Wednesday, August 12, 2026

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਮਹਿਲ ਦਾ ਨਵੀਨੀਕਰਨ ਸ਼ੁਰੂ

ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਵੱਲੋਂ ਮਹਿਲ ਦੀ ਮੁਰੰਮਤ ਲਈ 5 ਲੱਖ ਦੀ ਗ੍ਰਾਂਟ ਦਾ ਐਲਾਨ

PPN0804201502
ਬਟਾਲਾ, 8 ਅਪ੍ਰੈਲ (ਨਰਿੰਦਰ ਬਰਨਾਲ) – ਸਿੱਖ ਇਤਿਹਾਸ ਦੇ ਮਹਾਨ ਯੋਧੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਸ੍ਰੀ ਹਰਗੋਬਿੰਦਪੁਰ ਸਥਿਤ ਮਹਿਲਾਂ ਦੀ ਮੁਰੰਮਤ ਤੇ ਮੁੜ ਉਸਾਰੀ ਦੇ ਕਾਰਜਾਂ ਦਾ ਉਦਘਾਟਨ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਵੱਲੋਂ ਕੀਤਾ ਗਿਆ। ਰਾਮਗੜ੍ਹੀਆ ਸਿੱਖ ਹੈਰੀਟੇਜ ਟਰੱਸਟ (ਰਜਿ:) ਵੱਲੋਂ ਕਰਾਏ ਇਸ ਸਮਾਗਮ ਵਿੱਚ ਪਹੁੰਚੇ ਕੇਂਦਰੀ ਰਾਜ ਮੰਤਰੀ ਸ੍ਰੀ ਸਾਂਪਲਾ ਨੇ ਇਸ ਮਹਿਲ ਦੀ ਮੁੜ ਉਸਾਰੀ ਲਈ ਆਪਣੇ ਅਖਿਤਿਆਰੀ ਕੋਟੇ ‘ਚੋਂ 5 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਕੀਤਾ।
ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ 18ਵੀਂ ਸਦੀ ਉਹ ਮਹਾਨ ਸਿੱਖ ਜਰਨੈਲ ਹੋਏ ਹਨ ਜਿਨ੍ਹਾਂ ਨੇ ਮੁਗਲ ਹਕੂਮਤ ਨਾਲ ਟੱਕਰ ਲੈਂਦਿਆਂ ਦਿੱਲੀ ਦਾ ਲਾਲ ਕਿਲਾ ਫਤਿਹ ਕੀਤਾ ਸੀ। ਉਨ੍ਹਾਂ ਕਿਹਾ ਕਿ ਸ੍ਰੀ ਹਰਗੋਬਿੰਦਪੁਰ ਜੋ ਕਿ ਗੁਰੁ ਸਾਹਿਬ ਦੀ ਵਰਸੋਈ ਨਗਰੀ ਹੈ ਇਥੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਆਪਣਾ ਮਹਿਲ ਬਣਾਇਆ ਸੀ ਅਤੇ ਇਸ ਇਲਾਕੇ ‘ਤੇ ਰਾਮਗੜ੍ਹੀਆ ਮਿਸਲ ਨੇ ਆਪਣਾ ਰਾਜ ਕੀਤਾ ਸੀ। ਉਨ੍ਹਾਂ ਕਿਹਾ ਕਿ ਇਤਿਹਾਸ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਏ ਦੀਆਂ ਬਹਾਦਰੀ ਦੀਆਂ ਦਾਸਤਾਨਾਂ ਨਾਲ ਭਰਿਆ ਪਿਆ ਹੈ ਅਤੇ ਲੋੜ ਹੈ ਨਵੀਂ ਪੀੜ੍ਹੀ ਨੂੰ ਆਪਣੇ ਗੌਰਵਮਈ ਵਿਰਸੇ ਤੋਂ ਜਾਣੂ ਹੋਣ ਦੀ। ਸ੍ਰੀ ਸਾਂਪਲਾ ਨੇ ਰਾਮਗੜ੍ਹੀਆ ਸਿੱਖ ਹੈਰੀਟੇਜ ਟਰੱਸਟ ਦੇ ਇਸ ਉੱਦਮ ਦੀ ਸਰਾਹਨਾ ਕਰਦਿਆਂ ਕਿਹਾ ਕਿ ਟਰੱਸਟ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਮਹਿਲ ਦੀ ਜੋ ਮੁੜ ਉਸਾਰੀ ਦਾ ਬੀੜਾ ਚੁੱਕਿਆ ਹੈ ਇਸ ਲਈ ਟਰੱਸਟ ਵਧਾਈ ਦੀ ਪਾਤਰ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਕੀਮਤੀ ਇਤਿਹਾਸਕ ਧਰੋਹਰ ਦਾ ਪਤਾ ਹੀ ਨਹੀਂ ਸੀ ਅਤੇ ਟਰੱਸਟ ਦੇ ਉੱਦਮ ਸਦਕਾ ਹੁਣ ਇਹ ਮੁੜ-ਸੁਰਜੀਤ ਹੋ ਗਈ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਟਰੱਸਟ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ।
ਇਸ ਮੌਕੇ ਰਾਮਗੜ੍ਹੀਆ ਸਿੱਖ ਹੈਰੀਟੇਜ ਟਰੱਸਟ ਦੇ ਮੈਨੇਜਿੰਗ ਟਰੱਸਟੀ ਸ. ਲਛਮਣ ਸਿੰਘ ਨੇ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਿੱਖ ਇਤਿਹਾਸ ਦੇ ਬਹੁਤ ਮਹਾਨ ਯੋਧੇ ਤੇ ਸ਼ਾਸ਼ਕ ਹੋਏ ਹਨ ਅਤੇ ਸਾਨੂੰ ਜਿਥੇ ਉਨ੍ਹਾਂ ਦੇ ਮਾਣਮੱਤੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਹੈ ਉਥੇ ਉਨ੍ਹਾਂ ਨਾਲ ਸਬੰਧਤ ਇਤਿਹਾਸਕ ਸਥਾਨਾਂ ਦੀ ਸਾਂਭ-ਸੰਭਾਲ ਲਈ ਯਤਨ ਕਰਨੇ ਚਾਹੀਦੇ ਹਨ। ਟਰੱਸਟ ਵੱਲੋਂ ਮਹਾਂਰਾਜਾ ਜੱਸਾ ਸਿੰਘ ਰਾਮਗੜ੍ਹੀਏ ਨਾਲ ਸਬੰਧਤ ਹੋਰ ਇਤਿਹਾਸਕ ਸਥਾਨਾ ਦੀ ਦੇਖ-ਭਾਲ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਸਰਕਾਰ ਅਤੇ ਲੋਕਾਂ ਦੀ ਮਦਦ ਨਾਲ ਮਹਾਰਾਜਾ ਜੱਸਾ ਸਿੰਘ ਦੇ ਮਹਿਲ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ ਅਤੇ ਆਪਣੀ ਬੇਸ਼ਕੀਮਤੀ ਵਿਰਾਸਤ ਨੂੰ ਨੌਜਵਾਨ ਪੀੜ੍ਹੀ ਦੇ ਦਰਸ਼ਨਾਂ ਲਈ ਖੋਲਿਆ ਜਾਵੇਗਾ। ਇਸ ਮੌਕੇ ਟਰੱਸਟ ਵੱਲੋਂ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਅਤੇ ਟਰੱਸਟ ਦੇ ਮੈਂਬਰਾਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ।ਇਸ ਮੌਕੇ ਟਰੱਸਟ ਦੇ ਚੇਅਰਮੈਨ ਓਕਾਰ ਸਿੰਘ ਸੰਧੂ, ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਦੇ ਪ੍ਰਧਾਨ ਹਰਜੀਤ ਭੱਲਾ, ਵਰਿੰਦਰਜੀਤ ਸਿੰਘ ਆਰਕੀਟੈਕਟ, ਗੁਰਸ਼ਰਨ ਸਿੰਘ ਸੰਧੂ ਤੋਂ ਇਲਾਵਾ ਵੱਡੀ ਗਿਣਤੀ ‘ਚ ਸ਼ਹਿਰ ਵਾਸੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply