ਕਵਰੇਜ਼ ਕਰ ਰਹੇ ਪੱਤਰਕਾਰਾਂ ਨੂੰ ਵੀ ਲਿਆ ਹਿਰਾਸਤ ਵਿਚ ਖੋਹੇ ਕੈਮਰੇ ਕੀਤੀ ਧੱਕਾ ਮੁੱਕੀ

ਸੰਦੌੜ, 13 ਅਕਤੂਬਰ (ਹਰਮਿੰਦਰ ਸਿੰਘ ਭੱਟ) – ਸਰਬ ਧਰਮਾਂ ਦੇ ਸਾਂਝੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰੂਪਾਂ ਦੀ ਚੋਰੀ ਕਰਕੇ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਵਿਚ ਮਾਹੌਲ ਖ਼ਰਾਬ ਹੋ ਚੁੱਕਿਆ ਹੈ, ਪਰ ਪ੍ਰਸ਼ਾਸਨ ਵੱਲੋਂ ਅਜੇ ਤੱਕ ਉਨ੍ਹਾਂ ਸਤਿਕਾਰਤ ਸਰੂਪਾਂ ਦੀ ਕੋਈ ਭਾਲ ਨਹੀਂ ਕੀਤੀ ਗਈ।ਬੀਤੇ ਰੋਜ਼ ਪੰਜਾਬ ਵਿਚ ਵੱਸਦੀਆਂ ਸੰਗਤਾਂ ਦੇ ਦਿਲ ਉਦੋਂ ਵਲੂੰਧਰੇ ਗਏ, ਜਦੋਂ ਸ਼ਰਾਰਤੀ ਅਨਸਰਾਂ ਵੱਲੋਂ ਗੁਰੂ ਸਾਹਿਬ ਜੀ ਦੇ ਅੰਗਾਂ ਨੂੰ ਪਾੜ ਕੇ ਪਿੰਡ ਬਰਗਾੜੀ ਦੇ ਗੁਰਦੁਆਰਾ ਸਾਹਿਬ ਅਤੇ ਪਿੰਡ ਦੀਆਂ ਗਲੀਆਂ ਤੇ ਨਾਲੀਆਂ ਵਿਚ ਸੁੱਟ ਦਿੱਤਾ ਗਿਆ। ਇਸ ਵਿਰੁੱਧ ਰੋਸ ਪ੍ਰਗਟ ਕਰਦਿਆਂ ਸਿੱਖੀ ਦੇ ਪ੍ਰਚਾਰ ਅਤੇ ਪਾਸਾਰ ਲਈ ਅਹਿਮ ਭੂਮਿਕਾ ਨਿਭਾਅ ਰਹੇ ਵਾਹਿਗੁਰੂ ਪ੍ਰਚਾਰ ਸੇਵਾ ਦਲ ਦੇ ਮੁੱਖ ਸੇਵਾਦਾਰ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਅਤੇ ਜਥੇ ਦੇ ਸਿੰਘ ਜਗਜੀਤ ਸਿੰਘ ਹੇੜੀਕੇ ਵੱਲੋਂ ਆਪਣੇ ਜਥੇ ਦੇ ਸਿੰਘਾਂ ਅਤੇ ਇਲਾਕੇ ਦੀਆਂ 150 ਦੇ ਕਰੀਬ ਸੰਗਤਾਂ ਵੱਲੋਂ ਕੱਕੜਵਾਲ ਚੌਕ ਧੂਰੀ ਵਿਖੇ ਧਰਨਾ ਦਿੱਤਾ ਗਿਆ।ਉਪਰੰਤ ਥੋੜ੍ਹੇ ਹੀ ਸਮੇਂ ਬਾਅਦ ਡੀ. ਐਸ. ਪੀ ਧੂਰੀ ਨਾਹਰ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਵੱਲੋਂ ਉਨ੍ਹਾਂ ਦੇ ਰੋਸ ਪ੍ਰਦਰਸ਼ਨ ਅਤੇ ਧਰਨੇ ਨੂੰ ਰੋਕਣ ਲਈ ਧੱਕੇਸ਼ਾਹੀ ਦੌਰਾਨ ਉਕਤ ਡੀ. ਐਸ. ਪੀ ਨਾਹਰ ਸਿੰਘ ਕਹਿ ਰਹੇ ਸੀ ਕਿ ਇਹ ਤਾਂ ਚੱਲੂ ਭਰ ਸਿੰਘ ਨੇ ਇਨ੍ਹਾਂ ਨੂੰ ਤਾਂ ਹੁਣੇ ਕਾਬੂ ਕਰ ਲਾਂਗੇ ਇਹ ਸੁਣ ਸਿੰਘਾਂ ਦੀਆਂ ਭਾਵਨਾਵਾਂ ਨੂੰ ਹੋਰ ਠੇਸ ਪਹੁੰਚੀ ਤੇ ਖ਼ਾਲਿਸਤਾਨ ਅਤੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਨ ਲੱਗੇ ਉਪਰੰਤ ਪੁਲਿਸ ਵੱਲੋਂ ਧੱਕੇਸ਼ਾਹੀ ਨਾਲ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ।ਇਸ ਸੰਘਰਸ਼ ਦੀ ਕਵਰੇਜ਼ ਕਰ ਰਹੇ ਮੀਡੀਆ ਦੇ ਪੱਤਰਕਾਰਾਂ ਨੂੰ ਵੀ ਪੁਲਿਸ ਪਾਰਟੀ ਨੇ ਨਹੀਂ ਬਖ਼ਸ਼ਿਆ, ਉਨ੍ਹਾਂ ਦੇ ਕੈਮਰੇ ਵੀ ਖੋਹ ਕੇ ਤੋੜੇ ਗਏ ਅਤੇ ਹਿਰਾਸਤ ਵਿਚ ਲੈ ਕੇ ਪਰਚੇ ਦਰਜ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ।
ਜਦੋ ਇਸ ਸੰਘਰਸ਼ ਅਤੇ ਪੱਤਰਕਾਰਾਂ ਨੂੰ ਹਿਰਾਸਤ ਵਿਚ ਲੈਣ ਬਾਬਤ ਡੀ. ਐਸ. ਪੀ ਧੂਰੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਕਿਸੇ ਨੂੰ ਵੀ ਹਿਰਾਸਤ ਵਿਚ ਨਹੀਂ ਲੈ ਕੇ ਗੲ,ੇ ਤੁਸੀ ਚਾਹੇ ਜੋ ਮਰਜੀ ਲਿਖੀ ਜਾਓ।ਇਸ ਸੰਘਰਸ਼ ਵਿਚ ਗੁਰਵਿੰਦਰ ਸਿੰਘ ਹੇੜੀਕੇ, ਮਨਜੀਤ ਸਿੰਘ ਮਾਨਾਂ, ਜਰਨੈਲ ਸਿੰਘ, ਭਾਈ ਗਗਨਦੀਪ ਸਿੰਘ ਮਾਹਮਦਪੁਰ, ਬਿੱਲੂ ਸਿੰਘ ਮਹਿਮਦਪੁਰ, ਮਨਦੀਪ ਸਿੰਘ ਹੱਥਨ, ਬਾਬਾ ਭਰਪੂਰ ਸਿੰਘ, ਜਗਦੀਪ ਸਿੰਘ ਡੋਗਰ, ਕੁਲਦੀਪ ਸਿੰਘ ਮਹਿਮਦਪੁਰ, ਮਨਦੀਪ ਸਿੰਘ ਰੜ੍ਹ, ਪਲਵਿੰਦਰ ਸਿੰਘ ਅਲੀਪੁਰ, ਜਸਮੇਲ ਸਿੰਘ ਕਾਲੀ, ਗੁਰਵਿੰਦਰ ਸਿੰਘ ਅਲੀਪੁਰ, ਹਰਜੀਤ ਸਿੰਘ ਅਲੀਪੁਰ, ਜੱਸਾ ਸਿੰਘ ਮੁਲੋਵਾਲ ਤੋਂ ਇਲਾਵਾ ਇਲਾਕੇ ਦੀਆਂ ਜਥੇਬੰਦੀਆਂ ਦੇ ਸਿੰਘ ਅਤੇ ਸਿੱਖ ਸੰਗਤਾਂ ਹਾਜ਼ਰ ਸਨ।
Punjab Post Daily Online Newspaper & Print Media