
ਸਮਰਾਲਾ, 19 ਜੂਨ (ਇੰਦਰਜੀਤ ਕੰਗ)- ਸਾਲ 1957 ਵਿੱਚ ਸਥਾਪਤ ਹੋਈ ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਹੀਨਾਵਾਰ ਮੀਟਿੰਗ ਸਥਾਨਕ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਹੋਈ ਹੋਈ। ਜਿਸ ਵਿੱਚ ਮੁੱਖ ਏਜੰਡਾ ਸਭਾ ਦੀ ਚੋਣ ਦਾ ਸੀ। ਇਸ ਮੀਟਿੰਗ ਵਿੱਚ ਇਲਾਕੇ ਦੇ ਕਰੀਬ 40 ਤੋਂ ਵੱਧ ਲੇਖਕ ਸ਼ਾਮਲ ਹੋਏ। ਮੀਟਿੰਗ ਦੀ ਸ਼ੁਰੂਆਤ ਵਿੱਚ ਸਾਹਿਤ ਸਭਾ ਦੀ ਪੁਰਾਣੀ ਕਾਰਜਕਾਰਨੀ ਭੰਗ ਕਰਕੇ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ। ਦੀਪ ਦਿਲਬਰ ਵੱਲੋਂ ਇੱਕ ਪੈਨਲ ਪੇਸ਼ ਕੀਤਾ ਗਿਆ, ਜਿਸਦੀ ਤਾਈਦ ਇੰਦਰਜੀਤ ਸਿੰਘ ਕੰਗ ਵੱਲੋਂ ਕੀਤੀ ਗਈ, ਜਿਸਦੀ ਪ੍ਰੋੜਤਾ ਜੋਗਿੰਦਰ ਸਿੰਘ ਜੋਸ਼ ਨੇ ਕੀਤੀ। ਨਵੀਂ ਚੁਣੀ ਟੀਮ ਵਿੱਚ ਬਿਹਾਰੀ ਲਾਲ ਸੱਦੀ ਨੂੰ ਸਭਾ ਦੇ ਪ੍ਰਧਾਨ ਤੋਂ ਇਲਾਵਾ ਮਾ. ਮੇਘ ਦਾਸ ਜਵੰਦਾ ਸੀਨੀਅਰ ਮੀਤ ਪ੍ਰਧਾਨ, ਬਲਬੀਰ ਸਿੰਘ ਬੱਬੀ ਮੀਤ ਪ੍ਰਧਾਨ, ਜਗਦੀਸ਼ ਨੀਲੋਂ ਜਨਰਲ ਸਕੱਤਰ, ਦੀਪ ਦਿਲਬਰ ਸਕੱਤਰ, ਸੰਦੀਪ ਤਿਵਾੜੀ ਖਜਾਨਚੀ, ਇੰਦਰਜੀਤ ਸਿੰਘ ਕੰਗ ਪ੍ਰੈੱਸ ਸਕੱਤਰ, ਸੰਤੋਖ ਸਿੰਘ ਕੋਟਾਲਾ ਸਹਾਇਕ ਪ੍ਰੈੱਸ ਸਕੱਤਰ, ਕਰਮਚੰਦ (ਸਾਬਕਾ ਮੈਨੇਜਰ) ਆਡੀਟਰ। ਸਭਾ ਵਿੱਚ ਬਤੌਰ ਮੁੱਖ ਸਲਾਹਕਾਰ ਵਜੋਂ ਸੀਨੀ: ਲੇਖਕ ਜੋਗਿੰਦਰ ਸਿੰਘ ਜੋਸ਼, ਪ੍ਰੇਮ ਸਾਗਰ ਸ਼ਰਮਾ ਅਤੇ ਮਾਸਟਰ ਰਾਮ ਰਤਨ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰੋ. ਬਲਦੀਪ ਨੂੰ ਸਭਾ ਦੇ ਸਰਪ੍ਰਸਤ ਵਜੋਂ ਨਿਯੁਕਤ ਕੀਤਾ ਗਿਆ ਹੈ। ਕਾਰਜਕਾਰੀ ਮੈਂਬਰਾਂ ਵਿੱਚ ਦਰਸ਼ਨ ਸਿੰਘ ਕੰਗ, ਲੀਲ ਦਿਆਲਪੁਰੀ, ਮਨਦੀਪ ਮਾਣਕੀ, ਦਲਜੀਤ ਰਿਐਤ, ਚਮਕੌਰ ਘਣਗਸ, ਜਸਵੀਰ ਸਿੰਘ ਸਮਰਾਲਾ, ਤਸਵਿੰਦਰ ਸਿੰਘ ਵੜੈਚ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ ਸਭਾ ਦੇ ਨਵੇਂ ਚੁਣੇ ਪ੍ਰਧਾਨ ਬਿਹਾਰੀ ਲਾਲ ਸੱਦੀ ਵੱਲੋਂ ਸਭਾ ਦੀ ਆਰਥਿਕ ਮਜ਼ਬੂਤੀ ਤੇ ਖਰਚੇ ਲਈ ਸਭਾ ਨੂੰ 5000 ਰੁਪਏ ਦੇਣ ਦਾ ਐਲਾਨ ਕੀਤਾ ਅਤੇ ਸਭਾ ਦੇ ਸਲਾਹਕਾਰ ਮਾਸਟਰ ਰਾਮ ਰਤਨ ਵੱਲੋਂ ੫੦੦ ਰੁਪਏ ਸਭਾ ਨੂੰ ਦਿੱਤੇ ਗਏ। ਸਭਾ ਦੇ ਬਾਕੀ ਮੈਂਬਰਾਂ ਵੱਲੋਂ ਵੀ ਸਭਾ ਦੀ ਮਾਇਕ ਮੱਦਦ ਕਰਨ ਦਾ ਇਕਰਾਰ ਕੀਤਾ ਗਿਆ। ਇਸ ਚੋਣ ਮੀਟਿੰਗ ਵਿੱਚ ਪ੍ਰਸਿੱਧ ਕਹਾਣੀਕਾਰ ਸੁਰਿੰਦਰ ਰਾਮਪੁਰੀ ਪ੍ਰਧਾਨ ਸਾਹਿਤ ਸਭਾ ਰਾਮਪੁਰ, ਕਹਾਣੀਕਾਰ ਸੁਖਜੀਤ, ਕਹਾਣੀਕਾਰ ਗੁਰਦਿਆਲ ਦਲਾਲ, ਡਾ. ਪਰਮਿੰਦਰ ਸਿੰਘ ਬੈਨੀਪਾਲ, ਕਹਾਣੀਕਾਰ ਮੁਖਤਿਆਰ ਸਿੰਘ, ਬਲਵਿੰਦਰ ਗਰੇਵਾਲ, ਗੁਰਭਗਤ ਸਿੰਘ, ਦਰਸ਼ਨ ਸਿੰਘ ਗਿੱਲ, ਗੁਰਨਾਮ ਸਿੰਘ ਬਿਜਲੀ, ਹਰਜੀਤ ਸਿੰਘ, ਸੰਤੋਖ ਸਿੰਘ ਸਵੈਚ, ਗਜ਼ਲਗੋ ਨੌਬੀ ਸੋਹਲ, ਲਾਭ ਸਿੰਘ ਬੇਗੋਵਾਲ, ਜੀਤ ਸਿੰਘ ਮੋਰਿੰਡਾ ਆਦਿ ਨੇ ਨਵੀਂ ਚੁਣੀ ਸਭਾ ਦੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਹਮੇਸ਼ਾਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਬਾਅਦ ਵਿੱਚ ਨਵੇਂ ਚੁਣੇ ਮੈਂਬਰਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬੀ ਸਾਹਿਤ ਸਭਾ ਸਮਰਾਲਾ ਵੱਲੋਂ ਉਸਾਰੂ ਸਾਹਿਤਕ ਪ੍ਰੋਗਰਾਮ, ਸਾਹਿਤ ਦੇ ਖੇਤਰ ਨਾਮਣਾ ਖੱਟਣ ਵਾਲੇ ਸਾਹਿਤਕਾਰਾਂ ਨਾਲ ਰੂਬਰੂ, ਨਵੀਂ ਪੀੜ੍ਹੀ ਦੇ ਲੇਖਕਾਂ ਤੇ ਅਣਗੌਲੇ ਸਾਹਿਤਕਾਰਾਂ ਦਾ ਮਾਣ ਸਨਮਾਨ ਵੀ ਕੀਤਾ ਜਾਵੇਗਾ।
Punjab Post Daily Online Newspaper & Print Media