ਕਿਹਾ, ਔਰਤਾਂ ਦੀ ਸੁਰੱਖਿਆ ਲਈ ਭਾਜਪਾ ਯਤਨਸ਼ੀਲ

ਪੱਟੀ, 1 ਜੂਨ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) -ਕਾਂਗਰਸ ਨੇ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਦੀ ਰਾਜਨੀਤੀ ਅਪਣਾ ਕੇ ਸ਼ੁਰੂ ਤੋਂ ਹੀ ਦੇਸ਼ ਨੂੰ ਲੁੱਟਿਆ ਹੈ ਅਤੇ ਪਿਛਲੇ ਦਸ ਸਾਲਾਂ ਦੌਰਾਨ ਕਾਂਗਰਸ ਦੀ ਅਗਵਾਈ ਵਿੱਚ ਦੇਸ਼ ਦੀ ਰਾਜਨੀਤੀ ‘ਤੇ ਕਾਬਜ਼ ਰਹਿਣ ਵਾਲੀ ਯੂਪੀਏ ਸਰਕਾਰ ਨੇ ਦੇਸ਼ ਨੂੰ ਹਰ ਪੱਖੋਂ ਤਬਾਹ ਕਰਕੇ ਦੇਸ਼ ਨੂੰ ਭ੍ਰਿਸ਼ਟਾਚਾਰ ਦਾ ਗੜ ਬਣਾ ਕੇ ਰੱਖ ਦਿੱਤਾ ਸੀ ਅਤੇ ਯੁਪੀਏ ਸਰਕਾਰ ਦੇ ਸਾਰੇ ਮੰਤਰੀ ਭ੍ਰਿਸ਼ਟਾਚਾਰ ਵਿੱਚ ਲਿਪਤ ਸਨ, ਜਿਨਾਂ ਨੇ ਵੱਡੇ ਘੋਟਾਲੇ ਕਰਕੇ ਦੇਸ਼ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਕੇ ਰੱਖ ਦਿੱਤਾ ਸੀ, ਪਰ ਹੁਣ ਪਿਛਲੇ ਇੱਕ ਸਾਲ ਤੋਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਨੂੰ ਖੁਸ਼ਹਾਲ ਬਣਾਉਣ ਦਾ ਹਰ ਸੰਭਵ ਯਤਨ ਕੀਤਾ ਹੈ। ਇਹ ਪ੍ਰਗਟਾਵਾ ਭਾਜਪਾ ਦੀ ਕੇਂਦਰੀ ਮੰਤਰੀ ਮੇਨਿਕਾ ਗਾਂਧੀ ਨੇ ਪੱਟੀ ਵਿਖੇ ਮੋਦੀ ਸਰਕਾਰ ਦੀਆਂ ਇੱਕ ਸਾਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆ ਸਮਾਗਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਕੋਇਲੇ ਦੀਆਂ 28 ਖਾਣਾਂ ਤੋਂ ਸਰਕਾਰ ਨੂੰ ਇੱਕ ਸਾਲ ਵਿੱਚ 2 ਲੱਖ ਕਰੋੜ ਰੁਪਏ ਦਾ ਮੁਨਾਫਾ ਹੋਇਆ ਹੈ, ਪਰ ਯੂਪੀਏ ਸਰਕਾਰ ਦੇ ਮੰਤਰੀਆਂ ਨੇ ਕੋਇਲੇ ਦੀਆਂ ਖਾਣਾਂ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਘੋਟਾਲਾ ਕਰਕੇ ਦੇਸ਼ ਨੂੰ ਚੂਣਾ ਲਗਾਇਆ ਸੀ। ਉਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਔਰਤਾਂ ਦੀ ਸੁਰੱਖਿਆ ਲਈ ਕਈ ਉਪਰਾਲੇ ਕਰ ਰਹੀ ਹੈ ਅਤੇ ਇਸੇ ਤਹਿਤ ਦੇਸ਼ ਦੇ ਹਰੇਕ ਜਿਲੇ ਵਿੱਚ ਔਰਤਾਂ ਲਈ ਇੱਕ ਹੈਲਪ ਲਾਈਨ ਕੇਂਦਰ ਖੋਲਿਆ ਜਾ ਰਿਹਾ ਹੈ ਜਿਸ ਵਿੱਚ ਹਰੇਕ ਮਹਿਕਮੇ ਦਾ ਅਮਲਾ ਤਾਇਨਾਤ ਹੋਵੇਗਾ। ਉਨਾਂ ਕਿਹਾ ਕਿ ਔਰਤਾਂ ਸਮਾਜ ਦਾ ਅਹਿੰਮ ਹਿੱਸਾ ਹਨ ਹੈ ਪਰ ਕੁੱਝ ਅਨਸਰ ਔਰਤਾਂ ਨੂੰ ਦਬਾਕੇ ਉਨਾਂ ਦਾ ਸ਼ੋਸ਼ਨ ਕਰਦੇ ਹਨ ਅਤੇ ਆਪਣੇ ਸਿਆਸੀ ਅਸਰ ਰਸੂਕ ਕਰਕੇ ਕਾਨੂੰਨੀ ਅਦਾਰੇ ਤਂੋ ਬਾਹਰ ਹੋ ਜਾਂਦੇ ਹਨ। ਉਨਾਂ ਇਹ ਵੀ ਦੱਸਿਆ ਕਿ ਪੁਲਿਸ ਵਿਭਾਗ ਵਿੱਚ 33 ਪ੍ਰਤੀਸ਼ਤ ਔਰਤਾਂ ਦੀ ਭਰਤੀ ਨੂੰ ਲਾਜ਼ਮੀ ਕੀਤਾ ਜਾ ਰਿਹਾ ਹੈ। ਇਸਤੋਂ ਇਲਾਵਾ ‘ਬੇਟੀ ਬਚਾਓ ਬੇਟੀ ਪੜਾਓ’ ਮੁਹਿੰਮ ਤਹਿਤ ਵੀ ਪੰਜਾਬ, ਹਰਿਆਣਾ, ਦਿੱਲੀ ਵਿੱਚ ਭਰੂਣ ਹੱਤਿਆ ਦੀ ਦਰ ਵਿੱਚ ਭਾਰੀ ਗਿਰਾਵਟ ਆਈ ਹੈ ਅਤੇ ਲੋਕ ਬੇਟੀਆਂ ਦੀ ਮਹੱਤਤਾ ਨੂੰ ਸਮਝਣ ਲੱਗੇ ਹਨ। ਇਸ ਮੌਕੇ ‘ਤੇ ਕਮਲ ਸ਼ਰਮਾ ਪ੍ਰਧਾਨ ਭਾਜਪਾ ਪੰਜਾਬ, ਗੁਰਮਹਾਂਵੀਰ ਸਿੰਘ ਸੰਧੂ ਸਰਹਾਲੀ, ਨਵਰੀਤ ਸਿੰਘ ਸਫੀਪੁਰ, ਆਦਰਸ਼ ਭਾਟੀਆ ਭਾਜਪਾ ਪ੍ਰਭਾਰੀ, ਪ੍ਰਿੰਸ ਭਿੱਖੀਵਿੰਡ ਆਦਿ ਹਾਜ਼ਿਰ ਸਨ।
Punjab Post Daily Online Newspaper & Print Media