Saturday, March 21, 2026

ਲੇਖਕ 21 ਫਰਵਰੀ ਨੂੰ ਚੰਡੀਗੜ੍ਹ ’ਚ ਸਮੂਹਿਕ ਤੌਰ ਗ੍ਰਿਫਤਾਰੀਆਂ ਦੇ ਕੇ ਮਨਾਉਣਗੇ ਕੌਮਾਂਤਰੀ ਮਾਂ ਬੋਲੀ ਦਿਵਸ

ਅੰਮ੍ਰਿਤਸਰ, 15 ਫਰਵਰੀ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ)- ਕੌਮਾਂਤਰੀ ਮਾਂ ਬੋਲੀ ਦਿਵਸ ’ਤੇ ਜਦੋਂ ਦੁਨੀਆਂ ਭਰ ਦੇ ਲੋਕ ਆਪੋ-ਆਪਣੇ ਖਿੱਤਿਆਂ ’ਚ ਇਕੱਠੇ ਹੋ ਕੇ ਆਪਣੀ ਮਾਤ ਭਾਸ਼ਾ ਦੀ ਹੋਈ ਤਰੱਕੀ ’ਤੇ ਪ੍ਰਾਪਤੀਆਂ ਦੀ ਗੱਲ ਕਰਦੇ ਹਨ ਤਾਂ ਪੰਜਾਬੀ ਮਾਤ ਭਾਸ਼ਾ ਦੇ ਚਿੰਤਕ ਇਸ ਦਿਨ ਮਾਂ ਬੋਲੀ ਪੰਜਾਬੀ ਦੀ ਅਜੋਕੀ ਹਾਲਤ ਤੇ ਚਿੰਤਾ ਜਾਹਿਰ ਕਰਨ ਲਈ ਇਕੱਤਰ ਹੁੰਦੇ ਹਨ।ਇਹ ਵਿਚਾਰ ਅੱਜ ਇੱਥੇ ਵਿਰਸਾ ਵਿਹਾਰ ਵਿਖੇ ਸਥਾਨਕ ਲੇਖਕ ਸਭਾਵਾਂ ਦੀ ਹੋਈ ਸਾਂਝੀ ਇਕੱਤਰਤਾ ’ਚ ਹਾਜ਼ਰ ਵਿਦਵਾਨਾਂ ਨੇ ਸਾਂਝੇ ਕੀਤੇ।PPN1502201707

