Tuesday, September 29, 2026

ਕਿਸਾਨਾਂ ਦੀ ਮਾੜੀ ਹਾਲਤ ਦਾ ਮਜ਼ਾਕ ਉਡਾਉਣਾ ਬੰਦ ਕਰਨ ਮੋਦੀ – ਕੈਪਟਨ

ਬਠਿੰਡਾ, 8 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਕਰਜ਼ੇ ਹੇਠਾਂ ਦੱਬੇ ਕਿਸਾਨਾਂ ਦੀ ਮਾੜੀ ਹਾਲਤ ਦਾ ਮਜ਼ਾਕ ਬਣਾਉਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਰ ਵਰ੍ਹਦਿਆਂ, ਉੱਤਰ ਪ੍ਰਦੇਸ਼ ‘ਚ ਚੋਣਾਂ ਦੌਰਾਨ ਉਨ੍ਹਾਂ ਵੱਲੋਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਸਬੰਧੀ ਵਾਅਦੇ ਨੂੰ ਖਾਰਿਜ਼ ਕੀਤਾ ਹੈ ਅਤੇ ਇਸਨੂੰ ਸੂਬੇ ਦੇ ਇਕ ਵੱਡੇ ਕਿਸਾਨ ਤਬਕੇ ਦੀਆਂ ਵੋਟਾਂ ‘ਤੇ ਅੱਖ ਰੱਖਦਿਆਂ, ਇਕ ਚੋਣਾਂ ਦੀ ਡਰਾਮੇਬਾਜ਼ੀ ਕਰਾਰ ਦਿੱਤਾ ਹੈ।
ਕੈਪਟਨ ਨੇ ਮੋਦੀ ਵੱਲੋਂ ਸੂਬੇ ਅੰਦਰ ਉਨ੍ਹਾਂ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ‘ਤੇ ਯੂ.ਪੀ ਦੇ ਕਿਸਾਨਾਂ ਦਾ ਕਰਜਾ ਮੁਆਫ ਕਰਨ ਸਬੰਧੀ ਐਲਾਨ ਦੇ ਵਕਤ ‘ਤੇ ਸਵਾਲ ਕਰਦਿਆਂ, ਪ੍ਰਧਾਨ ਮੰਤਰੀ ਉਪਰ ਹਜ਼ਾਰਾਂ ਕਿਸਾਨਾਂ ਦੀਆਂ ਜ਼ਿੰਦਗੀਆਂ ਦੀ ਕੀਮਤ ‘ਤੇ ਚੋਣਾਂ ਦੀ ਸਿਆਸਤ ਕਰਨ ਦਾ ਦੋਸ਼ ਲਗਾਇਆ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੇਕਰ ਮੋਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨਾਂ ਦੀ ਹਾਲਤ ਨੂੰ ਲੈ ਕੇ ਚਿੰਤਿਤ ਹੁੰਦੀ, ਤਾਂ ਉਸ ਨੇ ਹੁਣ ਤੱਕ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਦੇ ਕਰਜੇ ਮੁਆਫ ਕਰ ਦਿੱਤੇ ਹੁੰਦੇ।ਊਨ੍ਹਾਂ ਨੇ ਕਿਹਾ ਕਿ ਮੋਦੀ ਅਸਾਨੀ ਨਾਲ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਸਬੰਧੀ ਐਲਾਨ ਕਰ ਸਕਦੇ ਸਨ, ਜਿਵੇਂ ਯੂ.ਪੀ.ਏ ਸ਼ਾਸਨਕਾਲ ਦੌਰਾਨ ਡਾ. ਮਨਮੋਹਨ ਸਿੰਘ ਨੇ ਕੀਤਾ ਸੀ।ਉਨ੍ਹਾਂ ਨੇ ਜ਼ਿਕਰ ਕੀਤਾ ਕਿ ਕਾਂਗਰਸ ਨੇ ਸੱਤਾ ‘ਚ ਰਹਿੰਦਿਆਂ, ਕਿਸਾਨਾਂ ਦੇ 70,000 ਕਰੋੜ ਰੁਪਏ ਦੇ ਕਰਜ਼ੇ ਮੁਆਫ ਕਰ ਦਿੱਤੇ ਸਨ। ਇਸ ਲੜੀ ਹੇਠ, ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਯੂ.ਪੀ ‘ਚ ਚੋਣਾਂ ਦੌਰਾਨ ਕਿਸਾਨਾਂ ਦਾ ਕਰਜਾ ਮੁਆਫ ਕਰਨ ਸਬੰਧੀ ਐਲਾਨ ਕੀਤੇ ਜਾਣ ਤੋਂ ਸਾਬਤ ਹੋ ਗਿਆ ਹੈ ਕਿ ਉਨ੍ਹਾਂ ਨੇ ਇਹ ਸਿਰਫ ਸੂਬੇ ