Saturday, April 18, 2026

ਮਰਾਠੀ ਸਾਹਿਤ ਸੰਮੇਲਨ ਕੌਮੀ ਏਕਤਾ ਵੱਲ ਕਦਮ – ਸੁਖਬੀਰ ਬਾਦਲ

ਮਰਾਠਵਾੜਾ ਯੂਨੀਵਰਸਿਟੀ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ‘ਤੇ ਚੇਅਰ ਸਥਾਪਿਤ ਕਰਨ ਦਾ ਐਲਾਨ

ਘੁਮਾਣ ਵਿਖੇ 88 ਵਾਂ ਅਖਿਲ ਮਰਾਠੀ ਸਾਹਿਤ ਸੰਮੇਲਨ ਸਮਾਪਤ

PPN0504201504
ਘੁਮਾਣ (ਗੁਰਦਾਸਪੁਰ), 5 ਅਪ੍ਰੈਲ (ਨਰਿੰਦਰ ਬਰਨਾਲ) –  ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੀ ਧਰਤੀ ‘ਤੇ ਹੋਇਆ ਮਰਾਠੀ ਸਾਹਿਤ ਸੰਮੇਲਨ ਕੌਮੀ ਏਕਤਾ ਦਾ ਪ੍ਰਤੀਕ ਹੈ ਅਤੇ ਇਸ ਸੰਮੇਲਨ ਨਾਲ ਪੰਜਾਬ ਤੇ ਮਹਾਂਰਾਸ਼ਟਰ ਵਿਚਲਾ ਸਦੀਆਂ ਪੁਰਾਣਾ ਰਿਸ਼ਤਾ ਹੋਰ ਮਜ਼ਬੂਤ ਹੋਇਆ ਹੈ। ਉਨ੍ਹਾਂ ਨੇ ਕੇਂਦਰੀ ਰੇਲਵੇ ਮੰਤਰੀ ਤੋਂ ਮੰਗ ਵੀ ਰੱਖੀ ਕਿ ਮਹਾਂਰਾਸ਼ਟਰ ਤੇ ਪੰਜਾਬ ਵਿਚਲੇ ਦੋਵੇਂ ਸੂਬਿਆਂ ਦੇ ਵਾਸੀਆਂ ਦੀ ਆਸਥਾ ਦੇ ਕੇਂਦਰਾਂ ਨੂੰ ਜੋੜਨ ਲਈ  ਸਿੱਧੀ ਰੇਲ ਸੇਵਾ ਸ਼ੁਰੂ ਕੀਤੀ ਜਾਵੇ। ਇਸ ਤੋੋਂ ਇਲਾਵਾ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਦਵੇਂਦਰ ਫੜਨਵੀਸ ਨੇ ਮਰਾਠਵਾੜਾ ਵਿਖੇ ਸਵਾਮੀ ਰਾਮਾਨੰਦ ਤੀਰਥ ਯੂਨੀਵਰਸਿਟੀ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ‘ਤੇ ਚੇਅਰ ਸਥਾਪਿਤ ਕਰਨ ਦਾ ਵੀ ਐਲਾਨ ਕੀਤਾ।
ਅੱਜ ਇੱਥੇ ਕੇਂਦਰੀ ਰੇਲਵੇ ਮੰਤਰੀ ਸ਼੍ਰੀ ਸੁਰੇਸ਼ ਪ੍ਰਭੂ, ਮਹਾਂਰਾਸ਼ਟਰ ਦੇ ਸਿੱਖਿਆ ਮੰਤਰੀ ਵਿਨੋਦ ਤਾਵੜੇ ਦੀ ਹਾਜ਼ਰੀ ਵਿਚ 88 ਵੇਂ ਮਰਾਠੀ ਸਾਹਿਤ ਸੰਮੇਲਨ ਦੀ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਮਹਾਂਰਾਸ਼ਟਰ ਦਾ ਰਿਸ਼ਤਾ ਬਹੁਤ ਪੁਰਾਣਾ ਹੈ ਅਤੇ ਦੋਹਾਂ ਕੌਮਾਂ ਜੰਗਜੂ ਹੋਣ ਤੇ ਨਾਲ-ਨਾਲ, ਸਾਹਿਤ ਪ੍ਰੇਮੀ ਅਤੇ ਦੇਸ਼ ਦੀ ਲੜਾਈ ਵਿਚ ਮੋਹਰੀ ਰੋਲ ਨਿਭਾਉਣ ਵਾਲੀਆਂ ਹਨ। ਦੇਸ਼ ਭਰ ਦੇ ਸੂਬਿਆਂ ਵਿਚਕਾਰ ਅਜਿਹੇ ਸੰਮੇਲਨ ਕਰਵਾਏ ਜਾਣ ਦੀ ਜ਼ੋਰਦਾਰ ਵਕਾਲਤ ਕਰਦਿਆਂ ਭਾਰਤ ਇਕ ਵਿਭਿੰਨਤਾਵਾਂ ਵਾਲਾ ਦੇਸ਼ ਹੈ, ਜਿੱਥੇ ਲੋਕਾਂ ਵਿਚ ਸਾਹਿਤ ਦੇ ਧਾਰਮਿਕ ਸ਼ਹਿਣਸੀਲਤਾ ਰਾਹੀਂ ਕੌਮੀ ਏਕਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ।
ਮਹਾਂਰਾਸ਼ਟਰ ਤੋਂ ਆਏ ਲੋਕਾਂ ਦਾ ਸਵਾਗਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਵੱਡੀ ਗਿਣਤੀ ਵਿਚ ਨਾਂਦੇੜ ਵਿਖੇ ਗੁਰੂ ਗੋਬਿੰਦ  ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ‘ਤੇ ਜਾਂਦੇ ਹਨ ਜਦਕਿ ਮਰਾਠੀ ਲੋਕ ਘੁਮਾਣ ਵਿਖੇ ਸਜਦਾ ਕਰਨ ਆਉਂਦੇ ਹਨ ਜਿੱਥੇ ਭਗਤ ਨਾਮਦੇਵ ਜੀ ਨੇ 20 ਸਾਲ ਦੇ ਕਰੀਬ ਗੁਜ਼ਾਰੇ। ਉਨ੍ਹਾਂ ਕਿਹਾ ਕਿ ਦੋਹਾਂ ਸੂਬਿਆਂ ਦੇ ਲੋਕਾਂ ਦੀ ਸਹੂਲਤ ਲਈ ਘੁਮਾਣ ਤੋਂ ਨਾਂਦੇੜ ਤੱਕ ਸਿੱਧੀ ਰੇਲ ਸੇਵਾ ਸ਼ੁਰੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ‘ਦੋਹਾਂ ਸੂਬਿਆਂ ਦੇ ਲੋਕਾਂ ਦੇ ਏਨੀ ਸਮਾਨਤਾ ਹੈ ਕਿ ਮੈਂ ਅੱਜ  ਮਰਾਠੀ ਆਮਰਸ ਤੇ ਪੂਰੀ ਖਾਧੀ ਜਿਸਦਾ ਸਵਾਦ ਵੀ ਪੰਜਾਬੀ ਖਾਣੇ ਵਾਂਗ ਵੀ ਸੀ’।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ -ਭਾਜਪਾ ਸਰਕਾਰ ਹਮੇਸ਼ਾ ਹੀ ਭਾਈਚਾਰਕ ਏਕਤਾ ਦੀ ਮੁਦਈ ਰਹੀ ਹੈ ਅਤੇ ਪਿਛਲੇ ਇਕ ਮਹੀਨੇ ਤੋਂ ਮੁੱਖ ਮੰਤਰੀ ਵਲੋਂ ਖੁਦ ਇਸ ਸੰਮੇਲਨ ਦੇ ਪ੍ਰਬੰਧਾਂ ਦਾ ਨਿੱਜੀ ਤੌਰ ‘ਤੇ ਜਾਇਜ਼ਾ ਲਿਆ ਜਾ ਰਿਹਾ ਹੈ। ਮਰਾਠੀ ਭਾਸ਼ਾ ਵਿਚ ਲੋਕਾਂ  ਦਾ ਸਵਾਗਤ ਕਰਦੇ ਹੋਏ ਉਨ੍ਹਾਂ ਐਲਾਨ ਕੀਤਾ ਕਿ ਅਗਲੇ ਸਾਲ ਮਰਾਠੀ ਸੰਮੇਲਨ ਲਈ ਹੋਰ ਵੀ ਪੁਖਤਾ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਨੇ ਗੁਰਦਾਸਪੁਰ ਜਿਲ੍ਹੇ ਵਿਚ ਸਰਕਾਰੀ ਛੁੱਟੀ ਦਾ ਵੀ ਐਲਾਨ ਕੀਤਾ।
ਇਸ ਮੌਕੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਦਵੇਂਦਰ ਫੜਨਵੀਸ ਨੇ ਪੰਜਾਬੀ ਵਿਚ ਗੁਰੂ ਨਾਨਕ ਦੇਵ ਜੀ ਤੇ ਹੋਰ ਗੁਰੂ ਸਾਹਿਬਾਨਾਂ ਦੀ ਧਰਤੀ ਨੂੰ ਨਮਸਕਾਰ ਕਹਿੰਦੇ ਹੋਏ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਧਾਰਮਿਕ ਸ਼ਹਿਣਸੀਲਤਾ ਤੇ ਏਕਤਾ ਦਾ ਸਬਕ ਦਿੱਤਾ। ਉਨ੍ਹਾਂ ਕਿਹਾ ਕਿ ਦੋਹਾਂ ਸੂਬਿਆਂ ਦਾ ਰਿਸ਼ਤਾ 700 ਸਾਲ ਪੁਰਾਣਾ ਹੈ ਅਤੇ ਅਜਿਹੇ ਸੰਮੇਲਨ ਦੋਹਾਂ ਸੂਬਿਆਂ ਦੇ ਰਿਸ਼ਤਿਆਂ ਨੂੰ ਹੋਰ ਸ਼ਕਤੀ ਪ੍ਰਦਾਨ ਕਰਦੇ ਹਨ।  ਉਨ੍ਹਾਂ ਨੇ ਪੰਜਾਬ ਸਰਕਾਰ ਤੇ ਸਾਹਿਤ ਪ੍ਰੇਮੀਆਂ ਨੂੰ ਸੱਦਾ ਦਿੱਤਾ ਕਿ ਮਹਾਂਰਾਸ਼ਟਰ ਵਿਖੇ ਵੀ ਪੰਜਾਬੀ ਸੰਮੇਲਨ ਕਰਵਾਇਆ ਜਾਵੇ ਜਿਸ ਲਈ ਮਹਾਂਰਾਸ਼ਟਰ ਸਰਕਾਰ ਵਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਮੁੱਖ ਮੰਤਰੀ ਨੇ ਮਰਾਠਵਾੜਾ ਦੀ  ਸਵਾਮੀ ਰਾਮਾਨੰਦ ਤੀਰਥ ਯੂਨੀਵਰਸਿਟੀ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ‘ਤੇ ਚੇਅਰ ਸਥਾਪਿਤ ਕਰਨ ਦਾ ਐਲਾਨ ਵੀ ਕੀਤਾ।
