
ਫਾਜ਼ਿਲਕਾ, 24 ਅਕਤੂਬਰ (ਵਿਨੀਤ ਅਰੋੜਾ) – ਆਲ ਪੰਜਾਬ ਆਂਗਨਵਾੜੀ ਕਰਮਚਾਰੀ ਯੂਨੀਅਨ ਵੱਲੋਂ ਅੱਜ ਸਥਾਨਕ ਘਾਹ ਮੰਡੀ ਵਿਚ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਵਿਚ ਜੇਤੂ ਰੈਲੀ ਕੀਤੀ ਗਈ। ਜਿਸ ਵਿਚ ਮਾਲਵਾ ਖੇਤਰ ਦੇ 7 ਜ਼ਿਲ੍ਹਿਆਂ ਫਾਜ਼ਿਲਕਾ, ਫਿਰੋਜ਼ਪੁਰ, ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ, ਫਰੀਦਕੋਟ, ਮਾਨਸਾ ਅਤੇ ਬਰਨਾਲਾ ਨਾਲ ਸਬੰਧਤ ਆਂਗਣਵਾੜੀ ਹੈਲਪਰਾਂ ਅਤੇ ਵਰਕਰਾਂ ਵੱਡੀ ਗਿਣਤੀ ਵਿਚ ਸ਼ਾਮਲ ਹੋਈਆਂ।
ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਪੰਜਾਬ ਸੁਰਜੀਤ ਕੁਮਾਰ ਜਿਆਣੀ ਦੀ ਧਰਮਪਤਨੀ ਨਿਰਮਲਾ ਜਿਆਣੀ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਏ।
ਹਾਜ਼ਰੀਨ ਨੂੰ ਸੰਬੋਧਤ ਕਰਦਿਆਂ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ 13 ਅਕਤੂਬਰ ਤੋਂ ਫਾਜ਼ਿਲਕਾ ਵਿਚ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਦਫ਼ਤਰ ਅੱਗੇ ਯੂਨੀਅਨ ਮੈਂਬਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਹੋਇਆ ਸੀ। ਜਿਨ੍ਹਾਂ ਵਿਚੋਂ ਉਨ੍ਹਾਂ ਦੀਆਂ ਦੋ ਮੁੱਖ ਮੰਗਾਂ ਐਨ.ਜੀ.ਓ. ਅਧੀਨ ਚੱਲ ਰਹੇ ਬਲਾਕ ਖੂਈਆਂ ਸਰਵਰ ਅਤੇ ਬਠਿੰਡਾ ਨੂੰ ਪੰਜਾਬ ਸਰਕਾਰ ਨੇ ਵਾਪਸ ਵਿਭਾਗ ਅਧੀਨ ਸ਼ਾਮਲ ਕਰ ਲਿਆ ਹੈ। ਇਸ ਤਰ੍ਹਾਂ ਹੀ 517 ਮਿੰਨੀ ਆਂਗਣਵਾੜੀ ਸੈਂਟਰਾਂ ਨੂੰ ਵੀ ਪੂਰੇ ਸੈਂਟਰ ਦਾ ਦਰਜਾ ਦੇ ਦਿੱਤਾ ਹੈ।
ਸੂਬਾ ਪ੍ਰਧਾਨ ਨੇ ਯੂਨੀਅਨ ਮੈਂਬਰਾਂ ਨੂੰ ਕਿਹਾ ਕਿ ਜਿਸ ਤਰ੍ਹਾਂ ਆਪਾ ਹੁਣ ਇਹ ਲੜਾਈ ਜਿੱਤੀ ਹੈ। ਇਸੇ ਤਰ੍ਹਾਂ ਏਕਾ ਬਣਾਕੇ ਅਸੀਂ ਸਰਕਾਰਾਂ ਨੂੰ ਮਜ਼ਬੂਰ ਕਰੀਏ ਕਿ ਉਹ ਵਰਕਰਾਂ ਅਤੇ ਹੈਲਪਰਾਂ ਦਾ ਸੋਸ਼ਨ ਬੰਦ ਕਰਨ ਤੇ ਵਰਕਰਾਂ/ਹੈਲਪਰਾਂ ਨੂੰ ਸਰਕਾਰੀ ਕਰਮਚਾਰੀਆਂ ਦਾ ਦਰਜ਼ਾ ਦੇਣ। ਉਨ੍ਹਾਂ ਕਿਹਾ ਕਿ 28 ਨਵੰਬਰ ਨੂੰ ਦਿਲੀ ਵਿਚ ਸੰਸਦ ਦਾ ਘਿਰਾਓ ਕਰਨ ਲਈ ਵਰਕਰਾਂ ਅਤੇ ਹੈਲਪਰਾਂ ਵੱਡੀ ਗਿਣਤੀ ਵਿਚ ਦਿੱਲੀ ਪੁਜਣ।
ਸੰਬੋਧਤ ਕਰਦਿਆਂ ਸ਼੍ਰੀਮਤੀ ਨਿਰਮਲਾ ਜਿਆਣੀ ਨੇ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਗਈ ਹੈ।
ਇਸ ਮੌਕੇ ਗੁਰਮੀਤ ਕੌਰ ਬਠਿੰਡਾ, ਇੰਦਰਜੀਤ ਖੂਈਆਂ ਸਰਵਰ, ਸ਼ਿੰਦਰਪਾਲ ਕੌਰ ਥਾਂਦੇਵਾਲਾ, ਰੇਸ਼ਮਾ ਰਾਣੀ ਫਾਜ਼ਿਲਕਾ, ਦਲਜੀਤ ਕੌਰ ਬਰਨਾਲਾ, ਜਸਵੰਤ ਕੌਰ ਭੀਖੀ, ਸ਼ੀਲਾ ਰਾਣੀ ਗੁਰੂਹਰਸਹਾਏ, ਕ੍ਰਿਸ਼ਨਾ ਦੇਵੀ ਅੋਲਖ, ਪ੍ਰਕਾਸ਼ ਕੌਰ ਮਮਦੋਟ, ਮਹਿੰਦਰ ਕੌਰ ਪਤੋ, ਜਸਵੀਰ ਕੌਰ ਬਠਿੰਡਾ, ਰਣਇੰਦਰ ਕੌਰ ਮੌੜ, ਛਿੰਦਰਪਾਲ ਕੌਰ ਜਲਾਲਾਬਾਦ, ਕੁਲਜੀਤ ਕੌਰ ਤੱਲੇਵਾਲ ਅਤੇ ਖੁਸ਼ਪਾਲ ਕੌਰ ਫਰੀਦਕੋਟ, ਰੇਸ਼ਮਾ ਰਾਣੀ ਫਾਜ਼ਿਲਕਾ ਨੇ ਸੰਬੋਧਤ ਕੀਤਾ।
ਇਸ ਮੌਕੇ ਯੂਨੀਅਨ ਦੀਆਂ ਅਹੁਦੇਦਾਰਾਂ ਵੱਲੋਂ ਸ਼੍ਰੀਮਤੀ ਨਿਰਮਲਾ ਜਿਆਣੀ ਨੂੰ ਸਨਮਾਨਿਤ ਵੀ ਕੀਤਾ ਗਿਆ।
Punjab Post Daily Online Newspaper & Print Media