Wednesday, March 25, 2026

ਗੁਰੂ ਕੀ ਨਗਰੀ ਵਿਚ ਅੱਜ ਤੋਂ ਸ਼ੁਰੂ ਹੋਵੇਗਾ 11ਵਾਂ ਅੰਤਰਰਾਸ਼ਟਰੀ ਵਪਾਰ ਮੇਲਾ

ppn0712201618
ਅੰਮ੍ਰਿਤਸਰ, 7 ਦਸੰਬਰ (ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਅਤੇ ਪੀ. ਐਚ. ਡੀ ਚੈਂਬਰ ਆਫ ਕਾਮਰਸ ਵੱਲੋਂ ਸਥਾਨਕ ਰਣਜੀਤ ਐਵੀਨਿਊ ਗਰਾਊਂਡ ਵਿਚ ਕਰਵਾਏ ਜਾ ਰਹੇ 11ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਇਟੈਕਸ) ਰਾਹੀਂ ਜਿਥੇ ਸਾਰਕ ਦੇਸ਼ਾਂ ਵਿਚਾਲੇ ਵਪਾਰਕ ਸਬੰਧ ਹੋਰ ਮਜ਼ਬੂਤ ਹੋਣਗੇ, ਉਥੇ ਹੀ ਸਨਅਤੀ ਖੇਤਰ ਵਿਚ ਅੰਮ੍ਰਿਤਸਰ ਦਾ ਗ੍ਰਾਫ ਵੀ ਵਧੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਅੱਜ ਪੀ. ਐਚ. ਡੀ ਚੈਂਬਰ ਆਫ ਕਾਮਰਸ ਦੇ ਖੇਤਰੀ ਦਫ਼ਤਰ ਦਾ ਉਦਘਾਟਨ ਕਰਨ ਤੋਂ ਬਾਅਦ ਮੀਡੀਆ ਨਾਲ ਗਲੱਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਪਿਛਲੇ ਦਸ ਸਾਲਾਂ ਦੌਰਾਨ ਪਾਇਟੈਕਸ ਨੇ ਇਸ ਖੇਤਰ ਵਿਚ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ, ਜਿਸ ਦੀ ਇਥੋਂ ਦੇ ਵਸਨੀਕਾਂ ਨੂੰ ਬੜੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਹ ਸਮੂਹ ਅੰਮ੍ਰਿਤਸਰ ਵਾਸੀਆਂ ਲਈ ਫਖ਼ਰ ਦੀ ਗੱਲ ਹੈ ਕਿ ਪਾਇਟੈਕਸ ਮੇਲੇ ਦਾ ਆਯੋਜਨ ਇਥੇ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿਚ ਪੀ.ਆਈ.ਡੀ.ਬੀ, ਮਾਰਕਫੈਡ, ਮਿਲਕਫੈਡ, ਪੰਜਾਬ ਖਾਦੀ ਐਂਡ ਵਿਲੇਜ ਇੰਡਸਟਰੀ ਬੋਰਡ, ਗਮਾਡਾ, ਪੀ.ਐਚ.ਆਈ.ਸੀ, ਪੇਡਾ, ਕੱਪੜਾ ਮੰਤਰਾਲਾ, ਨਾਬਾਰਡ, ਨੈਸ਼ਨਲ ਸਮਾਲ ਇੰਡਸਟਰੀ ਕਾਰਪੋਰੇਸ਼ਨ ਵਰਗੇ ਵਿਭਾਗ ਆਪਣਾ ਯੋਗਦਾਨ ਦੇ ਰਹੇ ਹਨ।
ਇਸ ਮੌਕੇ ਪਾਇਟੈਕਸ ਦੇ ਪ੍ਰੋਗਰਾਮਾਂ ਦਾ ਰਸਮੀ ਐਲਾਨ ਕਰਦੇ ਹੋਏ ਪੀ.ਐਚ.ਡੀ.ਚੈਂਬਰ ਆਫ ਕਾਮਰਸ ਦੀ ਪੰਜਾਬ ਇਕਾਈ ਦੇ ਕੋ-ਚੇਅਰਮੈਨ ਸ. ਆਰ.ਐਸ.ਸਚਦੇਵਾ ਨੇ ਕਿਹਾ ਕਿ ਪਾਇਟੈਕਸ ਨੂੰ ਇਸ ਵਾਰ ਪਹਿਲਾਂ ਦੇ ਮੁਕਾਬਲੇ ਵੱਡੀ ਪਧੱਰ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿਚ ਸਾਰਕ ਦੇਸ਼ਾਂ ਤੋਂ ਇਲਾਵਾ ਪਹਿਲੀ ਵਾਰ ਹਿਮਾਚਲ ਅਤੇ ਜੰਮੂ-ਕਸ਼ਮੀਰ ਆਦਿ ਸੂਬੇ ਭਾਗ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਪਾਇਟੈਕਸ ਰਾਹੀਂ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ ਸਮਾਜਿਕ ਜ਼ਿੰਮੇਵਾਰੀਆਂ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸਦੇ ਚਲਦੇ 8 ਦਸਬੰਰ ਨੂੰ ਸਵੇਰੇ ਫੋਰਟਿਸ ਹਾਰਟ ਦੇ ਸਹਿਯੋਗ ਨਾਲ ਅੰਗਦਾਨ ਜਾਗਰੂਕਤਾ ਲਈ ਮੈਰਾਥਨ ਦੌੜ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਸ. ਸਚਦੇਵਾ ਨੇ ਦੱਸਿਆ ਕਿ ਪਿਛਲੇ ਸਾਲ ਰਿਵਰਸ ਬਾਇਰ-ਸੈਲਰ ਮੀਟ ਦੇ ਪ੍ਰਤੀ ਉਤਸ਼ਾਹ ਨੂੰ ਦੇਖਦਿਆਂ ਇਸ ਵਾਰ ਇਸਦਾ ਦਾਇਰਾ ਵਧਾਉਾਂਦੇ ੋਏ ਦੋ ਪੜਾਵਾਂ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਰਾਹੀਂ ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਨਿਪਾਲ ਅਤੇ ਸ੍ਰੀਲੰਕਾ ਦੇ ਕਰੀਬ 150 ਖਰੀਦਦਾਰ ਇਥੇ ਪਹੁੰਚ ਰਹੇ ਹਨ। ਆਰ. ਬੀ. ਐਸ. ਐਮ ਰਾਹੀਂ ਮੇਕ ਇਨ ਇੰਡੀਆ ਉਤਪਾਦਾਂ ਨੂੰ ਅੰਮ੍ਰਿਤਸਰ ਵਿਚ ਹੀ ਅੰਤਰਰਾਸ਼ਟਰੀ ਮਾਰਕੀਟ ਮਿਲੇਗੀ। ਇਸ ਪੰਜ ਰੋਜ਼ਾ ਮੇਲੇ ਦੌਰਾਨ ਸਾਰਕ ਦੇਸ਼ਾਂ ਦੇ ਚੈਂਬਰ ਆਫ ਇੰਡਸਟਰੀ ਦੇ ਪ੍ਰਤੀਨਿਧਾਂ ਤੋਂ ਇਲਾਵਾ ਪੰਜਾਬ ਦੇ ਕਾਰੋਬਾਰੀਆਂ ਨੂੰ ਵੀ ਇਕੋ ਥਾਂ ‘ਤੇ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲੇਗਾ।
ਇਸ ਮੌਕੇ ਪੀ. ਐਚ. ਡੀ ਚੈਂਬਰ ਆਫ ਕਾਮਰਸ ਦੇ ਖੇਤਰੀ ਡਾਇਰੈਕਟਰ ਡਾ. ਪ੍ਰਵੀਨ ਰਾਠੀ ਨੇ ਦੱਸਿਆ ਕਿ ਇਸ ਵਾਰ ਕਰੀਬ 10 ਹਜ਼ਾਰ ਵਰਗ ਮੀਟਰ ਵਿਚ ਕਰੀਬ 400 ਸਟਾਲ ਲਗਾਏ ਗਏ ਹਨ ਅਤੇ ਭੁਗਤਾਨ ਕਰਨ ਲਈ ਸਵਾਈਪਿੰਗ ਮਸ਼ੀਨਾਂ ਵੀ ਉਪਲੱਬਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਸਾਲ 2005 ਦੌਰਾਨ ਜਦੋਂ ਪਹਿਲੀ ਵਾਰ ਅੰਮ੍ਰਿਤਸਰ ਵਿਚ ਪਾਇਟੈਕਸ ਮੇਲੇ ਦਾ ਆਯੋਜਨ ਕੀਤਾ ਗਿਆ ਤਾਂ ਕਰੀਬ 150 ਕਾਰੋਬਾਰੀਆਂ ਨੇ ਇਸ ਵਿਚ ਭਾਗ ਲਿਆ ਸੀ ਅਤੇ ਕਰੀਬ 50 ਹਜ਼ਾਰ ਲੋਕ ਇਥੇ ਆਏ ਸਨ। ਪਿਛਲੇ ਸਾਲ ਆਯੋਜਿਤ ਪਾਇਟੈਕਸ ਵਿਚ ਕਰੀਬ ਢਾਈ ਲੱਖ ਲੋਕਾਂ ਨੇ ਇਥੋਂ ਦਾ ਦੌਰਾ ਕੀਤਾ ਹੈ। ਇਸ ਸਾਲ ਇਹ ਅੰਕੜਾ ਵਧਣ ਦੀ ਆਸ ਹੈ। ਇਸ ਮੌਕੇ ਪੀ. ਐਚ. ਡੀ ਚੈਂਬਰ ਆਫ ਕਾਮਰਸ ਦੀ ਸਹਾਇਕ ਡਾਇਰੈਕਟਰ  ਮਧੂ ਪਿੱਲੇ, ਚੈਂਬਰ ਦੇ ਸਥਾਨਕ ਕਨਵੀਨਰ ਜੈਦੀਪ ਸਿੰਘ ਅਤੇ ਰਜਿੰਦਰ ਸਿੰਘ ਮਰਵਾਹਾ ਤੋਂ ਇਲਾਵਾ ਕਈ ਪਤਵੰਤੇ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply