ਅਦਾਲਤ ਨੇ ਦਿੱਤਾ 3 ਅ੍ਰਪੈਲ ਨੂੰ ਜਾਂਚ ਰਿਪੋਰਟ ਪੇਸ਼ ਕਰਨ ਦਾ ਹੁਕਮ
ਅੰਮ੍ਰਿਤਸਰ, 24 ਮਾਰਚ (ਨਰਿੰਦਰ ਪਾਲ ਸਿੰਘ)- ਕੜਕੜਡੂੰਮਾ ਦੀ ਸੀ.ਬੀ.ਆਈ ਅਦਾਲਤ ਵਲੋਂ ਸੀ.ਬੀ.ਆਈ ਨੂੰ ਜਗਦੀਸ਼ ਟਾਈਟਲਰ ਕੇਸ ਵਿੱਚ ਹੁਣ ਤੱਕ ਦੀ ਕੀਤੀ ਜਾਂਚ ਦੀ ਜਾਂਚ ਰਿਪੋਰਟ ਪੇਸ਼ ਕਰਨ ਦੇ ਦਿੱਤੇ ਆਦੇਸ਼ਾਂ ਦੇ ਮਾਮਲੇ ਸੀ.ਬੀ.ਆਈ ਅੱਜ ਅਦਾਲਤ ਵਿੱਚ ਜਾਂਚ ਰਿਪੋਰਟ ਪੇਸ਼ ਕਰਨ ਵਿੱਚ ਨਕਾਮ ਰਹੀ।ਜਾਂਚ ਬਿਊਰੋ ਵਲੋਂ ਪੁੱਜੇ ਅਧਿਕਾਰੀ ਨੇ ਮਾਨਯੋਗ ਜੱਜ ਪਾਸੋਂ ਹੋਰ ਸਮਾਂ ਮੰਗਿਆ, ਜਿਸ ਤੇ ਮਾਨਯੋਗ ਜੱਜ ਸ੍ਰੀ ਸੰਜੇ ਬਾਸਲ ਨੇ ਸੀ.ਬੀ.ਆਈ ਨੂੰ 3 ਅ੍ਰਪੈਲ ਨੂੰ ਹਰ ਹਾਲਤ ਵਿੱਚ ਜਾਂਚ ਰਿਪੋਰਟ ਅਦਾਲਤ ਵਿੱਚ ਪੇਸ਼ ਕਰਨ ਦੀ ਹਦਾਇਤ ਕੀਤੀ। ਟੈਲੀਫੂਨ ਤੇ ਜਾਣਕਾਰੀ ਦਿੰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਦੱਸਿਆ ਕਿ ਅਦਾਲਤ ਵਿੱਚ ਪੇਸ਼ ਸਿੱਖਸ ਫਾਰ ਜਸਟਿਸ ਦੀ ਐਡਵੋਕੇਟ ਮੈਡਮ ਕਾਮਨਾ ਵੋਹਰਾ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਉਹ ਸੀ.ਬੀ.ਆਈ ਨੂੰ ਨੋਟਿਸ ਜਾਰੀ ਕਰਕੇ ਹਦਾਇਤ ਜਾਰੀ ਕਰੇ ਕਿ ਨਵੰਬਰ 1984 ਕੇਸ ਦੇ ਮੁੱਖ ਗਵਾਹ ਸ੍ਰ. ਜਸਬੀਰ ਸਿੰਘ ਅਤੇ ਰੇਸ਼ਮ ਸਿੰਘ ਦੇ ਬਿਆਨ ਲਵੇ, ਜਿਸ ਤੇ ਮਾਨਯੋਗ ਜੱਜ ਸ੍ਰੀ ਸੰਜੇ ਬਾਂਸਲ ਨੇ ਸੀ.ਬੀ.ਆਈ ਨੂੰ ਜਾਂਚ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ।ਉਨ੍ਹਾਂ ਦੱਸਿਆ ਕਿ ਨਵੰਬਰ 84 ਕਤਲੇਆਮ ਦੇ ਦੋਸ਼ੀ ਕਾਂਗਰਸੀ ਲੀਡਰ ਜਗਦੀਸ਼ ਟਾਈਟਲਰ ਨੂੰ ਸੀ.ਬੀ.ਆਈ ਵੱਲੋਂ ਕਲੀਨ ਚਿੱਟ ਦਿੱਤੇ ਜਾਣ ਤੋਂ ਬਾਅਦ ਸਿੱਖਸ ਫਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵੱਲੋਂ ਕਲੀਨ ਚਿੱਟ ਨੂੰ ਚਣੌਤੀ ਦਿੱਤੀ ਗਈ ਸੀ।ਸ੍ਰ. ਪੀਰ ਮੁਹੰਮਦ ਨੇ ਕਿਹਾ ਕਿ 30 ਸਾਲ ਬਾਅਦ ਵੀ ਸਿੱਖ ਕੌਮ ਨੂੰ ਇਨਸਾਫ਼ ਦੇਣ ਦੀ ਬਜਾਏ ਜਾਣਬੁੱਝ ਕੇ ਇਸ ਕੇਸ ਨੂੰ ਲਮਕਾਇਆ ਜਾ ਰਿਹਾ ਹੈ।