Monday, April 13, 2026

 ਹਾੜੀ ਦੀਆਂ ਫਸਲਾਂ ਤੋਂ ਵਧੇਰੇ ਪੈਦਾਵਾਰ ਲੈਣ ਲਈ ਬੀਜ ਦੀ ਸੋਧ ਜ਼ਰੂਰੀ – ਖੇਤੀਬਾੜੀ ਵਿਭਾਗ

ਬਟਾਲਾ, 24 ਅਕਤੂਬਰ (ਨਰਿੰਦਰ ਸਿੰਘ ਬਰਨਾਲ)- ਹਾੜੀ ਦੀਆਂ ਫਸਲਾਂ ਦੇ ਪ੍ਰਤੀ ਏਕੜ ਪੈਦਾਵਾਰ ਨੂੰ ਕਈ ਤਰਾਂ ਦੀਆਂ ਬਿਮਾਰੀਆ ਅਤੇ ਕੀੜੇ ਮਕੌੜੇ ਪ੍ਰਭਾਵਤ ਕਰਦੇ ਹਨ ਜਿਸ ਕਾਰਨ ਕਿਸਾਨਾਂ ਨੂੰ ਕਈ ਵਾਰ ਭਾਰੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਨੁਕਸਾਨ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ, ਜੇਕਰ ਉੱਲੀਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਦੀ ਵਕਤ ਸਿਰ, ਸਹੀ ਦਵਾਈ ਦੀ, ਸਹੀ ਤਰੀਕੇ ਨਾਲ ਵਰਤੋਂ ਕੀਤੀ ਜਾਵੇ। ਹਾੜੀ ਦੀਆਂ ਫਸਲਾਂ ਦੀ ਬਿਜਾਈ ਸਬੰਧੀ ਇਹ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਕਾਸ ਅਫਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਫਸਲ ਨੂੰ ਬੀਜਣ ਤੋਂ ਬਾਅਦ ਲੱਗਣ ਵਾਲੀਆਂ ਬਿਮਾਰੀਆ ਅਤੇ ਕੀੜਿਆਂ ਦੀ ਰੋਕਥਾਾਮ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਤੇ ਜ਼ਿਆਦਾ ਖਰਚਾ ਆਉਣ ਕਾਾਰਨ ਜਿਥੇ ਖੇਤੀ ਲਾਗਤ ਖਰਚੇ ਵਧਦੇ ਹਨ ਉਥੇ ਕਿਸਾਨ ਦੀ ਆਮਦਨ ਵੀ ਘਟਦੀ ਹੈ। ਅਜਿਹੇ ਖਰਚਿਆਂ ਵਿੱਚ ਕਟੌਤੀ ਤਾਂ ਹੀ ਕੀਤੀ ਜਾ ਸਕਦੀ ਹੈ ਜੇਕਰ ਕਿਸਾਨ ਖੇਤੀ ਮਾਹਿਰਾਂ ਵੱਲੋ ਕੀਤੀਆਂ ਸਿਫਾਰਸ਼ਾਂ ਨੂੰ ਅਪਣਾ ਕੇ ਬਿਮਾਰੀਆਂ ਅਤੇ ਕੀੜਿਆਂ ਦੀ ਰੋਕਥਾਮ ਕਰਨ। ਇਨਾਂ ਸਿਫਾਰਸ਼ਾਂ ਵਿੱਚੋਂ ਫਸਲ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਸੋਧਣਾ ਇੱਕ ਅਜਿਹੀ ਸਿਫਾਰਸ਼ ਹੈ ਜਿਸ ਨਾਲ ਬਹੁਤ ਘੱਟ ਖਰਚਾ ਕਰਕੇ ਹਾੜ੍ਹੀ ਦੀਆਂ ਫਸਲਾਂ ਨੂੰ ਲੱਗਣ ਵਾਲੀਆਂ ਕਈ ਬਿਮਾਰੀਆਂ ਅਤੇ ਕੀੜਿਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਡਾ. ਅਮਰੀਕ ਸਿੰਘ ਨੇ ਕਿਹਾ ਕਿ ਬੀਜ ਨੂੰ ਬੀਜਣ ਤੋ ਪਹਿਲਾਂ ਉੱਲੀਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਨਾਲ ਸੋਧਣਾ ਉਨਾਂ ਹੀ ਜ਼ਰੂ੍ਰਰੀ ਹੈ ਜਿੰਨਾਂ ਕਿਸੇ ਛੋਟੇ ਬੱਚੇ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਪੋਲੀਉ ਦੀਆਂ ਬੂੰਦਾਂ ਪਿਆਉਣੀਆਂ ਜ਼ਰੂਰੀ ਹਨ। ਹਾੜੀ ਦੀਆਂ ਮੁੱੱਖ ਫਸਲਾਂ ਦੇ ਬੀਜ ਨੂੰ ਸੋਧਣ ਬਾਰੇ ਹੇਠਾਂ ਕੁਝ ਸਿਫਾਰਸ਼ਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਨੂੰ ਅਪਣਾ ਕੇ ਫਸਲਾਂ ਦੀ ਪੈਦਾਵਾਰ ਵਿੱਚ ਵਾਧਾ ਕਰ ਸਕਦੇ ਹਨ।
ਕਣਕ :- ਕਣਕ ਹਾੜੀ ਦੀ ਮੁੱਖ ਫਸਲ ਹੈ, ਇਸ ਫਸਲ ਨੂੰ ਆਮ ਕਰਕੇ ਕੋਈ ਵੀ ਮੁੱਖ ਬਿਮਾਰੀ ਪ੍ਰਭਾਵਤ ਤਾਂ ਨਹੀਂ ਕਰਦੀ ਪਰ ਪਿਛਲੇ ਦੋ ਸਾਲਾਂ ਮੌਸਮ ਵਿੱਚ ਆ ਰਹੇ ਬਦਲਾਅ ਕਾਰਨ ਕੁਝ ਬਿਮਾਰੀਆ ਨੇ ਹਮਲਾ ਕਰਕੇ ਪੈਦਾਵਾਰ ਤੇ ਕਾਫੀ ਬੁਰਾ ਪ੍ਰਭਾਵ ਪਾ ਰਹੀਆਂ ਹਨ ਜਿਨਾਂ ਦੀ ਰੋਕਥਾਮ ਕਰਨੀ ਬਹੁਤਤ ਜ਼ਰੂਰੀ ਹੈ।ਪਿਛਲੇ ਸਾਲ ਬੇਮੌਸਮੀ ਬਾਰਸ਼ਾਂ ਕਾਰਨ ਕਣਕ ਦੀਆਂ ਲੱਗਭੱਗ ਸਾਰੀਆਂ ਕਿਸਮਾਂ ਤੇ ਕਰਨਾਲ ਬੰਟ ਨਾਮਕ ਬਿਮਾਰੀ ਨੇ ਹਮਲਾ ਕੀਤਾ ਸੀ।