Tuesday, September 15, 2026

ਵਿਦਿਆਰਥੀਆਂ ਦਾ ਯੂਨੀਵਰਸਿਟੀਆਂ ਵਿੱਚ ਹੋ ਰਹੇ ਅਕਾਦਮਿਕ ਅਭਿਆਸ ਨਾਲ ਜੁੜਨਾ ਜਰੂਰੀ

PPN0901201614

ਅੰਮ੍ਰਿਤਸਰ, 9 ਜਨਵਰੀ (ਸੁਖਬੀਰ ਸਿੰਘ ਖੁਰਮਨੀਆ)-“ਵੱਖ-ਵੱਖ ਵਰਤਾਰਿਆਂ ਦੀ ਹੋ ਰਹੀਆਂ ਵਿਭਿੰਨ ਵਿਆਖਿਆਵਾਂ ‘ਚੋਂ ਕਿਸੇ ਨੂੂੰ ਅੰਤਿਮ ਸਵੀਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੀਵਨ ਦੀ ਗਤੀਸ਼ੀਲਤਾ ਕਿਸੇ ਵੀ ਤਰ੍ਹਾਂ ਦੀ ਸਥਾਨਕਤਾ ਵਿਚ ਬੱਝ ਕੇ ਨਹੀਂ ਰਹਿ ਸਕਦੀ। ਮਾਨਵੀ ਪਛਾਣ ਦਾ ਸੰਕਟ ਧਾਰਮਿਕ ਅਤੇ ਸਮਾਜਿਕ ਨਾ ਹੋ ਕੇ ਰਾਜਨੀਤਿਕ ਉਦੇਸ਼ਾਂ ਦੁਆਰਾ ਪ੍ਰੇਰਿਤ ਹੁੰਦਾ ਹੈ। ਇਥੋਂ ਹੀ ਪਛਾਣ ਦੇ ਵਿਚਾਰਧਾਰਕ ਅਤੇ ਨਾਂਹਪੱਖੀ ਪ੍ਰਭਾਵ ਸਿਰਜੇ ਜਾਂਦੇ ਹਨ”। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਨਾਦ ਪ੍ਰਗਾਸੁ ਵੱਲੋਂ ਆਯੋਜਿਤ ‘ਵਿਚਾਰਧਾਰਾ ਦੀ ਦਵੰਦਾਤਮਕ ਕਿਰਿਆਸ਼ੀਲਤਾ: ਹੀਗਲ, ਮਾਰਕਸ, ਜ਼ੀਜੈਕ’ ਵਿਸ਼ੇ ‘ਤੇ ਸੈਮੀਨਾਰ ਮੌਕੇ ਉੱਘੇ ਸਮਾਜ ਵਿਗਿਆਨੀ, ਪ੍ਰੋ. ਪਰਮਜੀਤ ਸਿੰਘ ਜੱਜ, ਡੀਨ ਅਕਾਦਮਿਕ ਮਾਮਲੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸੈਮੀਨਾਰ ਦੇ ਪ੍ਰਧਾਨਗੀ ਭਾਸ਼ਣ ਦੌਰਾਨ ਕੀਤਾ। ਡਾ. ਹਰਚੰਦ ਸਿੰਘ ਬੇਦੀ, ਸਾਬਕਾ ਪ੍ਰੋਫੈਸਰ, ਸਕੂਲ ਆਫ ਪੰਜਾਬੀ ਸਟੱਡੀਜ਼, ਗੁਰੂ ਨਾਨਕ ਦੇਵ ਯੂਨੀਵਰਸਿਟੀ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਹ ਸੈਮੀਨਾਰ ਡਾ. (ਮਿਸਜ਼) ਸੁਖਬੀਰ ਕੌਰ ਮਾਹਲ, ਪ੍ਰਿੰਸੀਪਲ, ਖਾਲਸਾ ਕਾਲਜ ਫਾਰ ਵਿਮਨ ਦੀ ਅਗਵਾਈ ਅਤੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਅਧਿਆਪਕ, ਖੋਜਾਰਥੀ ਅਤੇ ਵਿਦਿਆਰਥੀਆਂ ਤੋਂ ਇਲਾਵਾ ਰਾਜ ਦੇ ਉੱਘੇ ਵਿਦਵਾਨਾਂ ਨੇ ਹਿੱਸਾ ਲਿਆ।
