹਾਤਮਾਂ ਗਾਂਧੀ ਨਰੇਗਾ ਸਕੀਮ ਅਧੀਨ ਜਿਲ੍ਹੇ ਵਿੱਚ ਪਲਾਂਟੇਸ਼ਨ ਕਰਵਾਉਣ ਲਈ ਉਨ੍ਹਾਂ ਦੇ ਵਿਭਾਗ ਨਾਲ ਸਬੰਧਤ ਹਰੇਕ ਖਾਲੀ ਥਾਂ ਭਾਵ ਸਰਕਾਰੀ ਬਿਲਡਿੰਗਾਂ, ਹਸਤਪਤਾਲ, ਸਕੂਲ, ਪੰਚਾਇਤੀ ਜ਼ਮੀਨ ਰੋਡ ਸਾਈਡ ਦੀ ਸ਼ਨਾਖਤ ਕਰਨ ਦੇ ਆਦੇਸ਼ ਦਿੱਤੇ ਗਏ ਤਾਂ ਜੋ ਉਨਾਂ ਨੂੰ ਜ਼ਰੂਰਤ ਅਨੁਸਾਰ ਪੌਦੇ ਮੁਹੱਈਆ ਕਰਵਾਏ ਜਾ ਸਕਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਰਿਮੇਟ ਸੈਂਸਿੰਗ ਸੈਂਟਰ ਤੋਂ ਪ੍ਰਾਪਤ ਨਕਸ਼ੇ ਦੇ ਅੰਕੜਿਆਂ ਅਨੁਸਾਰ ਜ਼ਿਲ੍ਹੇ ਵਿੱਚ ਹਰਾ-ਭਰਾ ਖੇਤਰ ਕਾਫੀ ਘਟ ਗਿਆ ਹੈ, ਜਿਸ ਨਾਲ ਧਰਤੀ ਦੇ ਤਾਪਮਾਨ ਵਿੱਚ ਵੀ ਵਾਧਾ ਹੋ ਰਿਹਾ ਹੈ।ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਉਣ ਵਾਲੀ ਆਪਣੀ ਭਵਿੱਖ ਦੀ ਪੀੜੀ ਨੂੰ ਹਰਾ-ਭਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਆਪਣਾ ਯੋਗਦਾਨ ਪਾਈਏ।ਅਧਿਕਾਰੀਆਂ ਨੂੰ ਕਿਹਾ ਕਿ ਉਹ ਐਨ.ਜੀ.ਓ/ ਰਿਹਾਇਸ਼ੀ ਕਾਲੋਨੀਆਂ ਦੇ ਲੋਕਾਂ ਨਾਲ ਤਾਲਮੇਲ ਕਰਕੇ ਖਾਲੀ ਥਾਵਾਂ ‘ਤੇ ਬੂਟੇ ਲਗਾਉਣ।ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਸਮੂਹ ਵਿਭਾਗ ਆਪਣੀਆਂ ਖਾਲੀ ਪਈਆਂ ਥਾਵਾਂ ਤੇ ਬੂਟੇ ਲਗਾਉਣ ਲਈ ਨਿਸ਼ਾਨਦੇਹੀ ਕਰਨ ਅਤੇ ਆਪਣੀ ਜ਼ਰੂਰਤ ਅਨੁਸਾਰ ਜੰਗਲਾਤ ਵਿਭਾਗ ਤੋਂ ਬੂਟੇ ਪ੍ਰਾਪਤ ਕਰਨ।ਡਿਪਟੀ ਕਮਿਸ਼ਨਰ ਨੇ ਪਿੰਡਾਂ ਦੇ ਜਿੰਮੀਦਾਰਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀਆਂ ਜ਼ਮੀਨਾਂ ਨਾਲ ਲੱਗਦੀਆਂ ਸੜਕਾਂ ਦੇ ਬਰਮਾਂ ਉੱਪਰ ਲਗਾਏ ਗਏ ਬੂਟਿਆਂ ਨੂੰ ਬਚਾਉਣ ਲਈ ਪੂਰਨ ਸਹਿਯੋਗ ਦੇਣ ਅਤੇ ਟਿਊਬਵੈਲਾਂ ਦੇ ਆਲੇ ਦੁਆਲੇ ਘੱਟੋ ਘੱਟ 5 ਬੂਟੇ ਜ਼ਰੂਰ ਲਗਾਏ ਜਾਣ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਮਜੀਤ ਕੌਰ, ਵਧੀਕ ਕਮਿਸ਼ਨਰ ਨਗਰ ਨਿਗਮ ਸੁਰਿੰਦਰ ਸਿੰਘ, ਐਸ.ਡੀ.ਐਮ ਗੁਰਸਿਮਰਨਜੀਤ ਸਿੰਘ, ਐਸ.ਡੀ.ਐਮ ਮਨਕੰਵਲ ਸਿੰਘ ਚਾਹਲ, ਐਸ.ਡੀ.ਐਮ ਅਜਨਾਲਾ ਅਰਵਿੰਦਰ ਪਾਲ ਸਿੰਘ, ਐਸ.ਡੀ.ਐਮ ਲੋਪੋਕੇ ਸ਼੍ਰੀਮਤੀ ਅਮਨਦੀਪ ਕੌਰ, ਜ਼ਿਲ੍ਹਾ ਜੰਗਲਾਤ ਅਫਸਰ ਰਾਜੇਸ਼ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …