
ਅੰਮ੍ਰਿਤਸਰ, 23 ਮਾਰਚ (ਪ੍ਰੀਤਮ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ ਦੇਸ਼ ਦੇ ਨਾਮਵਰ ਕਵੀ ਸ਼ਾਇਰ ਲੁਧਿਆਣਵੀ ਦੇ ਜਨਮ ਦਿਨ ਨੂੰ ਸਮਰਪਿਤ 12ਵੀਂ ਸੰਗਤਿਕ ਸ਼ਾਮ ‘ਸੁਣ ਜਾ ਦਿਲ ਕੀ ਦਾਸਤਾ’ ਆਯੋਜਿਤ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਗਾਇਕਾਂ ਅਤੇ ਕਲਾਕਾਰਾਂ ਨੇ ਇਸ ਮਹਾਨ ਕਵੀ ਦੀਆਂ ਗਜ਼ਲਾਂ ਅਤੇ ਗਾਇਕੀ ਨੂੰ ਸਮਰਪਿਤ ਪੇਸ਼ਕਾਰੀ ਕਰਕੇ ਖੂਬ ਸਮਾਂ ਬੰਨ੍ਹਿਆ।
ਆਰਟ ਗੈਲਰੀ ਦੇ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ, ਨੇ ਕਿਹਾ ਕਿ ਉੱਘੇ ਸ਼ਾਇਰ ਲੁਧਿਆਣਵੀ ਨੂੰ ਸੱਚੀ ਸ਼ਰਧਾਂਜਲੀ ਕਲਾਕਾਰਾਂ ਨੂੰ ਉਨ੍ਹਾਂ ਦਾ ਮਾਣ-ਸਨਮਾਨ ਦੇ ਕੇ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕਲਾਕਾਰ ਬਹੁਤ ਸਮੇਂ ਬਾਅਦ ਦੁਨੀਆ ‘ਤੇ ਆਉਂਦੇ ਹਨ, ਜੋ ਆਪਣੀ ਕਲਾ ਨਾਲ ਸਾਡੇ ਸਮਾਜ ਨੂੰ ਸੇਧ ਦਿੰਦੇ ਹਨ।
ਇਸ ਮੌਕੇ ਮੁੱਖ ਕਲਾਕਾਰਾਂ ਜਿਨ੍ਹਾਂ ਨੇ ਸ਼ਾਇਰ ਲੁਧਿਆਣਵੀਂ ਨੂੰ ਗਾਇਕੀ ਨੂੰ ਸਮਰਪਿਤ ਪੇਸ਼ਕਾਰੀ ਦਿੱਤੀ, ਉਨ੍ਹਾਂ ਵਿੱਚ ਉੱਘੀ ਕੱਵਾਲ ਗਾਇਕਾ ਹਰਗੁਨ, ਗਜ਼ਲ ਗਾਇਕ ਤਜਿੰਦਰ ਅਦਾ, ਮਿਸ ਕਾਜਲ, ਮਿਸ ਪ੍ਰਾਗਿਆ, ਸ਼ਮਸ਼ੇਰ ਬਹਾਦੁਰ ਸਿੰਘ, ਰੂਪਾਲੀ, ਡਾਂਸਰ ਲਤਿਕਾ ਅਤੇ ਸਾਲੋਨੀ ਸ਼ਾਮਿਲ ਸਨ। ਇਸ ਤੋਂ ਪਹਿਲਾਂ ਸ: ਛੀਨਾ ਅਤੇ ਆਰਟ ਗੈਲਰੀ ਦੇ ਆਨਰੇਰੀ ਜਨ: ਸਕੱਤਰ ਡਾ. ਪੀ. ਐੱਸ. ਗਰੋਵਰ, ਚੇਅਰਮੈਨ ਸ: ਮਹਿੰਦਰਜੀਤ ਸਿੰਘ, ਹਰਮਿੰਦਰ ਸਿੰਘ ਫ੍ਰੀਡੰਮ ਨਾਲ ਮਿਲਕੇ ਕਲਾਕਾਰਾਂ ਦਾ ਸਨਮਾਨ ਕੀਤਾ। ਇਸ ਮੌਕੇ ਤਜਿੰਦਰ ਅਦਾ, ਰੇਖਾ ਮਹਾਜਨ ਅਤੇ ਰੂਪਾਲੀ ਛਾਬੜਾ ਨੂੰ ‘ਆਰਟਿਸਟ ਆਫ਼ ਯੀਅਰ’ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ।
Punjab Post Daily Online Newspaper & Print Media