ਅੰਮ੍ਰਿਤਸਰ, ੨੯ ਜਨਵਰੀ (ਨਰਿੰਦਰ ਪਾਲ ਸਿੰਘ)
ਤਖਤ ਹਜ਼ਾਰਾ ਦੀ ਪਹਿਚਾਣ ਸ਼ਾਇਦ ਸਾਹਿਤਕਾਰਾਂ ਲਈ ਕਿੱਸਾ ‘ਹੀਰ ਰਾਂਝਾ’ ਦੇ ਰਾਂਝੇ ਦੇ ਇਲਾਕੇ ਵਜੋਂ ਹੋਵੇ, ਲੇਕਿਨ ਇਸੇ ਤਖਤ ਹਜ਼ਾਰੇ ਨਾਲ ਸਬੰਧਤ ਸਿੱਖਾਂ ਦੁਆਰਾ ਮੁੰਬਈ ‘ਚ ਸਥਾਪਿਤ ਗੁਰਦੁਆਰਾ ਸਾਹਿਬ ਵਿਖੇ ਸਿਰਫ ਸਾਬਤ ਸੂਰਤ ਬੱਚੇ ਬੱਚੀਆਂ ਦੇ ਆਨੰਦ ਕਾਰਜ ਹੀ ਹੋ ਸਕਦੇ ਹਨ।ਇਹ ਇੰਕਸ਼ਾਫ ਕੀਤਾ ਹੈ ੨੮ ਸਾਲਾ ਸਾਬਤ ਸੂਰਤ ਨੌਜੁਆਨ ਅੰਗਦ ਸਿੰਘ ਨੇ ਜੋ ਵਿਆਹ ਬਾਅਦ ਆਪਣੀ ਜੀਵਨ ਸਾਥਣ ਸਮੇਤ ਮੁੰਬਈ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜਾ।ਅੰਗਦ ਸਿੰਘ ਦੱਸਦਾ ਹੈ ਕਿ ਮੁੰਬਈ ਦੇ ਇਲਾਕੇ ਗੁਰੂ ਤੇਗ ਬਹਾਦਰ ਸਾਹਿਬ ਵਿਖੇ ੧੫੦੦ ਦੇ ਕਰੀਬ ਅਜਿਹੇ ਸਿੱਖ ਪ੍ਰੀਵਾਰ ਹਨ, ਜੋ ਦੇਸ਼ ਵੰਡ ਸਮੇਂ ਪਾਕਿਸਤਾਨ ਸਥਿਤ ਤਖਤ ਹਜ਼ਾਰਾ ਤੋਂ ਹਿੰਦੁਸਤਾਨ ਆ ਵਸੇ ਸਨ ਤੇ ਇਹ ਪ੍ਰੀਵਾਰ ਅੱਜ ਵੀ ਤਖਤ ਹਜ਼ਾਰੇ ਵਾਲੇ ਕਰਕੇ ਜਾਣੇ ਜਾਂਦੇ ਹਨ।ਤਖਤ ਹਜ਼ਾਰੇ ਤੋਂ ਆਏ ਇਨ੍ਹਾਂ ਲੋਕਾਂ ਲਈ ਸਾਬਤ ਸੂਰਤ ਹੋਣਾ ਜਿਵੇਂ ਇਕ ਸ਼ਰਤ ਹੋਵੇ ਕਿਉਂਕਿ ਇਨ੍ਹਾਂ ਦਾ ਵਿਸ਼ਵਾਸ਼ ਹੈ ਕਿ ਜੇਕਰ ਸਾਬਤ ਸੂਰਤ ਨਹੀ ਤਾਂ ਫਿਰ ਭਵਿੱਖ ਨਹੀ ਹੈ।ਭਾਵੇਂ ਇਲਾਕੇ ਵਿਚ ਕੁੱਝ ਗੈਰ ਸਿੱਖ ਵੀ ਰਹਿੰਦੇ ਹਨ, ਲੇਕਿਨ ਸਿੱਖ ਬੱਚੇ ਦਾ ਵਿਆਹ ਸਿੱਖ ਬੱਚੀ ਨਾਲ ਹੀ ਹੋਵੇਗਾ ਅਨੰਦ ਕਾਰਜ ਦੀ ਰਸਮ ਨਾਲ।ਲੇਕਿਨ ਗੁਰਦੁਆਰਾ ਸਾਹਿਬ ਵਿੱਚ ਅਨੰਦ ਕਾਰਜ ਤਾਂ ਹੋ ਸਕਦਾ ਹੈ ਜੇਕਰ ਦੋਂਨੋ ਸਾਬਤ ਸੂਰਤ ਹੋਣ।ਅੰਗਦ ਸਿੰਘ ਦੇ ਦਾਦਾ ਹਰਨਾਮ ਸਿੰਘ ਸਾਬਤ-ਸੂਰਤ ਸਨ, ਲੇਕਿਨ ਪਿਤਾ ਜੀ ਨਹੀ ਸਨ, ਤੇ ਫਿਰ ਅੰਗਦ ਸਿੰਘ ਨੂੰ ਸਾਬਤ ਸੂਰਤ ਸਿੰਘ ਸਜ਼ਾ ਕੇ ਦਾਦਾ ਜੀ ਨੇ ਆਪਣਾ ਚਾਅ ਪੂਰਾ ਕੀਤਾ।ਪੋਠੋਹਾਰ ਤੇ ਪਿਸ਼ਾਵਰੀ ਸਿੱਖ ਪ੍ਰੀਵਾਰਾਂ ਦੇ ਨੇੜ੍ਹੇ ਸਮਝੇ ਜਾਂਦੇ ਇਹਨਾਂ ਸਿੱਖ ਪ੍ਰੀਵਾਰਾਂ ਵਿੱਚ ਇਹ ਵੀ ਰੀਤ ਹੈ ਕਿ ਲੜਕੇ ਲੜਕੀ ਦੇ ਵਿਆਹ ਉਪਰੰਤ ਅਸ਼ੀਰਵਾਦ ਲਈ ਸ੍ਰੀ ਹਰਿਮੰਦਰ ਸਾਹਿਬ ਪੁੱਜ ਕੇ ਨਤਮਸਤਕ ਜਰੂਰ ਹੋਣਾ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media