ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ‘ਗ.ਸ. ਨਕਸ਼ਦੀਪ ਪੰਜਕੋਹਾ ਦੀ ਸਾਹਿਤਕ ਦੇਣ’ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੀ ਯੋਗ ਅਗਵਾਈ ਅਤੇ ਪੰਜਾਬੀ ਅਧਿਐਨ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਸੈਮੀਨਾਰ ਮੌਕੇ ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਕਿਹਾ ਕਿ ਨਾਨਕ ਸਿੰਘ ਦੇ ਨਾਵਲਾਂ ਦੇ ਵਿਸ਼ਿਆਂ ਵਾਂਗ ਪੰਜਕੋਹਾ ਦੇ ਵਿਸ਼ੇ ਵੀ ਸਮਾਜਿਕ ਜੀਵਨ ਨਾਲ ਜੁੜੇ ਹੋਏ ਕਈ ਤਰ੍ਹਾਂ ਦੇ ਪੱਖਾਂ ਨੂੰ ਕੇਂਦਰ ’ਚ ਰੱਖ ਕੇ ਪੇਸ਼ ਹੁੰਦੇ ਹਨ।ਇਨ੍ਹਾਂ ਨਾਵਲਾਂ ਦੇ ਵਿਸ਼ੇ ਸਧਾਰਨ ਮਨੁੱਖ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਪ੍ਰਤੀ ਇੱਕ ਵੱਖਰੇ ਦਿਸ਼ਟੀਕੋਣ ਤੋਂ ਸੋਚਣ ਲਈ ਪਾਠਕ ਨੂੰ ਚਿੰਤਨ ਪ੍ਰਦਾਨ ਕਰਦੇ ਹਨ।
ਇਸ ਤੋਂ ਪਹਿਲਾਂ ਪ੍ਰਿੰ: ਡਾ. ਰੰਧਾਵਾ ਨੇ ਪਹੁੰਚੀਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਬਾਰੇ ਜਾਣ-ਪਛਾਣ ਕਰਵਾਉਂਦਿਆਂ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ।ਡਾ. ਮਹਿਲ ਸਿੰਘ ਨੇ ਕਿਹਾ ਕਿ ਪ੍ਰਵਾਸੀ ਨਾਵਲਕਾਰ ਹੋਣ ਵਜੋਂ ਸ: ਪੰਜਕੋਹਾ ਦੇ ਨਾਵਲਾਂ ਦੇ ਵਿਸ਼ੇ ਅੱਜ ਦੇ ਸਮੇਂ ’ਚ ਪਰਵਾਸ ਹੰਢਾ ਰਹੇ ਪੰਜਾਬੀ ਮਨੁੱਖ ਦੀਆਂ ਮਜ਼ਬੂਰੀਆਂ ਅਤੇ ਮੁਸ਼ਕਿਲਾਂ ਨਾਲ ਜੁੜੇ ਹੋਏ ਹਨ।ਉਨ੍ਹਾਂ ਕਿਹਾ ਕਿ ਹਰੇਕ ਨਾਵਲ ਦਾ ਵਿਸ਼ੇ ਆਪਣੇ-ਆਪ ’ਚ ਗਹਿਰੇ ਅਰਥਾਂ ਨਾਲ ਸਮੇਟਿਆ ਹੋਇਆ ਹੈ।
ਪ੍ਰਿੰ: ਡਾ. ਰੰਧਾਵਾ ਨੇ ਕਿਹਾ ਕਿ ਪਰਵਾਸ ਅਤੇ ਪਰਵਾਸੀ ਜੀਵਨ ਨਾਲ ਜੁੜੀਆਂ ਸਮੱਸਿਆਵਾਂ ਸ: ਪੰਜਕੋਹਾ ਦੇ ਨਾਵਲਾਂ ਦੇ ਪ੍ਰਮੁੱਖ ਅਧਾਰ ਬਣਦੇ ਹਨ।ਉਨ੍ਹਾਂ ਕਿਹਾ ਕਿ ਅਜੋਕੇ ਪੰਜਾਬੀ ਸਾਹਿਤਕ ਖੇਤਰ ’ਚ ਪਰਵਾਸ ਅਤੇ ਪਰਵਾਸੀ ਜੀਵਨ ਨਾਲ ਜੁੜੇ ਗਹਿਰ-ਗੰਭੀਰ ਚਿੰਤਨ ਦੀ ਪੇਸ਼ਕਾਰੀ ਦੁਆਰਾ ਲੇਖਕ ਸਾਹਿਤਕ ਖੇਤਰ ’ਚ ਆਪਣੀ ਵਿਸ਼ੇਸ਼ ਪਹਿਚਾਣ ਦਾ ਧਾਰਨੀ ਸਿੱਧ ਹੋ ਚੁਕਾ ਹੈ।ਉਨ੍ਹਾਂ ਕਿਹਾ ਕਿ ਲੇਖਕ ਦੀਆਂ ਨਾਵਲੀ ਰਚਨਾਵਾਂ ਅਜੋਕੇ ਮਨੁੱਖ ਦੇ ਬਾਹਰ ਜਾਣ ਦੀ ਹੋੜ ਅਤੇ ਬਾਹਰੀ ਜੀਵਨ ਦੀਆਂ ਸਮੱਸਿਆਵਾਂ ਨਾਲ ਜੁੜੀਆਂ ਹੋਈਆਂ ਹਨ।ਇਨ੍ਹਾਂ ਸਮੱਸਿਅਵਾਂ ਦਾ ਕਾਰਨ ਮਨੁੱਖ ਖੁਦ ਆਪ ਹੀ ਬਣਦਾ ਹੈ।
ਵੱਖ-ਵੱਖ ਯੂਨੀਵਰਸਿਟੀਆਂ ਅਤੇ ਨਾਮਵਰ ਕਾਲਜਾਂ ਦੇ ਵਿਸ਼ਾ ਮਾਹਿਰ ਵਜੋਂ ਪੰਜਾਬ ਯੂਨੀਵਰਸਿਟੀ ਰਿਜ਼ਨਲ ਸੈਂਟਰ ਬਠਿੰਡਾ ਦੇ ਡਾ. ਰਜਿੰਦਰ ਸਿੰਘ, ਕੇਂਦਰੀ ਯੂਨੀਵਰਸਿਟੀ ਧਰਮਸ਼ਾਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਨਰੇਸ਼ ਕੁਮਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਦੇ ਅੰਗਰੇਜ਼ੀ ਵਿਭਾਗ ਦੇ ਡਾ. ਸੁਮਨੀਤ ਕੌਰ ਗੁਰੂ ਗੋਬਿੰਦ ਸਿੰਘ, ਖਾਲਸਾ ਕਾਲਜ ਮਾਹਲਪੁਰ ਦੇ ਪੰਜਾਬੀ ਵਿਭਾਗ ਦੇ ਡਾ. ਜੇ.ਬੀ ਸੇਖੋਂ, ਸ੍ਰੀ ਗੁਰੂ ਅੰਗਦ ਦੇਵ ਖਾਲਸਾ ਕਾਲਜ ਖਡੂਰ ਸਾਹਿਬ ਦੇ ਪੰਜਾਬੀ ਵਿਭਾਗ ਦੇ ਡਾ. ਕਵਲਜੀਤ ਸਿੰਘ ਨੇ ਸ: ਪੰਜਕੋਹਾ ਦੇ ਨਾਵਲਾਂ ਦੇ ਬਹੁਪੱਖੀ ਵਿਸ਼ਿਆਂ ਨੂੰ ਪਾਠਕਾਂ ਨਾਲ ਸਾਂਝਿਆਂ ਕੀਤਾ।ਉਨ੍ਹਾਂ ਕਿਹਾ ਕਿ ਲੇਖਕ ਦੇ ਵਿਸ਼ੇ ਬਹੁ-ਪੱਖੀ ਅਤੇ ਬਹੁ-ਪਾਸਾਰੀ ਹ।
ਇਸ ਉਪਰੰਤ ਸ: ਪੰਜਕੋਹਾ ਨੇ ਨਾਵਲ ਦੇ ਵਿਸ਼ੇ ਅਤੇ ਉਨ੍ਹਾਂ ਪਿੱਛੇ ਕਾਰਜਸ਼ੀਲ ਕਾਰਨਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਨਾਵਲਾਂ ਦੇ ਵਿਸ਼ੇ ਆਲੇ ਦੁਆਲੇ ਦੇ ਵਰਤਾਰੇ ਦੀਆਂ ਘਟਨਾਂਵਾਂ ’ਚੋਂ ਪੈਦਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪਰਵਾਸ ’ਚ ਰਹਿੰਦੀਆਂ ਪਰਵਾਸੀ ਪੰਜਾਬੀ ਮਨੁੱਖ ਦੇ ਜੀਵਨ ਦੀਆਂ ਹੱਢਬੀਤੀਆਂ ਨੂੰ ਨਾਵਲਾਂ ਦੁਆਰਾ ਪੇਸ਼ ਕੀਤਾ ਗਿਆ ਹੈ।ਪਰਵਾਸੀ ਜ਼ਿੰਦਗੀ ਦੇ ਸਥਿਤੀ ਦੇ ਸਿਤਮ ਨੂੰ ਹੰਢਾਉਂਦਿਆਂ ਉਨ੍ਹਾਂ ਦੀਆਂ ਚੁਣੌਤੀਆਂ ਅਤੇ ਸੰਤਾਪ ਨਾਵਲਾਂ ਦੇ ਕੇਂਦਰ ਬਿੰਦੂ ਬਣਦੇ ਹਨ।ਸਮਾਗਮ ਦੇ ਪੈਨਲ ਚਰਚਾ ’ਚ ਡਾ. ਅਕਾਲ ਅੰਮ੍ਰਿਤ ਕੌਰ, ਡਾ. ਬਲਜੀਤ ਸਿੰਘ ਵਿਰਕ, ਡਾ. ਹਰਿੰਦਰ ਕੌਰ ਸੋਹਲ, ਡਾ. ਗੁਰਵੰਤ ਸਿੰਘ ਅਤੇ ਡਾ. ਯਾਦਵਿੰਦਰ ਕੌਰ ਨੇ ਸਬੰਧਿਤ ਵਿਸ਼ੇ ’ਤੇ ਵਿਦਵਤਾ ਭਰਪੂਰ ਵਿਚਾਰ-ਚਰਚਾ ਕੀਤੀ। ਪੰਜਾਬੀ ਅਕਾਦਮੀ ਦੇ ਪ੍ਰਧਾਨ ਡਾ. ਗੁਰਬੀਰ ਸਿੰਘ ਬਰਾੜ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਵਿਭਾਗ ਦੀ ਸਾਹਿਤ ਸਭਾ ਦੇ ਵੱਖ-ਵੱਖ ਮੁਕਾਬਲਿਆਂ ’ਚੋਂ ਸੁੰਦਰ ਹੱਥ ਲਿਖਤ ਮੁਕਾਬਲੇ ’ਚੋਂ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ’ਤੇ ਰਹਿਣ ਵਾਲੇ ਵਿਦਿਆਰਥੀ ਨੇਹਾਪ੍ਰੀਤ ਕੌਰ, ਰਮਨਦੀਪ ਕੌਰ, ਅਮਨਜੋਤ ਕੌਰ, ਗੁਣਤਾਜਦੀਪ ਸੰਧੂ, ਜਸ਼ਨਪ੍ਰੀਤ ਕੌਰ, ਲੇਖ ਰਚਨਾ ਮੁਕਾਬਲੇ ’ਚੋਂ ਹਰਲੀਨ ਕੌਰ, ਕਿਰਨਦੀਪ ਕੌਰ, ਜਸ਼ਨਪ੍ਰੀਤ ਕੌਰ, ਗੁਰਬੀਰ ਸਿੰਘ, ਕਹਾਣੀ ਮੁਕਾਬਲੇ ਵਿੱਚੋਂ ਹਰਲੀਨ ਕੌਰ, ਕੁਲਵਿੰਦਰ ਸਿੰਘ, ਸਤਿੰਦਰ ਕੌਰ ਨੂੰ ਸਰਟੀਫਿਕੇਟ ਸਮੇਤ ਇਨਾਮ ਦਿੱਤੇ ਗਏ।
ਡਾ. ਪਰਮਿੰਦਰ ਸਿੰਘ ਨੇ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ, ਜਦਕਿ ਮੰਚ ਸੰਚਾਲਨ ਪ੍ਰੋਫ਼ੈਸਰ ਡਾ. ਹੀਰਾ ਨੇ ਕੀਤਾ।
Check Also
ਖ਼ਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਕਾਬਲੀਅਤ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖਾਲਸਾ …
Punjab Post Daily Online Newspaper & Print Media