ਅੰਮ੍ਰਿਤਸਰ, 27 ਨਵੰਬਰ (ਜਗਦੀਪ ਸਿੰਘ) – ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹੀਦੀ ਦੇ 350 ਸਾਲ ਪੂਰੇ ਹੋਣ ਦੇ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਹੋਇਆਂ
ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਲੜੀਵਾਰ 10 ਨਵੰਬਰ ਤੋਂ ਲੈ ਕੇ 27 ਨਵੰਬਰ ਤੱਕ ਇੱਕ ਵਿਸ਼ੇਸ਼ ਸਵੇਰ ਦੀ ਸਭਾ ਆਯੋਜਿਤ ਕੀਤੀ ਗਈ।ਇਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ ਸਮੁੱਚੇ ਜੀਵਨ, ਉਨ੍ਹਾਂ ਦੀਆਂ ਰਚਨਾਵਾਂ ਅਤੇ ਸਿੱਖਿਆਵਾਂ ਨੂੰ ਲੜੀਵਾਰ ਪੇਸ਼ ਕੀਤਾ ਗਿਆ।ਉਨ੍ਹਾਂ ਦੇ ਜੀਵਨ ਦੇ ਹਰ ਅਹਿਮ ਪਹਿਲੂ ਨੂੰ ਵਿਦਿਆਰਥੀਆਂ ਦੇ ਸਨਮੁੱਖ ਰੱਖਿਆ ਗਿਆ ਜਿਵੇਂ ਉਨ੍ਹਾਂ ਦੇ ਬਚਪਨ ਦਾ ਜੀਵਨ, ਅੱਖਰੀ ਅਤੇ ਸ਼ਸਤਰ ਵਿੱਦਿਆ, ਉਨ੍ਹਾਂ ਦੇ ਨਾਮ ਪਿੱਛਲਾ ਇਤਿਹਾਸ, ਬਾਲਸ਼ਰੂਪ ਦੇ ਵੇਰਵੇ, ਮੱਖਣ ਸ਼ਾਹ ਲੁਭਾਣਾ ਅਤੇ ਗੁਰੂ ਲਾਧੋ ਰੇ ਦੀ ਘਟਨਾ, ਉਨ੍ਹਾਂ ਦੀਆਂ ਯਾਤਰਾਵਾਂ, ਆਨੰਦਪੁਰ ਦਾ ਜੀਵਨ, ਉਨ੍ਹਾਂ ਦੇ ਪੁੱਤਰ ਸ਼੍ਰੀ ਗੁਰੂੂ ਗੋਬਿੰਦ ਸਿੰਘ ਜੀ ਦਾ ਜਨਮ, ਔਰੰਗਜ਼ੇਬ ਦੇ ਜ਼ੁਲਮ, ਕਸ਼ਮੀਰੀ ਪੰਡਤਾਂ ਦੀ ਧਰਮ ਬਦਲਣ ਤੋਂ ਬਚਾਉਣ ਦੀ ਫ਼ਰਿਆਦ ਅਤੇ ਫਿਰ ਕਿਸੇ ਦੂਜੇ ਧਰਮ ਦੇ ਵਿਸ਼ਵਾਸਾਂ ਨੂੰ ਬਚਾਉਣ ਲਈ ਆਪਣਾ ਸਿਰ ਕੁਰਬਾਨ ਕਰ ਦੇਣਾ।ਇਸ ਦੇ ਨਾਲ ਹੀ ਗੁਰੂ ਗੋਬਿੰਦ ਸਿੰਘ, ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਵੀ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ ।
ਵਿਦਿਆਰਥੀਆਂ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਤੇ ਉਸ ਵਿੱਚ ਸ਼ਾਮਲ ਜੀਵਨ ਦੀਆਂ ਸੱਚਾਈਆਂ ਅਤੇ ਸਿੱਖਿਆਵਾਂ ਬਾਰੇ ਵੀ ਦੱਸਿਆ ਕਿ ਉਨ੍ਹਾਂ ਦੇ ਬਲਿਦਾਨ ਨੇ ਲੋਕਾਂ ਵਿੱਚ ਇੱਕ ਨਵਾਂ ਜੋਸ਼ ਭਰਿਆ ਅਤੇ ਕ੍ਰਾਂਤੀਕਾਰੀ ਸੋਚ ਪੈਦਾ ਕੀਤੀ।ਗੁਰੂ ਤੇਗ ਬਹਾਦਰ ਜੀ ਹਮੇਸ਼ਾਂ ਆਖਦੇ ਸਨ ਕਿ ਸਾਨੂੰ ਕਦੇ ਵੀ ਕਿਸੇ ਨੂੰ ਨਾ ਭੈਅ ਦੇਣਾ ਚਾਹੀਦਾ ਹੈ ਤੇ ਨਾ ਹੀ ਕਿਸੇ ਤੋਂ ਭੈਅ ਰੱਖਣਾ ਚਾਹੀਦਾ ਹੈ।ਹਰ ਇਨਸਾਨ ਨੂੰ ਆਪਣੇ ਧਰਮ ਵਿੱਚ ਰਹਿਣ ਦਾ ਹੱਕ ਹੈ ਅਤੇ ਇਸ ਪ੍ਰਤੀ ਬੋਲਣ ਦੀ ਪੂਰੀ ਅਜ਼ਾਦੀ ਹੋਣੀ ਚਾਹੀਦੀ ਹੈ।ਇਨਸਾਨ ਨੂੰ ਆਪਣੇ ਵਿਚਾਰਾਂ ਨੁੰ ਪੇਸ਼ ਕਰਨ ਦੀ ਅਜ਼ਾਦੀ ਵੀ ਹੋਣੀ ਚਾਹੀਦੀ ਹੈ।ਸਾਨੂੰ ਜ਼ਬਰ ਜ਼ੁਲਮ ਦੇ ਖਿ਼ਲਾਫ ਅਵਾਜ਼ ਉਠਾਉਣੀ ਚਾਹੀਦੀ ਹੈ।ਹਰ ਮਨੁੱਖ ਨੂੰ ਅਜ਼ਾਦੀ ਨਾਲ ਜੀਵਨ ਜਿਊਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ।ਇੰਨ੍ਹਾਂ ਦਿਨਾਂ ਦੌਰਾਨ ਵਿਦਿਆਰਥੀਆਂ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਤ ਗੁਰਬਾਣੀ ਦੀਆਂ ਤੁਕਾਂ, ਪੋਸਟਰ, ਸਲੋਗਨ ਅਤੇ ਬਾਣੀ ਅਧਾਰਿਤ ਕੋਲਾਜ ਤਿਆਰ ਕੀਤੇ ਗਏ ਅਤੇ ਇੰਨ੍ਹਾਂ ਦੀ ਇੱਕ ਪ੍ਰਦਰਸ਼ਨੀ ਲਗਾਈ ਗਈ ।
ਇੰਨ੍ਹਾਂ ਸ਼ਹੀਦੀ ਦਿਹਾੜਿਆਂ ਦੀ ਸਮਾਪਤੀ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਹੋਰ ਕਿਤੇ ਵੀ ਨਹੀਂ ਮਿਲਦੀ।ਸਾਨੂੰ ਉਨ੍ਹਾਂ ਦੇ ਬਲਿਦਾਨ ਨੂੰ ਯਾਦ ਰੱਖਣਾ ਚਾਹੀਦਾ ਹੈ।
Punjab Post Daily Online Newspaper & Print Media