ਇਸ ਮੌਕੇ ਤਿੰਨ ਪ੍ਰਮੁੱਖ ਚਿੰਤਕਾਂ ਹੀਗਲ, ਮਾਰਕਸ ਅਤੇ ਜ਼ੀਜੈਕ ਦੇ ਵਿਚਾਰਧਾਰਕ ਵਿਕਾਸ ਅਤੇ ਵਿਸ਼ਵ ਉਪਰ ਪਏ ਇਨ੍ਹਾਂ ਦੇ ਪ੍ਰਭਾਵਾਂ ਨੂੰ ਦਰਸਾਉਂਦੇ ਤਿੰਨ ਖੋਜ ਪੱਤਰ ਅੰਤਰ-ਰਾਸ਼ਟਰੀ ਯੂਨੀਵਰਸਿਟੀਆਂ ਦੇ ਖੋਜਾਰਥੀਆਂ ਦੁਆਰਾ ਪੜ੍ਹੇ ਗਏ। ਕੰਵਰਪਾਲ ਸਿੰਘ, ਆਖਨ ਯੂਨੀਵਰਸਿਟੀ (ਜਰਮਨੀ) ਨੇ ਹੀਗਲ ਦੁਆਰਾ ਪ੍ਰਤਿਪਾਦਤ ‘ਚੇਤਨਾ’ ਦੇ ਸੰਕਲਪ ਦੀ ਵਿਆਖਿਆ ਕਰਦਿਆਂ ਉਸ ਦਾ ਅਲੋਚਨਾਤਮਕ ਵਿਸ਼ਲੇਸ਼ਣ ਵੀ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਹੀਗਲ ਅਨੁਸਾਰ ਚੇਤਨਾ ਦਾ ਆਪਣੇ ਅੰਤਿਮ ਸੋਮੇ ਤਕ ਪਹੁੰਚਣ ਲਈ ਅੰਦਰੂਨੀ ਦਵੰਦ ਅਤੇ ਵਿਰੋਧ ਨੂੰ ਖਤਮ ਕਰਨਾ ਜਰੂਰੀ ਹੈ। ਪੁਨਿੰਦਰ ਸਿੰਘ, ਯੂਨੀਵਰਸਿਟੀ ਆਫ ਮਿਸ਼ੀਗਨ (ਅਮਰੀਕਾ) ਨੇ ਕਿਹਾ ਕਿ ਕਾਰਲ ਮਾਰਕਸ ਅਸਲ ਵਿਚ ਹੀਗਲ ਦੇ ਵਿਚਾਰਧਾਰਕ ਅਧਾਰਾਂ ਦਾ ਪ੍ਰਤਿਉੱਤਰ ਤਿਆਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਮਾਰਕਸ ਨੇ ਗਿਆਨਾਤਮਕ ਦ੍ਰਿਸ਼ਟੀ ਤੋਂ ਹੀਗਲ ਨਾਲੋਂ ਵਿੱਥ ਪੈਦਾ ਕਰ ਲਈ ਪਰੰਤੂ ਆਪਣੀਆਂ ਯਥਾਰਥ-ਮੀਮਾਂਸਕ ਮਾਨਤਾ ਹੀਗਲ ਵਾਲੀਆਂ ਹੀ ਰੱਖੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਹੀਗਲ ਅਤੇ ਮਾਰਕਸ ਦੇ ਤੁਲਨਾਤਮਕ ਅਧਿਐਨ ਨੂੰ ਪੇਸ਼ ਕਰਦਿਆਂ ਪੰਜਾਬ ਦੇ ਪ੍ਰਸੰਗ ਵਿਚ ਉਸ ਦੀ ਵਿਚਾਰਧਾਰਕ ਮਹੱਤਤਾ ਨੂੰ ਵੀ ਪੇਸ਼ ਕੀਤਾ। ਰਾਜਬੀਰ ਸਿੰਘ, ਯੂਨੀਵਰਸਿਟੀ ਆਫ ਕੈਲੀਫੌਰਨੀਆ (ਅਮਰੀਕਾ) ਨੇ ਜ਼ੀਜੈਕ ਦੇ ਪ੍ਰਮੁੱਖ ਸੰਕਲਪ ‘ਰੂਪ ਅਤੇ ਵਿਸ਼ੇ’ ਨੂੰ ਪੰਜਾਬੀ ਜਾਂ ਸਿੱਖ ਪਛਾਣ ਦੇ ਮੁੱਦੇ ਦਾ ਵਿਸ਼ਲੇਸ਼ਣ ਇਨ੍ਹਾਂ ਦੇ ਪਰਸਪਰ ਦਵੰਦਾਤਮਕ ਨਜ਼ਰੀਏ ਤੋਂ ਸਰੋਤਿਆਂ ਨਾਲ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਮਾਨਵੀ ਪਛਾਣ ਜਾਂ ਕਿਸੇ ਵੀ ਵਸਤੂ-ਪਰਕ ਯਥਾਰਥ ਨੂੰ ਸਵੀਕਾਰ ਨਹੀਂ ਕੀਤਾ ਸਕਦਾ ਕਿਉਂਕਿ ਪਰਿਵਰਤਨ ਦਾ ਕੁਦਰਤੀ ਨਿਯਮ ਵਿਭਿੰਨ ਪ੍ਰਸੰਗਾਂ ਵਿਚ ਵਿਭਿੰਨ ਅਰਥ ਪ੍ਰਦਾਨ ਕਰਦਾ ਰਹਿੰਦਾ ਹੈ।
ਇਸ ਮੌਕੇ ਹੋਈ ਵਿਚਾਰਚਰਚਾ ਦੌਰਾਨ ਡਾ. ਪ੍ਰਵੀਨ ਕੁਮਾਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਡਾ. ਅਮਰਜੀਤ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਪ੍ਰੋ. ਦਵਿੰਦਰ ਸਿੰਘ ਚੰਡੀਗੜ੍ਹ ਤੋਂ ਇਲਾਵਾ ਹੋਰ ਖੋਜਾਰਥੀਆਂ ਨੇ ਭਾਗ ਲਿਆ। ਪ੍ਰੋ. ਜਗਦੀਸ਼ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਕਿਹਾ ਕਿ ਨਾਦ ਪ੍ਰਗਾਸੁ ਸੰਸਥਾ ਪੰਜਾਬ ਦੇ ਕਾਲਜਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਯੂਨੀਵਰਸਿਟੀਆਂ ਵਿਚ ਹੋ ਰਹੇ ਨਵੇਂ ਅਕਾਦਮਿਕ ਅਭਿਆਸਾਂ ਅਤੇ ਤਜ਼ਰਬਿਆਂ ਤੋਂ ਜਾਣੂ ਕਰਵਾਉਣ ਲਈ ਯਤਨਸ਼ੀਲ ਹੈ ਅਤੇ ਇਸੇ ਲੜੀ ਤਹਿਤ ਅੱਜ ਦਾ ਸੈਮੀਨਾਰ ਆਯੋਜਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਚੱਲ ਰਹੇ ਚਿੰਤਨ ਨਾਲ ਜੁੜਨ ਦੀ ਬੇਹੱਦ ਲੋੜ ਹੈ। ਅਜਿਹਾ ਨਾ ਹੋਣ ਦੀ ਸੂਰਤ ਵਿਚ ਪੰਜਾਬ ਗਿਆਨ ਦੇ ਖੇਤਰ ਵਿਚ ਆਪਣੀਆਂ ਪਰੰਪਰਾਵਾਂ ਅਤੇ ਸਥਾਨਕ ਵਿਸ਼ੇਸ਼ਤਾਵਾਂ ਦਾ ਵਿਸ਼ਵ ਪੱਧਰੀ ਪ੍ਰਸੰਗ ਸਿਰਜਣ ਵਿਚ ਪਛੜ ਸਕਦਾ ਹੈ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਡਾ. ਸੁਖਵਿੰਦਰ ਸਿੰਘ ਵੱਲੋਂ ਨਿਭਾਈ ਗਈ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply