ਅੰਮ੍ਰਿਤਸਰ, 6 ਨਵੰਬਰ (ਜਗਦੀਪ ਸਿੰਘ ਸੱਗੂ)- ਕਿਸਾਨ ਹਤੈਸ਼ੀ ਅਖਵਾਉਣ ਵਾਲੀ ਸਰਕਾਰ ਦੇ ਰਾਜ ਵਿਚ ਕਿਸਾਨਾਂ ਦੀ ਫਸਲ ਦੀ ਚੁਕਾਈ ਸਮੇਂ ਸਿਰ ਨਾ ਹੋਣਾ ਅਤੇ ਫਿਰ ਕਿਸਾਨਾਂ ਦੀ ਵੱਖ-ਵੱਖ ਤਰੀਕਿਆਂ ਨਾਲ ਮੰਡੀਆਂ ਵਿਚ ਲੁੱਟ ਹੋਣਾ ਬਹੁਤ ਹੀ ਮੰਦਭਾਗੀ ਗੱਲ ਹੈ।ਆਮ ਆਦਮੀ ਪਾਰਟੀ ਦੇ ਹਲਕਾ ਦੱਖਣੀ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਝਰ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਵਿਚ ਕਿਸਾਨਾਂ ਦੀ ਏਨੀ ਕੁ ਮਾੜੀ ਹਾਲਤ ਹੋ ਚੁੱਕੀ ਹੈ ਕਿ ਪਹਿਲੇ 10 (ਫਾਰਮਰ ਫ੍ਰੈਂਡਲੀ ਸਟੇਟ) ਕਿਸਾਨ ਹਿਤੈਸ਼ੀ ਸੂਬਿਆਂ ਦੀ ਸੂਚੀ ‘ਚ ਪੰਜਾਬ ਦਾ ਨਾਮ ਨਹੀਂ ਹੈ, ਜਦਕਿ ਪੰਜਾਬ ਨੂੰ ਖੇਤੀ ਪ੍ਰਦਾਨ ਸੂਬੇ ਦੇ ਨਾਮ ਤੋਂ ਜਾਣਿਆ ਜਾਂਦਾ ਸੀ।
ਡਾ. ਨਿੱਝਰ ਨੇ ਇਹ ਵੀ ਕਿਹਾ ਕਿ ਮੰਡੀਆਂ ਵਿਚ ਵੱਖ-ਵੱਖ ਢੰਗ ਤਰੀਕਿਆਂ ਨਾਲ ਕਿਸਾਨਾਂ ਦੀ ਲੁੱਟ ਹੋ ਰਹੀ ਹੈ, ਜਿਸ ਵਿਚ ਸਿੱਧੇ ਜਾਂ ਅਸਿੱਧੇ ਤੌਰ ‘ਤੇ ਪੰਜਾਬ ਸਰਕਾਰ ਹੀ ਜਿੰਮੇਵਾਰ ਹੈ।ਕਿਉਂਕਿ ਸਰਕਾਰ ਵਲੋਂ ਫਸਲ ਦੀ ਚੁਕਾਈ ਵਿਚ ਦੇਰੀ ਹੋਣ ‘ਤੇ ਫਸਲ ਖਰਾਬ ਹੋਣ ਤੋਂ ਬਚਾਉਣ ਲਈ ਨਿੱਜੀ ਅਦਾਰਿਆਂ ਨੂੰ ਘੱਟ ਮੁੱਲ ‘ਤੇ ਵੇਚਣ ਲਈ ਮਜ਼ਬੂਰ ਹੋਣਾ ਪੈਂਦਾ ਹੈ, ਜਦਕਿ ਮੰਡੀਆਂ ਵਿਚ ਤੋਲਾਈ ਸਹੀ ਨਾ ਹੋਣ ਕਰਕੇ ਕਿਸਾਨ ਲੁੱਟ ਦਾ ਸ਼ਿਕਾਰ ਹੁੰਦਾ ਹੈ। ਡਾ. ਨਿੱਝਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨੀ ਨੂੰ ਏਨਾ ਕੁ ਘਾਟੇ ਵਾਲਾ ਕਿੱਤਾ ਬਣਾ ਦਿੱਤਾ ਹੈ ਕਿ ਅਗੇ ਆਉਣ ਵਾਲੀ ਪੀੜ੍ਹੀ ਇਸ ਕਿੱਤੇ ਵਿਚ ਜਾਣ ਨੂੰ ਤਿਆਰ ਨਹੀਂ ਹੈ।ਉਨਾਂ ਕਿਹਾ ਕਿ ‘ਆਪ’ ਪਾਰਟੀ ਨੇ ਕਿਸਾਨੀ ਨੂੰ ਲਾਹੇਵੰਦ ਬਣਾਉਣ ਲਈ ਕਈ ਵੱਡੇ ਫੈਸਲੇ ਲਏ ਹਨ, ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਕਿਸਾਨਾਂ ਦੀ ਕਰਜ਼ਾ ਮੁਆਫੀ ਲਈ ਉਪਰਾਲੇ, ‘ਸਰ ਛੋਟੂ ਰਾਮ’ ਐਕਟ ਲਾਗੂ ਕਰਨਾ ਅਤੇ 2019 ਵਿਚ ਕਿਸਾਨਾਂ ਦੇ ਹਿੱਤਾਂ ਲਈ ਹੀ ‘ਸਵਾਮੀਨਾਥਨ ਰਿਪੋਰਟ’ ਲਾਗੂ ਕਰਨਾ ਸ਼ਾਮਲ ਹੈ।ਉਨ੍ਹਾਂ ਕਿਹਾ ਕਿ ਗੰਨੇ ਦੀ ਫਸਲ ਦੀ ਅਦਾਇਗੀ ਵਿੱਚ ਦੇਰੀ ਲਈ ਵੀ ‘ਆਪ’ ਦੀ ਸਰਕਾਰ ਉਸ ਨੂੰ ਵਿਆਜ਼ ਅਦਾ ਕਰੇਗੀ।ਉਨ੍ਹਾਂ ਦੱਸਿਆ ਕਿ ਸਰ ਛੋਟੂ ਰਾਮ ਐਕਟ ਦੇ ਤਹਿਤ ਜੋ ਕਿਸਾਨ ਆਪਣੇ ਕਰਜ਼ੇ ਦੀ ਦੋਗੁਣੀ ਰਕਮ ਅਦਾ ਕਰ ਦਿੰਦਾ ਹੈ, ਉਸ ਦਾ ਕਰਜ਼ਾ ਉਸੇ ਵਕਤ ਖਤਮ ਕਰ ਦਿੱਤਾ ਜਾਂਦਾ ਹੈ ਅਤੇ ਸਵਾਮੀਨਾਥਨ ਰਿਪੋਰਟ ਤਹਿਤ ਜੋ ਕਿਸਾਨ ਦੀ ਫਸਲ ‘ਤੇ ਖਰਚ ਆਉਂਦਾ ਹੈ, ਉਸ ਦਾ 50 ਪ੍ਰਤੀਸ਼ਤ ਲਾਭ ਉਸ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ।
ਇਸ ਮੌਕੇ ਕੁਲਬੀਰ ਸਿੰਘ ਗੰਡੀਵਿੰਡ, ਰਸ਼ਪਾਲ ਸਿੰਘ, ਰਮਨਦੀਪ ਸਿੰਘ, ਕੋਂਸਲਰ ਅਮਰਜੀਤ ਸਿੰਘ ਭਾਟੀਆ, ਮਨਜੀਤ ਕੌਰ, ਹਰਪ੍ਰੀਤ ਸਿੰਘ ਭਾਟੀਆ, ਅਵਤਾਰ ਸਿੰਘ, ਦੀਪਕ ਰਾਜੂ, ਮਨਿੰਦਰ ਸਿੰਘ, ਵਿਜੈ ਗਿੱਲ, ਅਮਨਦੀਪ ਸਿੰਘ, ਮੈਡਮ ਸੀਮਾ ਸੋਢੀ, ਸੁਖਰਾਜ ਸਿੰਘ ਵੇਰਕਾ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media