Thursday, June 25, 2026

ਐਸ.ਆਈ.ਆਰ ਅਧੀਨ ਜ਼ਿਲ੍ਹਾ ਅੰਮ੍ਰਿਤਸਰ ‘ਚ 25 ਜੂਨ ਤੋਂ ਸ਼ੂਰੂ ਹੋਵੇਗੀ ਘਰ-ਘਰ ਗਣਨਾ ਪ੍ਰੀਕ੍ਰਿਆ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 24 ਜੂਨ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ) ਸਬੰਧੀ ਜ਼ਿਲ੍ਹਾ ਅੰਮ੍ਰਿਤਸਰ ਵਿੱਚ 25 ਜੂਨ ਤੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 25 ਜੂਨ ਤੋਂ 24 ਜੁਲਾਈ ਤੱਕ ਜ਼ਿਲ੍ਹੇ ਦੇ 2134 ਬੀ.ਐਲ.ਓਜ਼ (ਬੂਥ ਲੈਵਲ ਅਫ਼ਸਰ) ਘਰ-ਘਰ ਜਾ ਕੇ ਵੋਟਰਾਂ ਨੂੰ ਗਣਨਾ ਫਾਰਮ ਦੇਣਗੇ ਅਤੇ ਉਨ੍ਹਾਂ ਨੂੰ ਭਰਵਾਉਣਗੇ।
ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਐਸ.ਆਈ.ਆਰ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਅੰਮ੍ਰਿਤਸਰ ਦੇ 11 ਵਿਧਾਨ ਸਭਾ ਹਲਕਿਆਂ ਲਈ 11 ਈ.ਆਰ.ਓਜ਼, 22 ਏ.ਈ.ਆਰ.ਓਜ਼, 110 ਐਡੀਸ਼ਨਲ ਏ.ਈ.ਆਰ.ਓਜ਼, 213 ਸੈਕਟਰ ਅਫ਼ਸਰ ਅਤੇ 2134 ਬੂਥ ਲੈਵਲ ਅਫ਼ਸਰ (ਬੀ.ਐਲ.ਓਜ਼) ਲਗਾਏ ਗਏ ਹਨ।
ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਪੋਲਿੰਗ ਸਟੇਸ਼ਨ ਦੀ ਰੈਸ਼ਨਲਾਈਜੇਸਨ ਦਾ ਕੰਮ 24 ਜੁਲਾਈ 2026 ਤੱਕ ਕੀਤਾ ਜਾਵੇਗਾ, ਜਦਕਿ ਵੋਟਰ ਸੂਚੀਆਂ ਦਾ ਖਰੜਾ 3 ਅਗਸਤ 2026 ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਸਬੰਧੀ ਇਤਰਾਜ਼ ਅਤੇ ਦਾਅਵੇ 03-08-2026 ਤੋਂ 02-09-2026 ਤੱਕ ਪੇਸ਼ ਕੀਤੇ ਜਾ ਸਕਦੇ ਹਨ। ਇਤਰਾਜ਼ ਅਤੇ ਦਾਅਵਿਆਂ ਦਾ ਨਿਪਟਾਰਾ 03-08-2026 ਤੋਂ 28-09-2026 ਤੱਕ ਕੀਤਾ ਜਾਵੇਗਾ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ 01-10-2026 ਨੂੰ ਕੀਤੀ ਜਾਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚ 88.61 ਫ਼ੀਸਦੀ ਵੋਟਰਾਂ ਦੀ ਪ੍ਰੀ-ਐਸ.ਆਈ.ਆਰ ਮੈਪਿੰਗ ਹੋ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਇਸ ਕੰਮ ਨੂੰ ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਰਾਜਨੀਤਿਕ ਪਾਰਟੀਆਂ ਵੱਲੋਂ ਵੀ ਬੂਥ ਲੈਵਲ ਏਜੰਟ ਨਿਯੁੱਕਤ ਕੀਤੇ ਗਏ ਹਨ, ਜੋ ਇਹ ਯਕੀਨੀ ਬਣਾਉਣਗੇ ਕਿ ਕੋਈ ਵੀ ਯੋਗ ਵੋਟਰ ਵੋਟ ਬਣਵਾਉਣ ਤੋਂ ਵਾਂਝਾ ਨਾ ਰਹੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਦ੍ਰਿੜ੍ਹਤਾ ਪ੍ਰਗਟਾਉਂਦਿਆਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਸਖ਼ਤ ਹਦਾਇਤਾਂ ਮੁਤਾਬਿਕ ਜ਼ਿਲ੍ਹਾ ਪ੍ਰਸ਼ਾਸਨ ਇਹ ਯਕੀਨੀ ਬਣਾਏਗਾ ਕਿ ਹਰ ਨਾਗਰਿਕ ਦੀ ਵੋਟ ਲਾਜ਼ਮੀ ਬਣੇ, ਕਿਸੇ ਵੀ ਯੋਗ ਨਾਗਰਿਕ ਦੀ ਵੋਟ ਕੱਟੀ ਨਾ ਜਾਵੇ ਅਤੇ ਕੋਈ ਵੀ ਅਯੋਗ ਵੋਟ, ਵੋਟਰ ਸੂਚੀ ਵਿੱਚ ਦਰਜ਼ ਨਾ ਹੋ ਸਕੇ।
