
ਬਠਿੰਡਾ, 27  ਮਾਰਚ  (ਜਸਵਿੰਦਰ ਸਿੰਘ ਜੱਸੀ) – ਅਸਮਾਨ ਵਿੱਚ ਛਾਏ ਘਣੇ ਬਾਦਲਾਂ ਨੇ ਜਿਥੇ ਗਰਮੀਆਂ ਵਿੱਚ ਲੋਕਾਂ ਨੂੰ ਕੰਬਣੀ ਛੇੜੀ ਹੈ, ਉਥੇ ਸੰਸਦੀ ਸੀਟ ਤੋਂ ਚੋਣ ਮੈਦਾਨ ਵਿੱਚ ਨਿੱਤਰੇ ਬਾਦਲ ਪਰਿਵਾਰਾਂ ਦੇ ਉਮੀਦਵਾਰ ਬਠਿੰਡੇ ਦਾ ਮੌਸਮੀ ਪਾਰਾ ਡਿੱਗ ਜਾਣ ‘ਤੇ ਵੀ ਵਾਤਾਵਰਣ ਵਿੱਚ ਗਰਮੀ ਦਾ ਅਹਿਸਾਸ ਕਰਵਾ ਰਹੇ ਹਨ।ਇਸੇ ਲਈ ਕਿਹਾ ਜਾ ਰਿਹਾ ਹੈ ਕਿ ਬਠਿੰਡੇ ਵਿੱਚ ਬਾਦਲ ਹੀ ਬਾਦਲ ਛਾਏ ਹੋਏ ਹਨ।ਸਿਆਸੀ ਪਾਰਟੀਆਂ ਲਈ ਵੱਕਾਰ ਦਾ ਸਵਾਲ ਬਣੀ ਬਠਿੰਡਾ ਸੰਸਦੀ ਸੀਟ ਤੋਂ ਇਸ ਵਾਰ ਮੌਜੂਦਾ ਸੰਸਦ ਮੈਂਬਰ, ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਅਤੇ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਤਕੜੀ ਟੱਕਰ ਦੇਣ ਲਈ ਅਕਾਲੀ ਦਲ ਬਾਦਲ ਨੂੰ ਛੱਡ ਕੇ ਪੀਪਲਜ ਪਾਰਟੀ ਆਫ ਪੰਜਾਬ ਬਨਾਉਣ ਵਾਲੇ ਮੁੱਖ ਮੰਤਰੀ ਸ੍ਰ. ਬਾਦਲ ਦੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਨਾਲ ਗੰਢ ਤੁਪ ਕਰਕੇ ਮੈਦਾਨ ਵਿੱਚ ਕੁੱਦੇ ਹਨ, ਜਿੰਨਾਂ ਦੀ ਹਮਾਇਤ ‘ਤੇ ਹੋਰ ਪਾਰਟੀਆਂ ਵੀ ਆ ਰਹੀਆਂ ਹਨ।ਜਿਸ ਨਾਲ ਬਠਿੰਡੇ ਤੋਂ ਇਸ ਵਾਰ ਘਮਸਾਨ ਦਾ ਯੁੱਧ ਹੋਣ ਦੇ ਆਸਾਰ ਨਜਰ ਆ ਰਹੇ ਹਨ, ਜਦ ਬਠਿੰਡਾ ਦੀ ਸੰਸਦੀ ਸੀਟ ਤੋਂ ਦਿਓਰ ਭਰਜਾਈ ਦਾ ਹਾਸੇ ਠੱਠੇ ਵਾਲਾ ਰਿਸ਼ਤਾ ਸਿਆਸੀ ਰਾਜਨੀਤਕ ਕੁੱੜਤਣ ‘ਚ ਬਦਲ ਰਿਹਾ ਹੈ।ਖੈਰ, ਹੁਣ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਮ੍ਹਣੇ-ਸਾਮ੍ਹਣੇ ਹੋਏ ਬਾਦਲ ਅੱਗੇ ਜਾ ਕੇ ਕੀ ਰੰਗ ਦਿਖਾਉਂਦੇ ਹਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					