ਸ੍ਰੀ ਕੇਵਲ ਧਾਲੀਵਾਲ ਅਤੇ ਦੀਪ ਦਵਿੰਦਰ ਸਿੰਘ ਸਾਂਝੀ ਅਗਵਾਈ ’ਚ ਹਾਜ਼ਰ ਲੇਖਕਾਂ ਨੇ ਗੱਲ ਕਰਦਿਆਂ ਕਿਹਾ ਕਿ ਨਰੋਲ ਭਾਸ਼ਾ ਦੇ ਅਧਾਰ ’ਤੇ ਕਾਇਮ ਹੋਏ ਪੰਜਾਬੀ ਸੂਬੇ ਨੇ ਹੋਂਦ ’ਚ ਆਇਆਂ ਅੱਧੀ ਸਦੀ ਤੋਂ ਉਪਰ ਦਾ ਪੈਂਡਾ ਤੈਅ ਕਰ ਲਿਆ ਹੈ। ਪਰ ਅੱਜ ਤੀਕ ਵੀ ਪੰਜਾਬੀ ਕਾਰ-ਵਿਹਾਰ ਅਤੇ ਰੋਜ਼ਗਾਰ ਦੀ ਭਾਸ਼ਾ ਨਹੀਂ ਬਣ ਸਕੀ। ਹੋਰ ਤਾਂ ਹੋਰ ਪੰਜਾਬ ਅੰਦਰਲੀਆਂ ਸਾਰੀਆਂ ਰਾਜਨੀਤਕ ਧਿਰਾਂ ਨੇ ਨਾ ਆਪਣੇ ਚੋਣ ਮੈਨੀਫੈਸਟੋ ’ਚ ਤੇ ਨਾ ਹੀ ਆਪਣੀ ਨੀਤੀ ’ਚ ਭਾਸ਼ਾ ਦੀ ਬਿਹਤਰੀ ਲਈ ਕੋਈ ਸਾਰਥਕ ਕਦਮ ਚੁੱਕਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਾਜ ਭਾਸ਼ਾ ਐਕਟ ਵਿੱਚ ਚੋਰ ਮੋਰੀਆਂ ਹੋਣ ਕਾਰਨ ਰਾਜ ਦੀ ਅਫਸਰਸ਼ਾਹੀ, ਦਫਤਰੀ ਕੰਮ-ਕਾਜ ਪੰਜਾਬੀ ’ਚ ਨਾ ਕਰਕੇ ਸਰਕਾਰੀ ਹੁਕਮਾਂ ਨੂੰ ਟਿੱਚ ਜਾਣਦੀ ਹੈ। ਇਸੇ ਲਈ ਪਿਛਲੇ ਕਈ ਦਹਾਕਿਆਂ ਤੋਂ ਮਾਤ ਭਾਸ਼ਾ ਦੇ ਹੱਕ ’ਚ ਨਿਰੰਤਰ ਸੰਘਰਸ਼ ਕਰ ਰਹੀ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪੰਜਾਬੀ ਦੇ ਹੱਕ ’ਚ 21 ਫਰਵਰੀ ਨੂੰ ਚੰਡੀਗੜ੍ਹ ਵਿੱਚ ਸਮੂਹਿਕ ਤੌਰ ਤੇ ਦਿੱਤੀਆਂ ਜਾਣ ਵਾਲੀਆਂ ਗ੍ਰਿਫਤਾਰੀਆਂ ਦੇ ਸਿਲਸਿਲੇ ’ਚ ਸਥਾਨਕ ਲੇਖਕ ਭਾਈਚਾਰਾ ਵੀ ਵੱਧ ਚੜ੍ਹ ਕੇ ਸ਼ਮੂਲੀਅਤ ਕਰੇਗਾ।
ਅੱਜ ਦੇ ਇਸ ਇਕੱਠ ’ਚ ਹੋਰਨਾਂ ਤੋਂ ਇਲਾਵਾ ਸ੍ਰੀ ਨਿਰਮਲ ਅਰਪਣ, ਡਾ. ਹਜ਼ਾਰਾ ਸਿੰਘ ਚੀਮਾ, ਮਲਵਿੰਦਰ, ਸਰਬਜੀਤ ਸੰਧੂ, ਮਨਮੋਹਨ ਢਿੱਲੋਂ, ਭੁਪਿੰਦਰ ਸੰਧੂ, ਧਰਵਿੰਦਰ ਔਲਖ, ਸੁਮੀਤ ਸਿੰਘ, ਕੁਲਵੰਤ ਸਿੰਘ ਅਣਖੀ, ਹਰਜੀਤ ਸੰਧੂ, ਜਸਬੀਰ ਸਿੰਘ ਸੱਗੂ, ਜਗਤਾਰ ਗਿੱਲ, ਸੁਰਿੰਦਰ ਕੰਵਲ, ਡਾ. ਸਤਿੰਦਰ ਸਿੰਘ ਓਠੀ, ਹਰਭਜਨ ਸਿੰਘ ਵਕਤਾ, ਸਤਨਾਮ ਮੂਧਲ, ਨਰਿੰਦਰ ਸਾਂਘੀ, ਹਰੀ ਸਿੰਘ ਗਰੀਬ, ਡਾ. ਕਸ਼ਮੀਰ ਸਿੰਘ, ਅਰਤਿੰਦਰ ਸੰਧੂ, ਜਸਬੀਰ ਝਬਾਲ, ਸ਼ੈਲਿੰਦਰਜੀਤ ਰਾਜਨ, ਗੁਰਬਾਜ ਤੋਲਾਨੰਗਲ, ਹਰਬੰਸ ਨਾਗੀ ਅਤੇ ਮੁਖਤਾਰ ਗਿੱਲ ਆਦਿ ਤੋਂ ਇਲਾਵਾ ਵੱਡੀ ਪੱਧਰ ਤੇ ਲੇਖਕ ਸ਼ਮੂਲੀਅਤ ਕਰਨਗੇ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply