Monday, July 8, 2024

1.69 ਕਰੋੜ ਦੀ ਕਣਕ ਸਬਸਿਡੀ ਸਿੱਧੇ ਰੂਪ ‘ਚ 10252 ਕਿਸਾਨਾਂ ਦੇ ਖਾਤਿਆਂ ਵਿੱਚ ਗਈ – ਡੀ.ਸੀ

Basant garg

ਬਠਿੰਡਾ, 24 ਫ਼ਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਠਿੰਡਾ ਜ਼ਿਲ੍ਹੇ ਵਿੱਚ ਕਣਕ ਦੀਆਂ ਵੱਖ-ਵੱਖ ਕਿਸਮਾਂ ਦੇ ਬੀਜ ਉਪਰ 10252 ਕਿਸਾਨਾਂ ਨੂੰ 1 ਕਰੋੜ 69 ਲੱਖ ਰੁਪਏ ਦੀ ਸਬਸਿਡੀ ਸਿੱਧੇ ਰੂਪ ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ ਤਬਦੀਲ ਕੀਤੀ ਜਾ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਹਾੜ੍ਹੀ ਦੀ ਫ਼ਸਲ 2015-16 ਦੌਰਾਨ ਕਣਕ ਦੀਆਂ ਸਰਟੀਫਾਈਡ ਕਿਸਮਾਂ ਦਾ ਬੀਜ 1000 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਤੇ ਦਿੱਤਾ ਗਿਆ ਸੀ। ਪੰਜਾਬ ਸਰਕਾਰ ਵਲੋਂ ਬਠਿੰਡਾ ਜ਼ਿਲ੍ਹੇ ਵਿਚ ਹਾੜ੍ਹੀ ਦੀ ਫ਼ਸਲ 2015-16 ਦੇ ਸੀਜ਼ਨ ਲਈ ਕੌਮੀ ਅੰਨ ਸੁਰੱਖਿਆ ਮਿਸ਼ਨ ਅਧੀਨ ਕਣਕ ਦਾ 35,000 ਕੁਇੰਟਲ ਤਸਦੀਕਸ਼ੁਦਾ ਬੀਜ 50 ਫ਼ੀਸਦੀ ਸਬਸਿਡੀ ‘ਤੇ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਗਿਆ ਸੀ, ਜਿਸ ਲਈ ਕਿਸਾਨਾਂ ਨੇ ਮਿਤੀ 26 ਅਕਤੂਬਰ, 2015 ਤੱਕ ਸਬੰਧਿਤ ਬਲਾਕ ਖੇਤੀਬਾੜੀ ਦਫ਼ਤਰਾਂ ਵਿਖੇ ਨਿਰਧਾਰਿਤ ਪ੍ਰੋਫ਼ਾਰਮੇ ਵਿਚ ਆਪਣੀਆਂ ਦਰਖਾਸਤਾਂ ਭਰ ਕੇ ਦਿੱਤੀਆਂ ਸਨ।ਉਨ੍ਹਾਂ ਦੱਸਿਆ ਕਿ ਬਠਿੰਡਾ ਬਲਾਕ ਦੇ 2227 ਕਿਸਾਨਾਂ, ਨਥਾਣਾ ਬਲਾਕ ਦੇ 885 ਕਿਸਾਨਾਂ, ਸੰਗਤ ਬਲਾਕ ਦੇ 1175 ਕਿਸਾਨਾਂ, ਤਲਵੰਡੀ ਸਾਬੋ ਬਲਾਕ ਦੇ 849 ਕਿਸਾਨਾਂ, ਮੌੜ ਬਲਾਕ ਦੇ 1902 ਕਿਸਾਨਾਂ, ਰਾਮਪੁਰਾ ਬਲਾਕ ਦੇ 1464 ਕਿਸਾਨਾਂ ਅਤੇ ਫੂਲ ਬਲਾਕ ਦੇ 1750 ਕਿਸਾਨਾਂ ਨੂੰ ਕਣਕ ਦੇ ਬੀਜ ‘ਤੇ ਸਬਸਿਡੀ ਵੰਡੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਨੂੰ 1.71 ਕਰੋੜ ਰੁਪਏ ਦੀ ਸਬਸਿਡੀ ਪ੍ਰਾਪਤ ਹੋਈ ਹੈ, ਜਿਸ ਵਿੱਚੋਂ 1.69 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਖਾਤੇ ਨੰਬਰ ਸਹੀ ਨਾ ਹੋਣ ਕਾਰਣ ਕੁੱਝ ਰਕਮ ਬਕਾਇਆ ਹੈ। ਇਸ ਸਬੰਧੀ ਕਿਸਾਨਾਂ ਤੋਂ ਬੈਂਕ ਦੇ ਖਾਤਿਆਂ ਦੀਆਂ ਫੋਟੋ ਕਾਪੀਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ।
ਡਾ. ਗਰਗ ਨੇ ਕਿਹਾ ਕਿ ਅਗਲੇ 8 ਤੋਂ 10 ਦਿਨਾਂ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ ਬਣਦੀ ਸਬਸਿਡੀ ਦੀ ਰਕਮ ਜਮਾਂ ਕਰਵਾ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਬੀਜ ਦੀ ਕੀਮਤ ‘ਤੇ ਵੱਧ ਤੋਂ ਵੱਧ 50 ਫ਼ੀਸਦੀ ਜਾਂ ਪ੍ਰਤੀ ਕੁਇੰਟਲ ਇਕ ਹਜ਼ਾਰ ਰੁਪੈ ਤੱਕ ਦੀ ਸਬਸਿਡੀ ਦਿੱਤੀ ਗਈ, ਜਿਸ ਲਈ ਢਾਈ ਏਕੜ ਤੱਕ ਵਾਲੇ ਕਿਸਾਨਾਂ ਨੂੰ ਪਹਿਲ ਦਿੱਤੀ ਗਈ। ਇਸ ਉਪਰੰਤ 5 ਏਕੜ ਜ਼ਮੀਨ ਵਾਲੇ ਕਿਸਾਨਾਂ ਨੂੰ ਬੀਜ ਦੇਣ ਲਈ ਵਿਚਾਰਿਆ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਬਿਨੈ ਪੱਤਰ ਦੇਣ ਲਈ ਸਬੰਧਿਤ ਬਲਾਕ ਖੇਤੀਬਾੜੀ ਦਫ਼ਤਰਾਂ ਤੋਂ ਨਿਰਧਾਰਿਤ ਪ੍ਰੋਫ਼ਾਰਮਾ ਪ੍ਰਾਪਤ ਕਰਕੇ, ਉਨ੍ਹਾਂ ਨੂੰ ਭਰਕੇ ਪਿੰਡ ਦੇ ਸਰਪੰਚ, ਨੰਬਰਦਾਰ ਜਾਂ ਐਮ..ਸੀ. ਕੋਲੋਂ ਤਸਦੀਕ ਕਰਵਾਕੇ ਜਮ੍ਹਾਂ ਕਰਵਾਏ ਸਨ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਾਰਦਰਸ਼ਤਾ ਲਈ ਇਹ ਵੀ ਜ਼ਰੂਰੀ ਕੀਤਾ ਗਿਆ ਕਿ ਜਿਨ੍ਹਾਂ ਬਲਾਕ ਵਿਚ ਅਰਜ਼ੀਆਂ ਦੀ ਗਿਣਤੀ ਜ਼ਿਆਦਾ ਸੀ ਉਸ ਮਾਮਲੇ ਵਿਚ ਲਾਟਰੀ ਵਿਵਸਥਾ ਰਾਹੀਂ ਸਬੰਧਿਤ ਮੈਜਿਸਟ੍ਰੇਟ ਦੀ ਹਾਜ਼ਰੀ ਵਿਚ ਡਰਾਅ ਕੱਢੇ ਗਏ ਅਤੇ ਯੋਗ ਕਿਸਾਨਾਂ ਨੂੰ ਬੀਜ ਲਈ ਪਰਮਿਟ ਜਾਰੀ ਕਰ ਦਿੱਤੇ ਗਏ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply