ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ
ਅੰਮ੍ਰਿਤਸਰ, 19 ਅਗਸਤ (ਸੁਖਬੀਰ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ ਦੇ ਹਲਕਾ ਦੱਖਣੀ ਤੋਂ ਆਪ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਡਾ ਇੰਦਰਬੀਰ
ਸਿੰਘ ਨਿੱਜਰ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐਸ.ਪੀ ਸਿੰਘ ਉਬਰਾਏ ਵੱਲੋਂ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਗੁਰਦਾ ਰੋਗ ਵਿਭਾਗ ਲਈ ਭੇਜੀਆਂ 48 ਡਾਇਲਸਿਸ ਕਿੱਟਾਂ ਅੱਜ ਹਸਪਤਾਲ ਦੇ ਸੀਨੀਅਰ ਡਾਕਟਰਾਂ ਨੂੰ ਸੌਂਪੀਆਂ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਗੁਰਦਾ ਰੋਗ ਵਿਭਾਗ ਨੂੰ ਲੋੜੀਂਦੀਆਂ ਇਹ ਡਾਇਲਸਿਸ ਕਿੱਟਾਂ ਸਬੰਧੀ ਪਿੱਛਲੇ ਦਿਨੀਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ ਐਸ.ਪੀ ਸਿੰਘ ਉਬਰਾਏ ਤੱਕ ਇਹ ਮੰਗ ਪੁੱਜੀ ਸੀ ਕਿ ਹਸਪਤਾਲ ਵਿੱਚ ਵੱਡੀ ਗਿਣਤੀ ਵਿੱਚ ਆਰਥਿਕ ਪੱਖੋਂ ਪੱਛੜੇ ਪਰਿਵਾਰਾਂ ਦੇ ਮਰੀਜ਼ ਡਾਇਲਸਿਸ ਕਰਵਾਉਣ ਆਉਂਦੇ ਹਨ, ਜਿਨ੍ਹਾਂ ਦੇ ਹਸਪਤਾਲ ਪ੍ਰਬੰਧਨ ਦੁਆਰਾ ਮੁਫ਼ਤ ਡਾਇਲਸਿਸ ਕੀਤਾ ਜਾਂਦਾ ਹੈ।ਇਸ ਕਾਰਜ਼ ਲਈ ਬਹੁਤ ਸਾਰੀਆਂ ਕਿੱਟਾਂ ਦੀ ਲੋੜ ਹੁੰਦੀ ਹੈ।ਇਸ ਨੂੰ ਧਿਆਨ ਵਿੱਚ ਰੱਖਦਿਆਂ ਡਾ ਉਬਰਾਏ ਨੇ ਟਰੱਸਟ ਦੀ ਅੰਮ੍ਰਿਤਸਰ ਜ਼ਿਲ੍ਹਾ ਇਕਾਈ ਰਾਹੀਂ ਇਹ 48 ਡਾਇਲਸਿਸ ਕਿੱਟਾਂ ਭਿਜਵਾਈਆਂ ਅਤੇ ਲੋੜ ਮੁਤਾਬਿਕ ਮਰੀਜ਼ਾਂ ਦੇ ਇਲਾਜ਼ ਲਈ ਹੋਰ ਸਮਾਨ ਵੀ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ।ਡਾ. ਨਿੱਜਰ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐਸ.ਪੀ ਸਿੰਘ ਉਬਰਾਏ ਅਤੇ ਉਨ੍ਹਾਂ ਦੀਆਂ ਟੀਮਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ।
ਸਿਵਲ ਹਸਪਤਾਲ ਅੰਮ੍ਰਿਤਸਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੀਤਵੀਨ ਕੌਰ ਅਤੇ ਡਾ. ਰਜਨੀਸ਼ ਕੁਮਾਰ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐਸ.ਪੀ ਸਿੰਘ ਉਬਰਾਏ ਅਤੇ ਡਾ. ਇੰਦਰਬੀਰ ਸਿੰਘ ਨਿੱਝਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿਵਲ ਹਸਪਤਾਲ ਵਿੱਚ ਆਯੂਸ਼ਮਾਨ ਅਤੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ, ਪਰ ਅਕਸਰ ਉਹ ਮਰੀਜ਼ ਵੀ ਆਉਂਦੇ ਹਨ ਜੋ ਪੰਜਾਬ ਵਿੱਚ ਵੋਟਰ ਨਹੀਂ ਹਨ।ਅਜਿਹੇ ਮਰੀਜ਼ਾਂ ਲਈ ਮੁਫਤ ਡਾਇਲਸਿਸ ਕਿੱਟਾਂ ਦਾ ਪ੍ਰਬੰਧ ਕਰਨਾ ਜ਼ਰੂਰੀ ਹੁੰਦਾ ਹੈ।ਉਨ੍ਹਾਂ ਨੇ ਆਮ ਲੋਕਾਂ ਨੂੰ ਸਿਵਲ ਅਤੇ ਹੋਰ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ਼ ਲਈ ਮਿਲ਼ਦੀਆਂ ਸਹੂਲਤਾਂ ਦਾ ਲਾਭ ਉਠਾਉਣ ਦੀ ਅਪੀਲ ਵੀ ਕੀਤੀ।
ਇਸ ਮੌਕੇ ‘ਤੇ ਟਰੱਸਟ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਸਲਾਹਕਾਰ ਸੁਖਦੀਪ ਸਿੰਘ ਸਿੱਧੂ, ਜ਼ਿਲ੍ਹਾ ਪ੍ਰਧਾਨ ਸਿਸ਼ਪਾਲ ਸਿੰਘ ਲਾਡੀ, ਵਿੱਤ ਮੁੱਖੀ ਨਵਜੀਤ ਸਿੰਘ ਘਈ, ਜਗਦੇਵ ਸਿੰਘ ਛੀਨਾ, ਮਨਪ੍ਰੀਤ ਸਿੰਘ ਅੰਮ੍ਰਿਤਸਰ ਅਤੇ ਯੁਵਰਾਜ ਸਿੰਘ ਆਦਿ ਵੀ ਹਾਜਰ ਸਨ।
Check Also
ਸ਼੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਅਨੰਦ ਦੇ ਅਕਾਲ ਚਲਾਣੇ ‘ਤੇ ਧਾਮੀ ਵੱਲੋਂ ਦੁੱਖ ਪ੍ਰਗਟ
ਅੰਮ੍ਰਿਤਸਰ, 19 ਅਗਸਤ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …
Punjab Post Daily Online Newspaper & Print Media