Friday, July 10, 2026

ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੇ 47ਵੇਂ ਸ਼ਹੀਦੀ ਦਿਵਸ ਮੌਕੇ ਮਜੀਠੀਆ ਵੱਲੋਂ ਸ਼ਰਧਾਂਜਲੀਆਂ ਭੇਂਟ

ppn2710201621

ਅੰਮ੍ਰਿਤਸਰ, 27 ਅਕਤੂਬਰ (ਪੰਜਾਬ ਪੋਸਟ ਬਿਊਰੋ)- ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਵੱਲੋਂ ਪੰਜਾਬ ਦੇ ਹਿੱਤਾਂ ਪ੍ਰਤੀ ਦਿੱਤੀ ਕੁਰਬਾਨੀ ਨੂੰ ਯਾਦ ਕਰਦਿਆਂ ਪੰਜਾਬ ਦੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਸ਼ਹੀਦ ਫੇਰੂਮਾਨ ਦੀ ਸ਼ਹਾਦਤ ਨੂੰ ਮਹਾਨ ਕੁਰਬਾਨੀ ਦੱਸਿਆ ਹੈ। ਅੱਜ ਪਿੰਡ ਫੇਰੂਮਾਨ ਵਿਖੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੇ 47ਵੇਂ ਸ਼ਹੀਦੀ ਦਿਵਸ ਮੌਕੇ ਸ਼ਰਧਾਂਜਲੀ ਭੇਂਟ ਕਰਦਿਆਂ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ਼ਹੀਦ ਫੇਰੂਮਾਨ ਜੀ ਆਪਣੇ ਵਚਨ ਦੇ ਪੱਕੇ ਸਨ ਅਤੇ ਉਨ੍ਹਾਂ ਨੇ ਆਪਣੇ ਸੂਬੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਦਿਆਂ ਆਪਣੀ ਜਾਨ ਦੀ ਕੁਰਬਾਨੀ ਤੱਕ ਦੇ ਦਿੱਤੀ ਪਰ ਆਪਣੇ ਵਚਨ ਤੋਂ ਪਿੱਛੇ ਨਹੀਂ ਹਟੇ। ਉਨ੍ਹਾਂ ਕਿਹਾ ਕਿ ਸ਼ਹੀਦ ਸ. ਦਰਸ਼ਨ ਸਿੰਘ ਫੇਰੂਮਾਨ ਦੀ ਕੁਰਬਾਨੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਹੈ ਅਤੇ ਪੰਜਾਬ ਦੇ ਲੋਕ ਉਨ੍ਹਾਂ ਦੀ ਇਸ ਮਹਾਨ ਕੁਰਬਾਨੀ ਨੂੰ ਹਮੇਸ਼ਾਂ ਯਾਦ ਰੱਖਣਗੇ।
ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰਾਂ ਨੇ ਹਮੇਸ਼ਾਂ ਹੀ ਪੰਜਾਬ ਨਾਲ ਧੱਕਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਦੇ ਪਾਣੀਆਂ ਨੂੰ ਧੱਕੇ ਨਾਲ ਖੋਹ ਲਿਆ ਅਤੇ ਪੰਜਾਬੀ ਬੋਲਦੇ ਇਲਾਕੇ ਅਤੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਵੀ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਵਕਾਲਤ ਕਰਦੇ ਸਨ ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਹੀ ਉਨ੍ਹਾਂ ਨੂੰ ਆਪਣੀ ਕੁਰਬਾਨੀ ਦੇਣੀ ਪਈ। ਸ. ਮਜੀਠੀਆ ਨੇ ਕਿਹਾ ਕਿ ਪੰਜਾਬੀਆਂ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ ਅਤੇ ਪੰਜਾਬੀ ਯੋਧਿਆਂ ਨੇ ਹਮੇਸ਼ਾਂ ਹੀ ਆਪਣੇ ਨਿੱਜ ਤੋਂ ਉੱਪਰ ਉਠ ਕੇ ਸਰਬ-ਸਾਂਝੀਵਾਲਤਾ ਲਈ ਆਪਾ ਨਿਸ਼ਾਵਰ ਕੀਤਾ ਹੈ। ਇਸ ਮੌਕੇ ਸ. ਮਜੀਠੀਆ ਨੇ ਪੰਜ ਲੱਖ ਰੁਪਏ ਪਿੰਡ ਫੇਰੂਮਾਨ ਦੇ ਵਿਕਾਸ ਲਈ ਦੇਣ ਦਾ ਐਲਾਨ ਵੀ ਕੀਤਾ। ਇਸੇ ਦੌਰਾਨ ਉਨ੍ਹਾਂ ਨੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੇ ਪਰਿਵਾਰ ਨੂੰ 1 ਨਵੰਬਰ ਨੂੰ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮੌਕੇ ਕਰਾਏ ਜਾ ਰਹੇ ਸਮਾਗਮ ਲਈ ਵੀ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਸ. ਮਨਜਿੰਦਰ ਸਿੰਘ ਸਿਰਸਾ, ਵਿਧਾਇਕ ਬਲਜੀਤ ਸਿੰਘ ਜਲਾਲਉਸਮਾ, ਮਨਜੀਤ ਸਿੰਘ ਮੰਨਾ ਵਿਧਾਇਕ ਬਾਬਾ ਬਕਾਲਾ ਨੇ ਵੀ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਕੁਰਬਾਨੀ ਨੂੰ ਯਾਦ ਕੀਤਾ। ਸਾਰੇ ਬੁਲਾਰਿਆਂ ਨੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਨੂੰ ਪੰਜਾਬ ਦਾ ਮਹਾਨ ਆਗੂ ਦੱਸਿਆ। ਇਸ ਮੌਕੇ ਉੱਪ ਮੁੱਖ ਮੰਤਰੀ ਦੇ ਓ.ਐੱਸ.ਡੀ. ਪਰਮਿੰਦਰ ਸਿੰਘ ਬਰਾੜ, ਨਵਤੇਜ ਸਿੰਘ ਫੇਰੂਮਾਨ, ਸੋਹਣ ਸਿੰਘ ਫੇਰੂਮਾਨ, ਗਗਨਦੀਪ ਸਿੰਘ ਜੱਜ, ਜਥੇਦਾਰ ਗੁਰਵਿੰਦਰ ਸਿੰਘ, ਕੁਲਵੰਤ ਸਿੰਘ ਰੰਧਾਵਾ, ਕੁਲਦੀਪ ਸਿੰਘ ਰਾਣਾ, ਸੰਤੋਖ ਸਿੰਘ ਭਲਾਈਪੁਰ, ਮਾਸਟਰ ਕੁਲਵੰਤ ਸਿੰਘ, ਸੁਖਦੇਵ ਸਿੰਘ, ਜਗੀਰ ਸਿੰਘ ਭਿੰਡਰ, ਹਰਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

Check Also

ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …

Leave a Reply