ਇਸ ਤੋਂ ਇਲਾਵਾ ਝੂਠੀ ਕਾਂਗਿਆਰੀ, ਪੱਤਿਆਂ ਦੀ ਕਾਂਗਿਆਰੀ, ਦਾਣੇ ਦੇ ਛਿਲਕੇ ਦੀ ਕਾਲੀ ਨੋਕ ਅਤੇ ਸਿਉਂਕ ਆਦਿ ਕੁਝ ਅਜਿਹੀਆਂ ਸਮੱਸਿਆਂਵਾਂ ਹਨ, ਜਿਨਾਂ ਦੀ ਰੋਕਥਾਮ ਕੇਵਲ ਫਸਲ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਉੱਲੀਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਨਾਲ ਸੋਧ ਕੇ ਹੀ ਕੀਤੀ ਜਾ ਸਕਦੀ ਹੈ। ਜੇਕਰ ਖੇਤਾਂ ਵਿੱਚ ਸਿਉੰਕ ਦੀ ਸਮੱਸਿਆਂ ਹੈ ਤਾਂ ਸਭ ਤੋਂ ਪਹਿਲਾਂ 160 ਮਿਲੀ ਲਿਟਰ ਕਲੋਰੋਪਾਈਰੀਫਾਸ 20 ਈ.ਸੀ. ਜਾਂ 240 ਮਿਲੀਲਿਟਰ ਫਿਪਰੋਨਿਲ 5% ਐਸ ਸੀ ਨੂੰ ਇੱਕ ਲਿਟਰ ਪਾਣੀ ਵਿੱਚ ਘੋਲ ਕੇ 40 ਕਿਲੋ ਬੀਜ ਨੂੰ ਪੱਕੇ ਫਰਸ਼ ,ਤਰਪਾਲ ਜਾਂ ਪਲਾਸਟਿਕ ਦੀ ਸ਼ੀਟ ਤੇ ਪਤਲੀ ਤਹਿ ਵਿਛਾ ਕੇ ਛਿੜਕਾੳ ਕਰਕੇ ਸੁਕਾ ਲਉ। ਸੁਕਾਉਣ ਤੋਂ ਬਾਅਦ ਕਣਕ ਦੀਆਂ ਸਾਰੀਆਂ ਦੇ ਬੀਜ ( ਪੀ ਡੀ ਡਬਲਿਯੂ 291,ਪੀ ਡੀ ਡਬਲਿਯੂ 274, ਪੀ ਡੀ ਡਬਲਿਯੂ 233,ਟੀ ਐਲ 1210 ਅਤੇ ਟੀ ਐਲ 2908 ਨੂੰ ਛੱਡ ਕੇ) ਨੂੰ ਵੀਟਾਵੈਕਸ ਪਾਵਰ 120 ਗ੍ਰਾਮ ਜਾਂ 13 ਮਿ.ਲਿ. ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ। 13 ਮਿ.ਲਿ. ਰੈਕਸਿਲ ਨੂੰ 30 ਮਿ.ਲਿ. ਪਾਣੀ ਘੋਲ ਕੇ ਦਾਣਿਆਂ ਨੂੰ ਚੰਗੀ ਤਰਾਂ ਲਗਾ ਦੇਣੀ ਚਾਹੀਦੀ ਹੈ।ਬੀਜ ਸੋਧਕ ਡਰੰਮ ਵਿੱਚ ਸਮਰੱਥਾ ਅਨੁਸਾਰ ਬੀਜ ਪਾ ਕੇ ਸਿਫਾਰਸ਼ ਕੀਤੀ ਮਾਤਰਾ ਵਿੱਚ ਦਵਾਈ ਚੰਗੀ ਤਰਾਂ ਰਲਾ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮਿੱਟੀ ਦੇ ਘੜੇ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਸ ਤਰਾਂ ਕਰਨ ਨਾਲ ਝੂਠੀ ਕਾਂਗਿਆਂਰੀ ਸਮੇਤ ਸਾਰੀਆਂ ਬਿਮਾਰੀਆਂ ਦੀ ਰੋਕਥਾਮ ਹੋ ਜਾਵੇਗੀ। ਬੀਜ ਦੀ ਸੋਧ ਬਿਜਾਈ ਤੋਂ ਕਦੇ ਵੀ ਇੱਕ ਮਹੀਨੇ ਤੋਂ ਪਹਿਲਾਂ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਬੀਜ ਦੀ ਉੱਗਣ ਸ਼ਕਤੀ ਘੱਟ ਜਾਂਦੀ ਹੈ। ਬੀਜ ਸੋਧਣ ਦਾ ਕੰਮ ਕਣਕ ਦੀ ਬਿਜਾਈ ਤੋਂ ਇੱਕ ਹਫਤਾ ਪਹਿਲਾਂ ਕਰ ਲੈਣਾ ਚਾਹੀਦਾ ਕਿਉਂਕਿ ਬਿਜਾਈ ਵੇਲੇ ਕਿਸਾਨ ਬੀਜ ਸੋਧਣਾ ਭੁੱਲ ਜਾਂਦੇ ਜਾਂ ਘੌਲ ਕਰ ਜਾਂਦੇ ਹਨ। ਕਰਨਾਲ ਬੰਟ ਰਹਿਤ ਬੀਜ ਪੈਦਾ ਕਰਨ ਲਈ ਬੀਜ ਵਾਲੇ ਖੇਤਾਂ ਵਿੱਚ 200 ਮਿ.ਲਿ. ਪ੍ਰੋਪੀਕੋਨਾਜ਼ੋਲ ਜਾਂ ਫੋਲੀਕਰ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ। ਇਹ ਛਿੜਕਾਅ ਉਦੋਂ ਕਰੋ ਜਦ ਸਿੱਟਾ ਗੋਭ ਵਿੱਚੋਂ ਬਾਹਰ ਨਿਕਲਦਾ ਹੋਵੇ। ਇਹ ਵੀ ਦੇਖਣ ਨੂੰ ਆਇਆ ਹੈ ਕਿ ਕਿਸਾਨ ਭਰਾ ਬੀਜ ਨੂੰ ਤਰਪਾਲ ਉੱਤੇ ਜਾਂ ਬੀਜ ਡਰਿੱਲ ਵਿੱਚ ਪਾ ਕੇ ਦਵਾਈ ਹੱਥ ਨਾਲ ਹੀ ਬੀਜ ਨੂੰ ਲਗਾ ਦਿੰਦੇ ਹਨ, ਇਸ ਤਰਾਂ ਦਵਾਈ ਹਰੇਕ ਦਾਣੇ ਨੂੰ ਲੱਗਦੀ ਜਿਸ ਕਰਕੇ ਬਿਮਾਰੀ ਲੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
ਮੱਕੀ :- ਸਰਦੀ ਵਿੱਚ ਬੀਜੀ ਜਾਣ ਵਾਲੀ ਮੱਕੀ ਵਿੱਚ ਬੀਜ ਦਾ ਗਲਣਾ ਅਤੇ ਪੁੰਗਾਰ ਦਾ ਝੁਲਸ ਰੋਗ ਅਜਿਹੇ ਰੋਗ ਹਨ ਜਿੰਨਾਂ ਦੀ ਰੋਕਥਾਮ ਬੀਜ ਦੇ ਸੋਧ ਕਰਕੇ ਕੀਤੀ ਜਾ ਸਕਦੀ ਹੈ।ਇਸ ਮਕਸਦ ਵਾਸਤੇ ਮੱਕੀ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਬਾਵਿਸਟਿਨ ਜਾਂ ਡੈਰੋਸਿਲ ਜਾਂ ਐਗਰੋਜ਼ਿਮ ਤਿੰਨ ਗਾ੍ਰਮ ਪ੍ਰਤੀ ਕਿਲੋ ਦੇ ਹਿਸਾਬ ਨਾਲ ਬੀਜ ਨੂੰ ਸੋਧ ਲੈਣਾ ਚਾਹੀਦਾ ਹੈ। ਹਮੇਸ਼ਾਂ ਰੋਗ ਰਹਿਤ ਅਤੇ ਤਾਜ਼ੇ ਬੀਜ ਜਿੰਨਾਂ ਵਿੱਚ ਕੋਈ ਤਰੇੜ ਨਾਂ ਹੋਵੇ ਹੀ ਬੀਜਣੇ ਚਾਹੀਦੇ ਹਨ।
ਛੋਲੇ :- ਹਾੜੀ ਦੀਆ ਦਾਲਾਂ ਵਾਲੀਆਂ ਫਸਲਾਂ ਵਿਚੋਂ ਛੋਲਿਆਂ ਦੀ ਮੁੱਖ ਫਸਲ ਹੈ ਜਿਸ ਨੂੰ ਕੁਝ ਅਜਿਹੇ ਕੀੜੇ ਅਤੇ ਬਿਮਾਰੀਆਂ ਜਿਵੇਂ ਭੂਰਾ ਸਾੜਾ, ਝੁਲਸ ਰੋਗ ਅਤੇ ਸਿਉਂਕ ਨੁਕਸਾਨ ਪਹੁੰਚਾਦੀਆਂ ਹਨ ਜਿੰਨਾ ਦੀ ਰੋਕਥਾਂਮ ਕਰਨ ਲਈ ਬੀਜ ਦੀ ਬਿਜਾਈ ਤੋਂ ਪਹਿਲਾਂ ਸੋਧ ਕਰਨਾਂ ਬਹੁਤ ਜ਼ਰੂਰੀ ਹੈ। ਸਿਉਂਕ ਨਾਲ ਪ੍ਰਭਾਵਤ ਖੇਤਾਂ ਵਿੱਚ ਛੋਲਿਆਂ ਦੀ ਬਿਜਾਈ ਤੋਂ ਪਹਿਲਾਂ 180 ਮਿਲੀਲਿਟਰ ਐਂਡੋਸਲਫਾਨ 35 ਈ.ਸੀ. ਜਾਂ ਕਲੋਰੋਪਾਈਰੀਫਾਸ ਨੂੰ ਅੱਧੇ ਲਿਟਰ ਪਾਣੀ ਵਿੱਚ ਘੋਲ ਕੇ ਬੀਜ ਨੂੰ ਫਰਸ਼ ਜਾਂ ਤਰਪਾਲ ਤੇ ਵਿਛਾ ਕੇ ਛਿੜਕਾਅ ਕਰੋ ।ਬੀਜ ਨੂੰ ਸੁਕਉਣ ਉਪਰੰਤ ਬਾਵਿਸਟਨ + ਥੀਰਮ (1.5+1.5 ਗ੍ਰਾਮ) ਜਾਂ ਕੈਪਟਾਨ 3 ਗ੍ਰਾਮ ਜਾਂ ਰੋਵਰਲ 2.5 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ ਨਾਲ ਬੀਜ ਸੋਧਕ ਡਰੰਮ ਦੀ ਮਦਦ ਨਾਲ ਬੀਜ ਨੂੂੰ ਸੋਧ ਲੈਣਾ ਚਾਹੀਦਾ ਹੈ।
ਮਸਰ ਅਤੇ ਮਟਰ :- ਮਸਰਾਂ ਦੇ ਝੁਲਸ ਰੋਗ ਮਟਰਾਂ ਦੇ ਝੁਲਸ ਰੋਗ ਦੀ ਰੋਕਥਾਮ ਲਈ ਬੀਜ ਨੂੰ 2 ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਬੀਜ ਸੋਧਕ ਡਰੰਮ ਨਾਲ ਸੋਧ ਲੈਣਾ ਚਾਹੀਦਾ ਹੈ। ਬੀਜ ਨੂੰ ਸੋਧਣ ਨੂੰ ਸੁੱਕਿਆਂ ਹੀ ਸੋਧਣਾ ਹੈ।
ਸੂਰਜਮੁਖੀ :- ਤਣੇ ਦੇ ਗਲਣ ਦੇ ਰੋਗ ਦੀ ਰੋਕਥਾਮ ਬੀਜ ਨੂੰ 2 ਗ੍ਰਾਮ ਥੀਰਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਬੀਜ ਸੋਧਕ ਡਰੰਮ ਨਾਲ ਸੋਧ ਲੈਣਾ ਚਾਹੀਦਾ ਹੈ। ਬੀਜ ਨੂੰ ਸੋਧਣ ਨੂੰ ਸੁੱਕਿਆਂ ਹੀ ਸੋਧਣਾ ਹੈ।

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …

Leave a Reply