Monday, December 23, 2024

ਐੱਸ.ਐੱਲ. ਬਾਵਾ ਡੀ.ਏ.ਵੀ ਕਾਲਜ ‘ਚ ਮਨੁੱਖੀ ਅਧਿਕਾਰਾਂ ਦੇ ਵਿਸ਼ੇ ‘ਤੇ ਸੈਮੀਨਾਰ

17 ਸਾਲਾਂ ‘ਚ ਮਨੁੱਖੀ ਅਧਿਕਾਰ ਕਮਿਸ਼ਨ ਨੇ 2 ਲੱਖ 11 ਹਜਾਰ ਪੀੜ੍ਹਤਾਂ ਨੂੰ ਇਨਸਾਫ ਦਿਵਾਇਆ – ਬਲਜਿੰਦਰ ਠਾਕੁਰ

PPN3101201502
ਬਟਾਲਾ, 31 ਜਨਵਰੀ (ਨਰਿੰਦਰ ਬਰਨਾਲ) – ਭਾਰਤੀ ਸੰਵਿਧਾਨ ‘ਚ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਵਿਸ਼ੇਸ਼ ਕਾਨੂੰਨ ਬਣਾਏ ਗਏ ਹਨ ਅਤੇ ਹਰ ਨਾਗਰਿਕ ਨੂੰ ਆਪਣੇ ਅਧਿਕਾਰਾਂ ਤੇ ਫਰਜਾਂ ਪ੍ਰਤੀ ਸੁਚੇਤ ਹੁੰਦਿਆਂ ਆਪਣੇ ਆਲੇ ਦੁਆਲੇ ਮਨੁੱਖੀ ਅਧਿਕਾਰਾਂ ਦੀ ਹੁੰਦੀ ਉਲੰਘਣਾਂ ਨੂੰ ਰੋਕਣ ਲਈ ਖੜ੍ਹੇ ਹੋਣਾ ਚਾਹੀਦਾ ਹੈ। ਇਹ ਪ੍ਰਗਟਾਵਾ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸ੍ਰੀ ਬਲਜਿੰਦਰ ਸਿੰਘ ਠਾਕੁਰ ਨੇ ਅੱਜ ਐੱਸ.ਐੱਲ. ਬਾਵਾ ਡੀ.ਏ.ਵੀ. ਕਾਲਜ ਬਟਾਲਾ ਵਿਖੇ ਮਨੁੱਖੀ ਅਧਿਕਾਰਾਂ ਸਬੰਧੀ ਕਰਾਏ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ।ਸ੍ਰੀ ਸਿੰਘ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦਾ ਖੇਤਰ ਬਹੁਤ ਵਿਸ਼ਾਲ ਹੈ ਅਤੇ ਬਹੁਤ ਸਾਰੇ ਵਿਸ਼ੇ ਮਨੁੱਖੀ ਅਧਿਕਾਰਾਂ ਦੇ ਖੇਤਰ ‘ਚ ਆਉਂਦੇ ਹਨ। ਉਨ੍ਹਾਂ ਕਿਹਾ ਕਿ ਭਾਂਵੇ ਕਿ ਸਾਡੇ ਸਵਿਧਾਨ ‘ਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਬਹੁਤ ਵਿਸਥਾਰ ‘ਚ ਕਾਨੂੰਨ ਬਣਾਏ ਗਏ ਹਨ ਪਰ ਫਿਰ ਵੀ ਕਿਸੇ ਪੱਧਰ ‘ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਨਾ ਹੋਵੇ ਇਸ ਲਈ ਸੰਨ 1994 ‘ਚ ਪਾਰਲੀਮੈਂਟ ਨੇ ਇੱਕ ਕਾਨੂੰਨ ਪਾਸ ਕਰਕੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਸਥਾਪਨਾ ਕੀਤੀ ਸੀ ਅਤੇ ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ 1997 ‘ਚ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੀ ਸਥਾਪਨਾ ਕੀਤੀ।
ਮਨੁੱਖੀ ਅਧਿਕਾਰਾਂ ਤੇ ਕਮਿਸ਼ਨ ਦੇ ਕੰਮ-ਕਾਜ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਬਲਜਿੰਦਰ ਸਿੰਘ ਠਾਕੁਰ ਨੇ ਦੱਸਿਆ ਕਿ ਜਦੋਂ ਕਿਸੇ ਵਿਅਕਤੀ ਨੂੰ ਇਨਸਾਫ ਨਾ ਮਿਲ ਰਿਹਾ ਹੋਵੇ ਜਾਂ ਕਿਸੇ ਵੀ ਰੂਪ ‘ਚ ਉਸਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਹੋ ਰਹੀ ਹੋਵੇ ਤਾਂ ਉਹ ਕਮਿਸ਼ਨ ਕੋਲ ਆਪਣੀ ਸ਼ਿਕਾਇਤ ਦਰਜ ਕਰਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੀਡੀਆ ‘ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਬਾਰੇ ਜੋ ਖਬਰਾਂ ਨਸ਼ਰ ਹੁੰਦੀਆਂ ਹਨ ਉਨ੍ਹਾਂ ਖਬਰਾਂ ਨੂੰ ਅਧਾਰ ਬਣਾ ਕੇ ਵੀ ਕਮਿਸ਼ਨ ਕਾਰਵਾਈ ਕਰਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਇਸਦੇ ਸਥਾਪਤੀ ਸਮੇਂ ਤੋਂ ਹੁਣ ਤੱਕ ਕੁੱਲ 2 ਲੱਖ 19 ਹਜਾਰ ਸ਼ਿਕਇਤਾਂ ਮਨੁੱਖੀ ਅਧਿਕਾਰਾਂ ਦੇ ਉਲੰਘਣਾਂ ਬਾਰੇ ਪਹੁੰਚੀਆਂ ਹਨ ਜਿਨ੍ਹਾਂ ‘ਚੋਂ ਕਮਿਸ਼ਨ ਨੇ 2 ਲੱਖ 11 ਹਜਾਰ ਸ਼ਿਕਾਇਤਾਂ ‘ਤੇ ਕਾਰਵਾਈ ਕਰਦੇ ਹੋਏ ਪੀੜ੍ਹਤਾਂ ਨੂੰ ਇਨਸਾਫ ਦਿਵਾਇਆ ਹੈ। ਉਨ੍ਹਾਂ ਕਿਹਾ ਕਿ ਜੋ 8 ਹਜਾਰ ਲੰਬਿਤ ਸ਼ਿਕਾਇਤਾਂ ਹਨ, ਉਨ੍ਹਾਂ ਉੱਪਰ ਵੀ ਕਾਰਵਾਈ ਚੱਲ ਰਹੀ ਹੈ ਅਤੇ ਜਲਦੀ ਹੀ ਇਨ੍ਹਾਂ ਸ਼ਿਕਾਇਤਾਂ ਦਾ ਨਿਬੇੜਾ ਵੀ ਕਰ ਦਿੱਤਾ ਜਾਵੇਗਾ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਅੱਗੇ ਆਉਣ ਅਤੇ ਸਮਾਜ ‘ਚ ਹੋ ਰਹੇ ਜੁਲਮਾਂ ਤੇ ਮਨੁੱਖ ਅਧਿਕਾਰਾਂ ਦੀ ਹੋ ਰਹੀ ਉਲੰਘਣਾਂ ਖਿਲਾਫ ਅਵਾਜ਼ ਬੁਲੰਦ ਕਰਨ।
ਇਸ ਮੌਕੇ ਕਾਲਜ ਪ੍ਰਿਸੀਪਲ ਡਾ. ਵੀ.ਕੇ. ਭਾਟੀਆ ਨੇ ਆਪਣੇ ਸੰਬੋਧਨ ‘ਚ ਵਿਦਿਆਰਥੀਆਂ ਨੂੰ ਕਿਹਾ ਕਿ ਸਭ ਤੋਂ ਪਹਿਲਾਂ ਸਾਨੂੰ ਕਾਨੂੰਨ ਦੀ ਸਮਝ ਹੋਣੀ ਚਾਹੀਦੀ ਹੈ ਅਤੇ ਫਿਰ ਸਾਨੂੰ ਜਿੰਮੇਵਾਰ ਨਾਗਰਿਕ ਬਣਦਿਆਂ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਮਾਜ ‘ਚ ਅਜੇ ਚੇਤਨਤਾ ਦੀ ਬਹੁਤ ਲੋੜ ਹੈ ਅਤੇ ਨੌਜਵਾਨ ਮਨੁੱਖੀ ਅਧਿਕਾਰਾਂ ਦੇ ਝੰਡਾ ਬਰਦਾਰ ਬਣਕੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰ ਸਕਦੇ ਹਨ। ਇਸ ਮੌਕੇ ਸਮੂਹ ਕਾਲਜ ਸਟਾਫ ਵੱਲੋਂ ਸ੍ਰੀ ਬਲਜਿੰਦਰ ਠਾਕੁਰ ਨੂੰ ਕਾਲਜ ਆਉਣ ‘ਤੇ ਗ਼ਾਦਗਾਰੀ ਚਿੰਨ ਦੇ ਕੇ ਸਨਮਾਨਤ ਵੀ ਕੀਤਾ। ਇਸ ਮੌਕੇ ਸ੍ਰੀ ਪੰਕਜ ਮਹਾਜਨ, ਪ੍ਰੋਫੈਸਰ ਦੁੱਗਲ, ਪz. ਦਿਨੇਸ ਕੁਮਾਰ, ਰਾਜੀਵ ਮੇਹਿਤਾ, ਮਨਜੀਤ ਸਿੰਘ, ਨਿਤੀਕਾ, ਸੰਜੀਵ, ਸੋਨੀਆ ਸ਼ਰਮਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply