
ਫਾਜਿਲਕਾ, 16 ਫਰਵਰੀ (ਵਿਨੀਤ ਅਰੋੜਾ) – ਫ਼ਾਜਿਲਕਾ-ਅਬੋਹਰ ਰੋਡ ‘ਤੇ ਪਿੰਡ ਖੁਈਖੇੜਾ ਦੇ ਨੇੜੇ ਇੱਕ ਭਿਆਨਕ ਸੜਕ ਹਾਦਸੇ ‘ਚ ਫ਼ਾਜ਼ਿਲਕਾ ਦੇ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਨੌਜਵਾਨਾਂ ਦੀ ਮੌਤ ਨਾਲ ਫ਼ਾਜ਼ਿਲਕਾ ਇਲਾਕੇ ਅੰਦਰ ਪੂਰੀ ਤਰ੍ਹਾਂ ਮਾਤਮ ਛਾ ਗਿਆ ਹੈ।ਬੀਤੀ ਦੇਰ ਰਾਤ ਨੂੰ ਕਰਨ ਕੰਬੋਜ (25) ਪੁੱਤਰ ਲਾਲ ਚੰਦ ਵਾਸੀ ਕੈਲਾਸ਼ ਨਗਰ ਫ਼ਾਜ਼ਿਲਕਾ, ਦੀਪਕ ਛਾਬੜਾ (27) ਪੁੱਤਰ ਸੁਰਿੰਦਰ ਕੁਮਾਰ ਵਾਸੀ ਸੋਢੀਆ ਗਲੀ ਗਾਂਧੀ ਨਗਰ ਫ਼ਾਜ਼ਿਲਕਾ ਜੋ ਕਿ ਇੱਕ ਵਿਆਹ ਸਮਾਗਮ ਵਿੱਚ ਭਾਗ ਲੈਣ ਲਈ ਅਪਣੀ ਜੈਨ ਕਾਰ ਤੇ ਫ਼ਾਜ਼ਿਲਕਾ ਤੋਂ ਅਬੋਹਰ ਜਾ ਰਹੇ ਸਨ ਕਿ ਪਿੰਡ ਖੁਈਖੇੜਾ ਦੇ ਕੋਲ ਸਾਹਮਣੇ ਤੋਂ ਆ ਰਹੀ ਇੱਕ ਪਿਕਅਪ ਗੱਡੀ ਜੋ ਕਿ ਕਿੰਨੂਆਂ ਦੇ ਕਰੇਟਾਂ ਨਾਲ ਭਰੀ ਹੋਈ ਸੀ, ਦੇ ਨਾਲ ਟੱਕਰ ਹੋ ਗਈ। ਟੱਕਰ ਐਨੀ ਜ਼ਬਰਦਸਤ ਸੀ ਕਿ ਮੌਕੇ ‘ਤੇ ਹੀ ਕਰਨ ਅਤੇ ਦੀਪਕ ਦੀ ਮੌਤ ਹੋ ਗਈ। ਜਦ ਕਿ ਪਿਕਅਪ ਗੱਡੀ ਦੇ ਡਰਾਈਵਰ ਧਰਮਪਾਲ ਪੁੱਤਰ ਅੰਮੀ ਚੰਦ ਵਾਸੀ ਮੋਹਨ ਕੇ ਹਿਠਾੜ ਜ਼ਖ਼ਮੀ ਹੋ ਗਿਆ, ਜਿਸ ਨੂੰ 108 ਐਂਬੂਲੈਂਸ ਨੇ ਖੁਈਖੇੜਾ ਹਸਪਤਾਲ ਵਿਖੇ ਭਰਤੀ ਕਰਵਾਇਆ। ਚੌਂਕੀ ਖੁਈਖੇੜਾ ਪੁਲਿਸ ਦੇ ਏ.ਐੱਸ.ਆਈ. ਬਲਵੀਰ ਸਿੰਘ ਨੇ ਮ੍ਰਿਤਕ ਦੀਪਕ ਛਾਬੜੇ ਦੇ ਭਰਾ ਅਮਿੱਤ ਛਾਬੜਾ ਦੇ ਬਿਆਨਾਂ ‘ਤੇ ਪਿਕਅਪ ਗੱਡੀ ਦੇ ਡਰਾਈਵਰ ਧਰਮਪਾਲ ਦੇ ਖ਼ਿਲਾਫ਼ ਧਾਰਾ 304 ਏ ਤਹਿਤ ਮਾਮਲਾ ਦਰਜ ਕਰ ਲਿਆ ਹੈ।
Punjab Post Daily Online Newspaper & Print Media