ਉਨ੍ਹਾਂ ਲੋਕਾਂ ਨੂੰ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ) ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਗੁੰਮਰਾਹਕੁੰਨ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।ਉਨ੍ਹਾਂ ਦੱਸਿਆ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਬਾਰੇ ਕਿਸੇ ਵੀ ਕਿਸਮ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਨਾਗਰਿਕ, ਚੋਣ ਕਮਿਸ਼ਨ ਦੇ ਟੋਲ ਫਰੀ ਨੰਬਰ 1950 `ਤੇ ਸੰਪਰਕ ਕਰ ਸਕਦੇ ਹਨ। ਐਸ.ਆਈ.ਆਰ ਸਬੰਧੀ ਕਿਸੇ ਵੀ ਕਿਸਮ ਦੀ ਸਿ਼ਕਾਇਤ ਦਾ ਨਿਪਟਾਰਾ ਕਰਨ ਲਈ ਜਿਲ੍ਹਾ ਪੱਧਰ `ਤੇ ਜਿਲ੍ਹਾ ਸਿ਼ਕਾਇਤ ਨਿਵਾਰਣ ਅਧਿਕਾਰੀ (ਡੀ.ਜੀ.ਆਰ.ਓ) ਨਿਯੁੱਕਤ ਕੀਤੇ ਗਏ ਹਨ।ਜਿਲ੍ਹਾ ਚੋਣ ਅਫਸਰ ਵੱਲੋਂ ਭਾਰਤ ਚੋਣ ਕਮਿਸ਼ਨ ਵੱਲੋਂ ਚਾਲੂ ਕੀਤੇ ਗਏ ਫੀਚਰ ਬੁੱਕ ਏ ਕਾਲ ਵਿਦ ਬੀ.ਐਲ.ਓ ਬਾਰੇ ਜਾਣਕਾਰੀ ਦਿੱਤੀ।
ਇਸ ਤੋਂ ਪਹਿਲਾਂ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵਲੋਂ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ) ਸਬੰਧੀ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਅਤੇ ਇਸ ਪੜਾਅ ਦੌਰਾਨ ਬੀ.ਐਲ.ਓ ਦੇ ਘਰ-ਘਰ ਦੌਰੇ ਦੌਰਾਨ ਗਣਨਾ ਫਾਰਮਾਂ ਦੀ ਵੰਡ, ਭਰਨ ਅਤੇ ਇਕੱਤਰ ਕਰਨ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ।
ਜਿਲ੍ਹਾ ਚੋਣ ਅਫਸਰ ਵੱਲੋ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਦੱਸਿਆ ਕਿ ਜਿਲ੍ਹੇ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਕੁੱਲ 5251 ਬੀ.ਐਲ.ਏਜ਼ ਨਿਯੁੱਕਤ ਕੀਤੇ ਗਏ ਹਨ।ਜਿਨ੍ਹਾਂ ਵਿੱਚ ਆਮ ਆਦਮੀ ਦੇ 2094, ਕਾਂਗਰਸ ਦੇ 1887, ਸ਼੍ਰੋਮਣੀ ਅਕਾਲੀ ਦਲ ਦੇ 814, ਭਾਰਤੀ ਜਨਤਾ ਪਾਰਟੀ ਦੇ 390, ਬਹੁਜਨ ਸਮਾਜ ਪਾਰਟੀ ਦੇ 66 ਬੀ.ਐਲ.ਏਜ਼ ਨਿਯੁੱਕਤ ਹਨ।ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਹਰ ਵਿਧਾਨ ਸਭਾ ਚੋਣ ਹਲਕੇ ਵਿੱਚ ਬੀ.ਐਲ.ਏ-2 ਨਿਯੁੱਕਤ ਕਰਨ ਤਾਂ ਜੋ ਐਸ.ਆਈ.ਆਰ ਨੂੰ ਤਰੁੱਟੀ ਰਹਿਤ ਨੇਪਰੇ ਚਾੜ੍ਹਿਆ ਜਾ ਸਕੇ।
ਮੀਟਿੰਗ ਦੌਰਾਨ ਚੋਣ ਤਹਿਸੀਲਦਾਰ ਰਜਿੰਦਰ ਸਿੰਘ ਕਾਹਲੋਂ, ਚੋਣ ਕਾਨੂੰਗੋ ਪ੍ਰਕੀਰਤ ਸਿੰਘ ਤੋਂ ਇਲਾਵਾ ਮਾਨਤਾ ਪ੍ਰਾਪਤ ਪਾਰਟੀਆਂ ਵਿੱਚੋਂਂ ਆਮ ਆਦਮੀ ਪਾਰਟੀ ਤੋਂ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਸੰਧੂ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਹਰਗੋਬਿੰਦ ਸਿੰਘ ਗਿੱਲ ਕਾਂਗਰਸ, ਤਾਰਾ ਚੰਦ ਭਗਤ ਸਟੇਟ ਸੈਕਟਰੀ ਬਹੁਜਨ ਸਮਾਜ ਪਾਰਟੀ, ਜਗਦੀਸ਼ ਦੁੱਗਲ ਤੋਂ ਇਲਾਵਾ ਹੋਰ ਰਾਜਨੀਤਿਕ ਨੁਮਾਇੰਦੇ ਵੀ ਹਾਜ਼ਰ ਸਨ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 24 ਜੂਨ ਨੂੰ

ਅੰਮ੍ਰਿਤਸਰ, 23 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ …