ਅੰਮ੍ਰਿਤਸਰ, 21 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਾਬਕਾ ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਵਾਸੀਆਂ ਨੂੰ ਸੱਦਾ ਦਿੱਤਾ ਕਿ ਗੁਰਜੀਤ ਸਿੰਘ ਔਜਲਾ ਨੂੰ 2 ਲੱਖ ਵੋਟਾਂ ਦੀ ਲੀਡ ਨਾਲ ਜੇਤੂ ਬਨਾਉਣਗੇ ਅਤੇ ਔਜਲਾ ਹੀ ਜੇਤੂ ਜਰਨੈਲ ਬਣ ਕੇ ਸਾਹਮਣੇ ਆਉਣਗੇ ਅਤੇ ਬਾਕੀ ਸਭ ਦੀਆਂ ਜਮਾਨਤਾਂ ਵੀ ਜ਼ਬਤ ਹੋਣਗੀਆਂ।

ਵਿਧਾਨ ਸਭਾ ਹਲਕਾ ਪੂਰਬੀ ਵਿਖੇ ਭਾਰੀ ਇਕੱਠ ਨੂੰ ਸੰਬੋਧਨ ਦੌਰਾਨ ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ ਅੰਮ੍ਰਿਤਸਰ ਦੀ ਅਵਾਜ਼ ਕਹਿ ਕੇ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਸ ਦਾ ਛੋਟਾ ਭਰਾ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਲਈ ਇਕ ਨਵਾਂ ਜੋਸ਼ ਤੇ ਜਨੂੰਨ ਲੈ ਕੇ ਪਾਰਲੀਮੈਂਟ ਵਿਚ ਜਾ ਰਿਹਾ ਹੈ।ਇਹ ਨਾ ਸਿਰਫ ਅੰਮ੍ਰਿਤਸਰ ਦੀ ਨੁਹਾਰ ਬਦਲੇਗਾ ਬਲਕਿ ਅੰਮ੍ਰਿਤਸਰ ਲਈ ਆਸ ਦੀ ਇਕ ਨਵੀਂ ਕਿਰਨ ਵੀ ਹੈ।
ਬਾਦਲ ਪਰਿਵਾਰ ’ਤੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ 11 ਮਾਰਚ ਤੋਂ ਬਾਅਦ ਬਾਦਲਾਂ ਤੋਂ ਪੰਜਾਬ ਨਾਲ ਕੀਤੇ ਇਕ-ਇਕ ਧੱਕੇ ਦਾ ਹਿਸਾਬ ਲਵਾਂਗੇ।ਉਨ੍ਹਾਂ ਕਿਹਾ ਕਿ ਇਨਾਂ 10 ਸਾਲਾਂ ਵਿਚ ਪੰਜਾਬ ਵਿਚ ਮਹਿੰਗਾਈ ਅਤੇ ਬਾਦਲਾਂ ਦੀ ਜਾਇਦਾਦ ਛੱੜਪੇ ਮਾਰ ਕੇ ਵਧੀ ਹੈ।ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੀ ਨੁਹਾਰ ਬਦਲ ਦੇਵੇਗੀ।ਗੁਰਜੀਤ ਸਿੰਘ ਔਜਲਾ ਨੇ ਬੋਲਦਿਆਂ ਕਿਹਾ ਕਿ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਇਸ 10 ਸਾਲ ਦੇ ਕਾਰਜਕਾਲ ਨੂੰ ਪੰਜਾਬ ਦੇ ਇਤਿਹਾਸ ਦੇ ਕਾਲੇ ਦੌਰ ਵਜੋਂ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੌਤ ਨੂੰ ਮਖੌਲ ਕਰਨ ਵਾਲੇ ਪੰਜਾਬੀ ਨੋਜਵਾਨਾਂ ਨੂੰ ਨਸ਼ੇਈ ਵਜੋ ਪੇਸ਼ ਕੀਤਾ ਜਾ ਰਿਹਾ ਹੈ। ਖੁਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਗੱਲ ਨੂੰ ਸਵੀਕਾਰ ਕਰਦੇ ਹਨ ਕਿ ਪੰਜਾਬ ਵਿਚ 70 ਫੀਸਦੀ ਨੌਜਵਾਨ ਨਸ਼ਿਆਂ ਵਿਚ ਡੁੱਬੇ ਹੋਏ ਹਨ। ਇਸ ਦਾ ਜਿੰਮੇਵਾਰ ਕੌਣ ਹੈ ਇਹ ਲੋਕ ਭਲੀ ਭਾਂਤ ਜਾਣਦੇ ਹਨ।ਔਜਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਿਰਫ ਪੰਜਾਬੀ ਨੌਜਵਾਨਾਂ ਦੇ ਨਸ਼ਿਆਂ ਦੀ ਚਿੰਤਾ ‘ਮਨ ਕੀ ਬਾਤ’ ਵਿਚ ਹੀ ਕਰਦੇ ਹਨ ਉਨ੍ਹਾਂ ਨੂੰ ਜੇਕਰ ਸਚਮੁਚ ਪੰਜਾਬੀ ਨੌਜਵਾਨਾਂ ਦਾ ਫਿਕਰ ਹੁੰਦਾ ਤਾਂ ਉਹ ਪੰਜਾਬ ਵਿਚ ਨਸ਼ਿਆਂ ਦੇ ਵਧ ਫੁੱਲ ਰਹੇ ਕਾਰੋਬਾਰ ਨੂੰੂ ਰੋਕਣ ਲਈ ਗੰਭੀਰਤਾ ਨਾਲ ਯਤਨ ਜ਼ਰੂਰ ਕਰਦੇ।ਆਮ ਆਦਮੀ ਪਾਰਟੀ ਬਾਰੇ ਬੋਲਦਿਆਂ ਸ੍ਰ ਔਜਲਾ ਨੇ ਕਿਹਾ ਕਿ ਇਸ ਪਾਰਟੀ ਕੋਲ ਪੰਜਾਬ ਲਈ ਕੋਈ ਪ੍ਰੋਗਰਾਮ ਨਹੀ ਹੈ।ਇਹ ਸਿਰਫ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਲਈ ਪੰਜਾਬ ਵਿਚ ਪੈਰ ਪਸਾਰ ਰਹੀ ਹੈ।
Punjab Post Daily Online Newspaper & Print Media