ਹਰ ਪਰਿਵਾਰ ਨੂੰ ਮਿਲੇਗਾ 10 ਲੱਖ ਤੱਕ ਦਾ ਮੁਫ਼ਤ ਇਲਾਜ਼ – ਡਾ. ਸੰਧੂ
ਅੰਮ੍ਰਿਤਸਰ, 4 ਜਨਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ 15 ਜਨਵਰੀ ਨੂੰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਅਧੀਨ ਪੰਜਾਬ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਕੈਸ਼ਲੈਸ ਇਲਾਜ਼ ਮਿਲੇਗਾ।ਆਮ ਆਦਮੀ ਪਾਰਟੀ ਅੰਮ੍ਰਿਤਸਰ ਪੱਛਮੀ ਤੋਂ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਨੇ ਮੀਡੀਆ ਨੂੰ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਇਸ ਯੋਜਨਾ ਲਈ ਕੋਈ ਆਮਦਨ ਸੀਮਾ ਨਹੀਂ ਰੱਖੀ ਗਈ ਅਤੇ ਰਾਜ ਦੇ ਸਰਕਾਰੀ ਮੁਲਾਜ਼ਮਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ।ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਨੁਸਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ 15 ਜਨਵਰੀ ਨੂੰ ਇਸ ਯੋਜਨਾ ਦਾ ਸਰਕਾਰੀ ਤੌਰ ‘ਤੇ ਆਗਾਜ਼ ਕਰਨਗੇ।
ਵਿਧਾਇਕ ਸੰਧੂ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਵਲੋਂ ਚਲਾਈਆਂ ਗਈਆਂ ਸਿਹਤ ਯੋਜਨਾਵਾਂ ਵਿੱਚ ਕੇਵਲ 5 ਲੱਖ ਰੁਪਏ ਤੱਕ ਦੀ ਕਵਰੇਜ ਮਿਲਦੀ ਸੀ, ਪਰ ਮਾਨ ਸਰਕਾਰ ਨੇ ਇਤਿਹਾਸਕ ਫੈਸਲਾ ਲੈਂਦੇ ਹੋਏ ਇਸ ਸੀਮਾ ਨੂੰ ਦੋਗੁਣਾ ਕਰਕੇ 10 ਲੱਖ ਰੁਪਏ ਕਰ ਦਿੱਤਾ ਹੈ।ਯੋਜਨਾ ਦਾ ਹੱਕ ਹਰ ਨਿਵਾਸੀ ਨੂੰ ਹੋਵੇਗਾ ਅਤੇ ਕਿਸੇ ਵੀ ਪਰਿਵਾਰ ਨੂੰ ਇਸ ਦੇ ਲਾਭ ਤੋਂ ਬਾਹਰ ਨਹੀਂ ਰੱਖਿਆ ਜਾਵੇਗਾ।ਯੋਜਨਾ ਤਹਿਤ ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਪ੍ਰਕਾਰ ਦੇ ਐਮਪੈਨਲ ਹਸਪਤਾਲਾਂ ਵਿੱਚ ਇਲਾਜ਼ ਕਰਵਾਇਆ ਜਾ ਸਕੇਗਾ।
ਉਨ੍ਹਾਂ ਕਿਹਾ ਕਿ ਰਾਜ ਭਰ ਵਿੱਚ 23 ਹਜ਼ਾਰ ਤੋਂ ਵੱਧ ਕੈਂਪ ਲਗਾ ਕੇ ਹਰ ਪਿੰਡ ਅਤੇ ਸ਼ਹਿਰ ਦੇ ਪਰਿਵਾਰਾਂ ਦੀ ਵੈਰੀਫਿਕੇਸ਼ਨ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।ਅਗਲੇ ਤਿੰਨ-ਚਾਰ ਮਹੀਨਿਆਂ ਵਿੱਚ ਸੂਬੇ ਦਾ ਪੂਰਾ ਰਜਿਸਟ੍ਰੇਸ਼ਨ ਪੜਾਅ ਮੁਕੰਮਲ ਹੋਣ ਦੀ ਉਮੀਦ ਹੈ।
ਸੰਧੂ ਨੇ ਕਿਹਾ ਕਿ ਇਲਾਜ਼ ਕਰਵਾਉਣ ਲਈ ਕਿਸੇ ਵੀ ਹਸਪਤਾਲ ਵਿੱਚ ਇੱਕ ਪੈਸਾ ਨਹੀਂ ਲੱਗੇਗਾ।ਟੈਸਟ, ਦਵਾਈਆਂ, ਇਲਾਜ ਅਤੇ ਹੋਰ ਸਾਰੇ ਮੈਡੀਕਲ ਪ੍ਰੋਸੀਜ਼ਰ ਮੁਫ਼ਤ ਹੋਣਗੇ।ਪੰਜਾਬ ਦਾ ਵੋਟਰ ਕਾਰਡ ਜਾਂ ਆਧਾਰ ਕਾਰਡ ਰੱਖਣ ਵਾਲੇ ਹਰ ਨਿਵਾਸੀ ਨੂੰ ਇਸ ਯੋਜਨਾ ਦਾ ਹੱਕ ਪ੍ਰਾਪਤ ਹੈ।
ਸੰਧੂ ਨੇ ਕਿਹਾ ਕਿ ਇਹ ਯੋਜਨਾ ਸੂਬੇ ਲਈ ਸਿਹਤ ਖੇਤਰ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਸਾਬਤ ਹੋਵੇਗੀ, ਜਿਸ ਨਾਲ ਹਰ ਘਰ ਨੂੰ ਮੁਫ਼ਤ ਇਲਾਜ਼ ਦੀ ਪੂਰੀ ਗਰੰਟੀ ਮਿਲੇਗੀ।
Punjab Post Daily Online Newspaper & Print Media