ਨਵੀ ਦਿੱਲੀ, 19 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅੰੰਿਮ੍ਰਤਸਰ ਲੋਕ ਸਭਾ ਹਲਕੇ ਤੋਂ ਕਾਂਗ੍ਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਵਲੋਂ ਪਿਛਲੇ ਦਿਨੀਂ ਇੱਕ ਨਿੱਜੀ ਟੀ.ਵੀ ਚੈਨਲ ਤੇ ਇੱਕ ਸੁਆਲ ਦਾ ਜਵਾਬ ਦਿੰਦਿਆਂ ਇਹ ਦਾਅਵਾ ਕੀਤਾ ਜਾਣਾ ਕਿ ਨਵੰਬਰ-84 ਦੇ ਸਿੱਖ-ਕਤਲੇਆਮ ਵਿੱਚ ਕਾਂਗ੍ਰਸੀ ਨੇਤਾ ਜਗਦੀਸ਼ ਟਾਈਟਲਰ ਦੀ ਕੋਈ ਭੂਮਿਕਾ ਨਹੀਂ ਸੀ, ਬਹੁਤ ਹੀ ਸ਼ਰਮਨਾਕ ਅਤੇ ਨਿੰਦਾ-ਜਨਕ ਹੈ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਮੁਖੀਆਂ, ਸ. ਹਰਮਨਜੀਤ ਸਿੰਘ (ਦਿੱਲੀ ਤੋਂ ਸ਼੍ਰੋਮਣੀ ਦੇ ਨਾਮਜ਼ਦ ਮੈਂਬਰ), ਸ. ਗੁਰਲਾਡ ਸਿੰਘ (ਮੈਂਬਰ ਦਿੱਲੀ ਗੁਰਦੁਆਰਾ ਕਮੇਟੀ) ਅਤੇ ਸ. ਐਮ ਪੀ ਐਸ ਚੱਢਾ (ਮੈਂਬਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਇੱਕ ਸਾਂਝੇ ਬਿਆਨ ਵਿੱਚ ਪ੍ਰਗਟ ਕੀਤੇ। ਇਨ੍ਹਾਂ ਅਕਾਲੀ ਮੁੱਖੀਆਂ ਨੇ ਆਪਣੇ ਬਿਆਨ ਵਿੱਚ ਦਸਿਆ ਕਿ ਜਦੋਂ ਨਵੰਬਰ-84 ਦਾ ਘਲੂਘਾਰਾ ਵਾਪਰਿਆ ਸੀ, ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਆਗੂਆਂ ਵਿੱਚ ਸ਼ਾਮਲ ਸੀ ਅਤੇ ਉਹ ਦਲ ਦੇ ਉਨ੍ਹਾਂ ਆਗੂਆਂ ਦੀ ਆਵਾਜ਼ ਵਿੱਚ ਆਵਾਜ਼ ਵੀ ਮਿਲਾਂਦਾ ਰਿਹਾ, ਜਿਨ੍ਹਾਂ ਵਲੋਂ ਜਗਦੀਸ਼ ਟਾਈਟਲਰ, ਹਰਕਿਸ਼ਨ ਲਾਲ ਭਗਤ, ਸਜਣ ਕੁਮਾਰ ਆਦਿ ਕਾਂਗ੍ਰਸੀ ਆਗੂਆਂ ਨੂੰ ਨਵੰਬਰ-84 ਦੇ ਸਿੱਖ ਕਤਲੇਆਮ ਲਈ ਦੋਸ਼ੀ ਕਰਾਰ ਦਿੰਦਿਆਂ, ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਜਾਂਦੀ ਰਹੀ। ਇਨ੍ਹਾਂ ਅਕਾਲੀ ਆਗੂਆਂ ਨੇ ਹੋਰ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਸਮੁਚੇ ਪੰਥ ਵਲੋਂ ਬੀਤੇ ਤੀਹ ਸਾਲਾਂ ਤੋਂ ਜਗਦੀਸ਼ ਟਾਈਟਲਰ ਸਮੇਤ ਸਿੱਖ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਸਜ਼ਾ ਦੁਆਣ ਵਾਸਤੇ ਕਾਨੂੰਨੀ, ਸਮਾਜਕ ਅਤੇ ਰਾਜਨੀਤਕ ਪੱਧਰ ਤੇ ਲੜਾਈ ਲੜੀ ਜਾਂਦੀ ਚਲੀ ਆ ਰਹੀ ਹੈ।ਕੈਪਟਨ ਅਮਰਿੰਦਰ ਸਿੰਘ ਜਦੋਂ ਤਕ ਅਕਾਲੀ ਰਿਹਾ ਤਦ ਤਕ ਉਹ ਆਪ ਇਸ ਲੜਾਈ ਵਿੱਚ ਭਾਈਵਾਲ ਬਣਿਆ ਰਿਹਾ ਅਤੇ ਕਾਂਗ੍ਰਸ ਵਿੱਚ ਜਾਣ ਤੋਂ ਬਾਅਦ ਵੀ ਉਸਨੇ ਕਦੀ ਨਵੰਬਰ-੮੪ ਦੇ ਸਿੱਖ ਕਤਲੇਆਮ ਲਈ ਜਗਦੀਸ਼ ਟਾਈਟਲਰ ਸਮੇਤ ਦੋਸ਼ੀ ਗਰਦਾਨੇ ਜਾਂਦੇ ਦੂਸਰੇ ਕਾਂਗ੍ਰਸੀ ਮੁੱਖੀਆਂ ਵਿਚੋਂ ਕਿਸੇ ਨੂੰ ਵੀ ਕਦੀ ਦੋਸ਼-ਮੁਕਤ ਕਰਾਰ ਨਹੀਂ ਸੀ ਦਿੱਤਾ। ਹੁਣ ਉਸ ਵਲੋਂ ਅਚਾਨਕ ਹੀ ਰੰਗ ਬਦਲ ਜਗਦੀਸ਼ ਟਾਈਟਲਰ ਨੂੰ ਨਵੰਬਰ-84 ਦੇ ਸਿੱਖ ਕਤਲੇਆਮ ਵਿੱਚ ਸ਼ਾਮਲ ਹੋਣ ਦੇ ਗੁਨਾਹ ਤੋਂ ਮੁਕਤ ਕਰਾਰ ਦੇਣਾ ਹੈਰਾਨੀ-ਜਨਕ ਅਤੇ ਰਾਜਸੀ ਸੁਆਰਥ ਤੋਂ ਪ੍ਰੇਰਿਤ ਜਾਪਦਾ ਹੈ। ਇਨ੍ਹਾਂ ਅਕਾਲੀ ਮੁਖੀਆਂ ਨੇ ਕਿਹਾ ਕਿ ਕਾਂਗ੍ਰਸ ਦੇ ਟਿਕਟ ਤੇ ਲੋਕ ਸਭਾ ਦੀ ਚੋਣ ਲੜਦਿਆਂ ਕੈਪਟਨ ਵਲੋਂ ਜਗਦੀਸ਼ ਟਾਈਟਲਰ ਨੂੰ ਨਵੰਬਰ-84 ਦੇ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਕਲੀਨ ਚਿੱਟ ਦਿੱਤਾ ਜਾਣਾ ਨਾ ਕੇਵਲ ਬਹੁਤ ਹੀ ਸ਼ਰਮਨਾਕ ਹੈ, ਸਗੋਂ ਇਸ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੁਆਣ ਲਈ ਲੰਬੇ ਸਮੇਂ ਤੋਂ ਘੋਲ ਕਰਦੇ ਚਲੇ ਆ ਰਹੇ ਸਿੱਖ ਪੰਥ ਦੀ ਪਿੱਠ ਵਿੱਚ ਛੁਰਾ ਮਾਰਨ ਦੇ ਤੁਲ ਵੀ ਹੈ। ਇਨ੍ਹਾਂ ਅਕਾਲੀ ਮੁਖੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਕੈਪਟਨ ਦੇ ਇਸ ਗੁਨਾਹ ਨੂੰ ਪੰਥ ਕਦੀ ਵੀ ਮਾਫ ਨਹੀਂ ਕਰੇਗਾ। ਇਸਦੇ ਨਾਲ ਹੀ ਇਨ੍ਹਾਂ ਆਗੂਆਂ ਨੇ ਇਹ ਦਾਅਵਾ ਵੀ ਕੀਤਾ ਕਿ ਅੰਮ੍ਰਿਤਸਰ ਦੇ ਮਤਦਾਤਾ ਲੋਕਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਉਸਦੇ ਇਸ ਗੁਨਾਹ ਦੇ ਲਈ ਇੱਕ ਸਦਾ ਯਾਦ ਰਹਿਣ ਵਾਲਾ ਸਬਕ ਸਿਖਾਣਗੇ।
Check Also
ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ
ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …