Friday, June 13, 2025
Breaking News

ਦੋਸ਼ੀ ਮਨਦੀਪ ਸਰੋਆ ਉਰਫ਼ ਦੀਪ ਕੁਮਾਰ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ – ਜਥੇ: ਅਵਤਾਰ ਸਿੰਘ

PPN040523
ਅੰਮ੍ਰਿਤਸਰ, 4 ਮਈ (ਪ੍ਰੀਤਮ ਸਿੰਘ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨਾਲ ਛੇੜ-ਛਾੜ ਕਰਨ ਵਾਲੇ ਮਨਦੀਪ ਸਰੋਆ ਉਰਫ਼ ਦੀਪ ਕੁਮਾਰ ਖਿਲਾਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਖ਼ਤ ਕਾਰਵਾਈ ਕਰੇਗੀ। ਦਫ਼ਤਰ ਤੋਂ ਪ੍ਰੈਸ ਨੋਟ ਜਾਰੀ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਮਨਦੀਪ ਸਰੋਆ ਉਰਫ਼ ਦੀਪ ਕੁਮਾਰ ਨੇ ਫੇਸ ਬੁੱਕ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰੂਨੀ ਭਾਗ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਉਸ ਤਸਵੀਰ ਨਾਲ ਛੇੜ-ਛਾੜ ਕਰਕੇ ਇਕ ਚੌਂਕੀ ਤੇ ਬੈਠੇ ਭਾਜਪਾ ਆਗੂ ਨਰਿੰਦਰ ਮੋਦੀ ਵਰਗੀ ਤਸਵੀਰ ਬਣਾਈ ਹੈ ਜੋ ਇਕ ਬਹੁਤ ਹੀ ਬੇਹੂਦਗੀ ਵਾਲੀ ਅਤੇ ਘਿਨਾਉਣੀ ਹਰਕਤ ਹੈ। ਉਨ੍ਹਾਂ ਨੇ ਕਿਹਾ ਕਿ ਮਨਦੀਪ ਸਰੋਆ ਉਰਫ਼ ਦੀਪ ਕੁਮਾਰ ਨੇ ਇਹ ਤਸਵੀਰ ਸ਼ੋਸ਼ਲ ਸਾਈਟ ਫੇਸ ਬੱਕ ਤੇ ਪਾਈ ਜੋ ਕਿ ਵੱਟਸ ਐਪ ਤੇ ਵੀ ਦਿਖਾ ਕੇ ਫਿਰਕੂ ਭਾਵਨਾਵਾਂ ਨੂੰ ਭੜਕਾਇਆ ਹੈ। ਜਿਸ ਨਾਲ ਦੇਸ਼-ਵਿਦੇਸ਼ ਵਿਚ ਬੈਠੇ ਸਮੂਹ ਨਾਨਕ ਨਾਮ ਲੇਵਾ ਸਿੱਖਾਂ ਦੇ ਮਨਾ ਨੂੰ ਭਾਰੀ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਾਂਝੀ ਵਾਲਤਾ ਦਾ ਪ੍ਰਤੀਕ ਹੈ। ਜਿੱਥੇ ਹਰ ਧਰਮ-ਮਜ੍ਹਬ, ਜਾਤ ਅਤੇ ਫਿਰਕੇ ਦੇ ਲੋਕ ਸ਼ਰਧਾ ਪੂਰਵਕ ਨਤਮਸਤਿਕ ਹੋ ਕੇ ਮੂੰਹ ਮੰਗੀਆਂ ਮੁਰਾਦਾਂ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਫੇਸ ਬੁੱਕ ਤੇ ਵੱਟਸ ਐਪ ਇਕ ਇਹੋ ਜਹੀਆਂ ਸ਼ੋਸ਼ਲ ਸਾਈਟਾਂ ਹਨ ਜਿਸ ਨੂੰ ਤੁਰੰਤ ਪ੍ਰਚਾਰ ਕਰਨ ਦਾ ਇਕ ਸਾਧਨ ਬਨਾਇਆ ਹੈ ਪ੍ਰੰਤੂ ਓਥੇ ਕੁਝ ਸ਼ਰਾਰਤੀ ਅਨਸਰ ਧਾਰਮਿਕ ਅਸਥਾਨਾ, ਗੁਰੂਆਂ, ਪੀਰਾਂ, ਪੈਗੰਬਰਾਂ ਅਤੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਨਾਲ ਛੇੜ-ਛਾੜ ਕਰਕੇ ਦੇਸ਼ ਦੀ ਅਮਨ-ਸ਼ਾਂਤੀ ਦੀ ਸਥਿਤੀ ਨੂੰ ਭੰਗ ਕਰਨਾ ਚਾਹੁੰਦੇ ਹਨ, ਜੋ ਉਚਿੱਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਬੰਧਤ ਵਿਭਾਗ (ਸਾਈਬਰ ਕਰਾਈਮ) ਨੂੰ ਤੁਰੰਤ ਕਾਰਵਾਈ ਕਰਦਿਆਂ ਐਸੇ ਵਿਅਕਤੀਆਂ ਨੂੰ ਠੱਲ੍ਹ ਪਾਉੇਣ ਲਈ ਸਾਈਬਰ ਕਰਾਈਮ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕਿਸੇ ਵਿਅਕਤੀ ਦਾ ਅਜਿਹਾ ਕਰਨ ਦਾ ਹੌਂਸਲਾ ਨਾ ਪਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਹੈ, ਜੋ ਮਨਦੀਪ ਸਰੋਆ ਉਰਫ਼ ਦੀਪ ਕੁਮਾਰ ਵਰਗੇ ਸ਼ਰਾਰਤੀ ਵਿਅਕਤੀਆਂ ਨੂੰ ਕਦਾਚਿੱਤ ਵੀ ਮੁਆਫ਼ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਦੀਪ ਸਰੋਆ ਉਰਫ਼ ਦੀਪ ਕੁਮਾਰ ਖਿਲਾਫ਼ ਸਾਈਬਰ ਕਰਾਈਮ ਤਹਿਤ ਕਾਨੂੰਨੀ ਕਾਰਵਾਈ ਕਰਕੇ ਉਸਨੂੰ ਸਖ਼ਤ ਸਜ਼ਾ ਦਿਵਾਏਗੀ।ਉਨ੍ਹਾਂ ਸਖਤ ਚਿਤਾਵਨੀ ਦੇਂਦੇ ਹੋਏ ਕਿਹਾ ਕਿ ਜੋ ਕੋਈ ਵਿਅਕਤੀ ਐਸੀ ਹਰਕਤ ਕਰੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਖਿਲਾਫ ਸਖਤ ਕਾਰਵਾਈ ਕਰੇਗੀ।

Check Also

ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ “ਕੁਦਰਤੀ ਆਫ਼ਤਾਂ ਪ੍ਰਬੰਧਨ ਤੇ ਪੰਜਾਬੀਆਂ ਦੀ ਭੂਮਿਕਾ” ਕਿਤਾਬ ਰਿਲੀਜ਼

ਅੰਮ੍ਰਿਤਸਰ, 12 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ …

Leave a Reply