
ਨਵੀਂ ਦਿੱਲੀ, 27 ਮਈ (ਅੰਮ੍ਰਿਤ ਲਾਲ ਮੰਨਣ)- ਸ. ਹਰਮਨਜੀਤ ਸਿੰਘ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਦਿੱਲੀ ਤੋਂ ਨਾਮਜ਼ਦ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ਦੇ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੇ ਮੰਤਰੀ ਮੰਡਲ ਵਿੱਚ ਫੂਡ ਪ੍ਰੋਸੈਸਿੰਗ ਮੰਤਰੀ ਵਜੋਂ ਸ਼ਾਮਲ ਕੀਤੇ ਜਾਣ ਦਾ ਸੁਆਗਤ ਕਰਦਿਆਂ ਜਿਥੇ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਅਤੇ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਵਧਾਈ ਦਿੱਤੀ ਹੈ, ਉਥੇ ਹੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਵੀ ਕੀਤਾ ਹੈ, ਜਿਨ੍ਹਾਂ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਯੋਗਤਾ ਅਤੇ ਪਿਛਲੇ ਪੰਜ ਵਰ੍ਹਿਆਂ ਵਿੱਚ ਸੰਸਦ ਵਿੱਚ ਇੱਕ ਸਾਂਸਦ ਵਜੋਂ ਨਿਭਾਈ ਗਈ ਸਾਰਥਕ ਭੂਮਿਕਾ ਦਾ ਸਨਮਾਨ ਕਰਦਿਆਂ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਹੈ। ਸ. ਹਰਮਨਜੀਤ ਸਿੰਘ ਨੇ ਦਸਿਆ ਕਿ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਸਾਲ ੨੦੦੯ ਵਿੱਚ ਬਠਿੰਡਾ ਤੋਂ ਲੋਕ ਸਭਾ ਲਈ ਚੁਣੇ ਜਾਣ ਦੇ ਨਾਲ ਜਿਉਂ ਹੀ ਆਪਣੇ ਰਾਜਸੀ ਜੀਵਨ ਦੀ ਅਰੰਭਤਾ ਕੀਤੀ, ਪਿਛੇ ਮੁੜ ਕੇ ਨਹੀਂ ਵੇਖਿਆ, ਹਰ ਕਦਮ ਅਗੇ ਹੀ ਅਗੇ ਵਧਾਇਆ। ਉਨ੍ਹਾਂ ਦਸਿਆ ਕਿ ਸਾਲ 2009 ਵਿੱਚ ਉਨ੍ਹਾਂ ਨੂੰ ਕੇਂਦਰ ਸਰਕਾਰ ਵਲੋਂ ਗਠਿਤ ਆਂਕਲਨ ਅਤੇ ਸਮਾਜਕ ਨਿਆਂ ਤੇ ਅਧਿਕਾਰਤਾ ਮਾਮਲਿਆਂ ਦੀਆਂ ਕਮੇਟੀਆਂ ਦਾ ਮੈਂਬਰ ਥਾਪਿਆ ਗਿਆ। ਸਾਲ 2010 ਵਿੱਚ ਉਨ੍ਹਾਂ ਨੂੰ ਫੂਡ ਐਂਡ ਸਪਲਾਈ ਕਮੇਟੀ ਦੇ ਮੈਂਬਰ ਦੀਆਂ ਜ਼ਿਮੇਂਦਾਰੀਆਂ ਸੌਂਪੀਆਂ ਗਈਆਂ। ਇਨ੍ਹਾਂ ਕਮੇਟੀਆਂ ਦੇ ਮੈਂਬਰ ਵਜੋਂ ਉਨ੍ਹਾਂ ਆਪਣੀ ਯੋਗਤਾ ਦਾ ਜੋ ਸਬੂਤ ਦਿੱਤਾ ਉਸਦੀ ਪ੍ਰਸ਼ੰਸਾ ਸਾਰੀਆਂ ਧਿਰਾਂ ਵਲੋਂ ਕੀਤੀ ਗਈ। ਸ. ਹਰਮਨਜੀਤ ਸਿੰਘ ਨੇ ਹੋਰ ਦਸਿਆ ਕਿ ਸ੍ਰੀਮਤੀ ਹਰਸਿਮਰਤ ਕੌਰ ਨੇ ਇੱਕ ਸਾਂਸਦ ਵਜੋਂ ਬੀਤੇ ਪੰਜ ਵਰ੍ਹਿਆਂ ਦੌਰਾਨ ਸੰਸਦ ਵਿੱਚ ਨਾ ਕੇਵਲ ਪੰਜਾਬ ਅਤੇ ਸਿੱਖਾਂ ਦੇ ਮਾਮਲਿਆਂ ਨੂੰ ਹੀ ਦ੍ਰਿੜ੍ਹਤਾ ਨਾਲ ਜਨ ਪ੍ਰਤੀਨਿਧੀਆਂ ਸਾਹਮਣੇ ਪੇਸ਼ ਕੀਤਾ, ਸਚੋਂ ਰਾਸ਼ਟਰੀ ਮੁਦਿਆਂ ਤੇ ਵੀ ਉਨ੍ਹਾਂ ਦੀ ਪਹੁੰਚ ਅਤੇ ਪਕੜ ਸਾਰਥਕ ਰਹੀ। ਸ. ਹਰਮਨਜੀਤ ਸਿੰਘ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇੱਕ ਮੰਤਰੀ ਵਜੋਂ ਵੀ ਉਨ੍ਹਾਂ ਦਾ ਪ੍ਰਦਰਸ਼ਨ ਪ੍ਰਭਾਵਸ਼ਾਲੀ ਰਹੇਗਾ ਤੇ ਉਹ ਸਾਰੇ ਵਰਗਾਂ ਅਤੇ ਧਿਰਾਂ ਦਾ ਵਿਸ਼ਵਾਸ ਜਿਤਣ ਵਿੱਚ ਸਫਲ ਹੋਣਗੇ।
Punjab Post Daily Online Newspaper & Print Media