ਟਾਊਨ ਹਾਲ ਦੀ ਇਮਾਰਤ ‘ਦਾ ਆਰਟ ਐਂਡ ਕਲਚਰਲ ਹੈਰੀਟੇਜ ਟਰੱਸਟ’ ਨੂੰ ਅਲਾਟ

ਅੰਮ੍ਰਿਤਸਰ, 21 ਜੁਲਾਈ (ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਵਿਚ ਭਾਰਤ-ਪਾਕਿਸਤਾਨ ਵੰਡ ਦੀ ਤ੍ਰਾਸਦੀ ਨੂੰ ਦਰਸਾਉਂਦਾ ਅਜਾਇਬ ਘਰ ਦਸੰਬਰ ਮਹੀਨੇੇ ਹੋਂਦ ਵਿਚ ਆ ਜਾਵੇਗਾ, ਸਰਕਾਰ ਨੇ ਇਸ ਕੰਮ ਲਈ ਟਾਊਨ ਹਾਲ ਦੀ ਇਮਾਰਤ ‘ਦਾ ਆਰਟ ਐਂਡ ਕਲਚਰਲ ਹੈਰੀਟੇਜ ਟਰੱਸਟ’ ਨੂੰ ਅਲਾਟ ਕਰ ਦਿੱਤੀ ਹੈ ਅਤੇ ਛੇਤੀ ਹੀ ਇਹ ਟਰੱਸਟ ਆਪਣਾ ਕੰਮ ਸ਼ੁਰੂ ਕਰ ਦੇਵੇਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਰਿਹਾਇਸ਼ ਵਿਖੇ ਕਰਦੇ ਉਕਤ ਟਰੱਸਟ ਦੇ ਟਰਸੱਟੀ ਮੈਡਮ ਕੇਸ਼ਵਰ ਦੇਸਾਈ (ਪ੍ਰਸਿੱਧ ਕਾਲਮ ਨਵੀਸ ਤੇ ਲੇਖਕ), ਸੋਨੀ ਭੱਟ (ਅਦਾਕਾਰ) ਅਤੇ ਲਾਰਡ ਮੇਘਨਾਦ ਦੇਸਾਈ (ਵਿਸ਼ਵ ਪ੍ਰਸਿੱਧ ਅਰਥ ਸਾਸ਼ਤਰੀ ਅਤੇ ਇਤਿਹਾਸਕਾਰ) ਨੇ ਕੀਤਾ।ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਥਾਂ ਸਤੰਬਰ ਮਹੀਨ ਟਰੱਸਟ ਨੂੰ ਸੌਂਪ ਦਿੱਤੇ ਜਾਣ ਦੀ ਆਸ ਹੈ ਅਤੇ ਉਸ ਮਗਰੋਂ ਇਸ ਨੂੰ ਅਜਾਇਬ ਘਰ ਵਿਚ ਢਾਲਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਮੈਡਮ ਦੇਸਾਈ ਨੇ ਦੱਸਿਆ ਕਿ ਇਸ ਅਜਾਇਬ ਘਰ ਲਈ ਅੰਦਾਜਨ 12 ਕਰੋੜ ਰੁਪਏ ਟਰੱਸਟ ਵੱਲੋਂ ਖਰਚ ਕੀਤੇ ਜਾਣਗੇ, ਜੋ ਕਿ ਦਾਨੀ ਸੱਜਣਾਂ ਵੱਲੋਂ ਆ ਰਹੇ ਹਨ।ਉਨਾਂ ਦੱਸਿਆ ਕਿ ਹੁਣ ਤੱਕ ਇਸ ਲਈ ਲੋੜੀਂਦੀ 50 ਫੀਸਦੀ ਰਕਮ ਇਕੱਠੀ ਹੋ ਚੁੱਕੀ ਹੈ।ਪ੍ਰਾਜੈਕਟ ਦਾ ਵਿਸਥਾਰ ਦਿੰਦੇ ਉਨਾਂ ਦੱਸਿਆ ਕਿ ਉਕਤ ਟਰਸੱਟ ਨਾਨ ਕਮਰਸ਼ੀਅਲ ਅਧਾਰ ‘ਤੇ ਇਸ ਨੂੰ ਬਨਾਉਣ ਅਤੇ ਚਲਾਉਣ ਦਾ ਕੰਮ ਕਰੇਗਾ, ਇਸ ਲਈ ਇਸਦੇ ਖਰਚੇ ਚਲਾਉਣ ਲਈ ਬਹੁਤ ਹੀ ਘੱਟ 10 ਰੁਪਏ ਦੀ ਐਂਟਰੀ ਫੀਸ ਉਲੀਕੀ ਗਈ ਹੈ। ਉਨਾਂ ਦੱਸਿਆ ਕਿ ਇਹ ਇਕੱਠੇ ਹੋਏ ਪੈਸੇ ਵੀ ਅਜਾਇਬ ਘਰ ਦੀ ਬਿਹਤਰੀ ਵਾਸਤੇ ਖਰਚ ਕੀਤੇ ਜਾਇਆ ਕਰਨਗੇ ਅਤੇ ਇਥੇ ਅਜਾਇਬ ਘਰ ਤੋਂ ਇਲਾਵਾ ਸੈਮੀਨਰ, ਭਾਸ਼ਣ, ਥੀਏਟਰ, ਕਵੀ ਸੰਮੇਲਨ ਅਤੇ ਸੰਗੀਤਕ ਪ੍ਰੋਗਰਾਮਾਂ ਦੀ ਲੜੀ ਚੱਲਦੀ ਰਿਹਾ ਕਰੇਗੀ, ਤਾਂ ਜੋ ਇਹ ਕੇਵਲ ਅਜਾਇਬ ਘਰ ਨਾ ਹੋ ਕੇ ਇਕ ਜ਼ਿੰਦਾ ਸੰਸਥਾ ਨਜ਼ਰ ਆਵੇ।
ਉਨ੍ਹਾਂ ਦੱਸਿਆ ਕਿ ਹਿੰਦ-ਪਾਕਿ ਵੰਡ ਬਹੁਤ ਵੱਡੀ ਤ੍ਰਾਸਦੀ ਹੋਣ ਦੇ ਨਾਲ-ਨਾਲ ਇਸ ਵਿਚ ਸਾਡੇ ਬਜ਼ੁਰਗਾਂ ਵਿਚ ਦੌੜਦੇ ਉਤਸ਼ਾਹਿਤ ਖੂਨ, ਭਾਈਚਾਰਕ ਸਾਂਝ ਆਦਿ ਦਾ ਵੀ ਰੰਗ ਮਿਲਦਾ ਹੈ। ਇੰਨੇ ਵੱਡੇ ਪੱਧਰ ‘ਤੇ ਫਿਰਕੂ ਰੰਗਤ ਹੋਣ ਦੇ ਬਾਵਜੂਦ ਕੁੱਝ ਲੋਕਾਂ ਨੇ ਇਕ-ਦੂਸਰੇ ਲਈ ਜਾਨਾਂ ਵਾਰੀਆਂ, ਉਜੜ ਚੁਕੇ ਲੋਕਾਂ ਨੇ ਦੁਬਾਰਾ ਉਤਸ਼ਾਹ ਦਾ ਬੁੱਲਾ ਲੈਂਦੇ ਦੇਸ਼ ਲਈ ਇੰਨਾ ਕੁਝ ਕੀਤਾ। ਉਨਾਂ ਕਿਹਾ ਕਿ ਇਹ ਸਾਡਾ ਇਤਿਹਾਸ ਸਾਂਭਣਯੋਗ ਹੈ ਅਤੇ ਇਸ ਤੋਂ ਬਹੁਤ ਵੱਡੀ ਸਿੱਖਿਆ ਸਾਡੀਆਂ ਨਵੀਆਂ ਪੀੜ੍ਹੀਆਂ ਨੂੰ ਮਿਲੇਗੀ। ਉਨਾਂ ਦੱਸਿਆ ਕਿ ਇਸ ਲਈ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਦੇਸ਼-ਵਿਦੇਸ਼ ਵਿਚੋਂ ਲੋਕ ਉਸ ਵੇਲੇ ਦੀਆਂ ਲਿਖਤਾਂ, ਵਸਤਾਂ, ਹੱਡ ਬੀਤੀ ਕਹਾਣੀਆਂ, ਸਿੱਕੇ ਆਦਿ ਦਾ ਯੋਗਦਾਨ ਪਾ ਰਹੇ ਹਨ। ਉਨਾਂ ਦੇਸ਼-ਵਿਦੇਸ਼ ਵਿਚ ਵੱਸਦੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਇਸ ਸਬੰਧੀ ਆਪਣੇ ਵੱਲੋਂ ਉਸ ਵੇਲੇ ਦੀਆਂ ਵਸਤਾਂ ਦਾ ਯੋਗਦਾਨ ਪਾਉਣ।
ਉਨ੍ਹਾਂ ਪੰਜਾਬ ਸਰਕਾਰ ਵੱਲੋਂ ਅਜਾਇਬ ਘਰ ਲਈ ਸਥਾਨ ਦੇਣ ਦੇ ਕੀਤੇ ਫੈਸਲੇ ਦੀ ਭਰਵੀਂ ਤਾਰੀਫ ਕਰਦੇ ਕਿਹਾ ਕਿ ਸਾਡੀ ਨੌਜਵਾਨ ਪੀੜੀ ਲਈ ਅਜਿਹਾ ਸਮਾਂ ਸਾਂਭਣ ਦੀ ਲੋੜ ਹੈ, ਤਾਂ ਕਿ ਭਵਿੱਖ ਵਿਚ ਅਜਿਹੀ ਤ੍ਰਾਸਦੀ ਕਿਧਰੇ ਨਾ ਵਾਪਰੇ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਵਰੁਣ ਰੂਜਮ ਨੇ ਉਕਤ ਟਰੱਸਟ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੰਦੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਸ ਮਹਾਨ ਕੰਮ ਲਈ ਉਕਤ ਸਥਾਨ ਟਰੱਸਟ ਨੂੰ ਦਿੱਤਾ ਗਿਆ ਹੈ, ਉਸ ਨੂੰ ਪੂਰਾ ਕਰਨ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਹਰਮੀਤ ਉਬਰਾਏ ਅਤੇ ਅਰਜੁਨ ਵਧਵਾ ਵੀ ਹਾਜ਼ਰ ਸਨ।
Punjab Post Daily Online Newspaper & Print Media