ਕੇਂਦਰੀ ਰੇਲਵੇ ਮੰਤਰੀ ਸ੍ਰੀ ਸੁਰੇਸ਼ ਪ੍ਰਭੂ ਨੇ ਕਿਹਾ ਕਿ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਉਹ ਪਿਛਲੇ ਕੁਝ ਦਿਨਾਂ ਵਿਚ ਹੀ ਪੰਜਾਬ ਦੀ ਧਰਤੀ ‘ਤੇ ਆਏ ਹਨ। ਉਨ੍ਹਾਂ ਕਿਹਾ ਕਿ ਦੋਹਾਂ ਸੂਬਿਆਂ ਦੇ ਲੋਕ ਇਕੋ ਸੋਚ ਦੇ ਧਾਰਨੀ ਹਨ ਅਤੇ ਜੋ ਸਤਿਕਾਰ ਸ਼ਹੀਦ ਭਗਤ ਸਿੰਘ ਦਾ ਪੰਜਾਬ ਵਿਚ  ਹੈ ਉਹੀ ਮਹਾਂਰਾਸ਼ਟਰ ਵਿਚ ਹੈ।  ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਦੇਸ਼ ਦੀ ਆਜਾਦੀ ਤੇ ਅਨਾਜ ਸੁਰੱਖਿਆ ਯਕੀਨੀ ਬਣਾਉਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਹਰ ਪੱਖੋਂ ਦੇਸ਼ ਦੀ ਅਗਵਾਈ ਕੀਤੀ ਹੈ।
ਇਸ ਮੌਕੇ ਪੰਜਾਬ ਸਰਕਾਰ ਵਲੋਂ ਮਹਾਂਰਾਸ਼ਟਰ ਤੋਂ ਆਏ ਪ੍ਰਮੁੱਖ ਸਿਆਸੀ ਵਿਅਕਤੀਆਂ ਤੋਂ ਇਲਾਵਾ ਉੱਘੇ ਸਾਹਿਤਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਮਹਾਂਰਾਸ਼ਟਰ ਦੇ ਸਿੱਖਿਆ ਮੰਤਰੀ ਸ੍ਰੀ ਵਿਨੋਦ ਤਾਵੜੇ , ਸਾਬਕਾ ਗਵਰਨਰ ਜਨਰਲ ਜੇ.ਜੇ. ਸਿੰਘ ਤੇ ਅਨੇਕਾਂ ਸਾਹਿਤਕ ਹਸਤੀਆਂ ਨੇ ਵੀ ਸੰਬੋਧਨ ਕੀਤਾ। ਮਹਾਂਰਾਸ਼ਟਰ ਤੋਂ ਆਏ ਲੋਕਾਂ ਵਲੋਂ ਸੰਬੋਧਨ ਦੌਰਾਨ ਪੰਜਾਬ ਸਰਕਾਰ ਵਲੋਂ ਸੰਮੇਲਨ ਲਈ ਕੀਤੇ ਪ੍ਰਬੰਧਾਂ ਤੇ ਪੰਜਾਬੀਆਂ ਦੀ ਮਹਿਮਾਨ ਨਵਾਜ਼ੀ ਲਈ ਧੰਨਵਾਦ ਕੀਤਾ ਗਿਆ।
ਸਮਾਗਮ ਦੌਰਾਨ ਸਦਾਨੰਦ ਗੌੜ, ਜਤਿੰਦਰ ਪੰਨੂ, ਰਹਿਮਤ ਰਾਹੀ, ਸਰਹੱਦ ਫਾਊਂਡੇਸ਼ਨ ਤੋਂ ਸੰਜੇ ਨਾਹਰ, ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਭਾਰਤ ਦੇਸਦਲਾ ਆਦਿ ਨੇ ਵੀ ਸੰਬੋਧਨ ਕੀਤਾ। ਇਸ ਤੋਂ ਇਲਾਵਾ ਸੰਸਦੀ ਸਕੱਤਰ ਦੇਸ ਰਾਜ ਧੁੱਗਾ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ, ਚੇਅਰਮੈਨ ਕੁਲਵੰਤ ਸਿੰਘ ਚੀਮਾ, ਕੈਪਟਨ ਬਲਬੀਰ ਸਿੰਘ ਬਾਠ ਆਦਿ ਹਾਜ਼ਰ ਸਨ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply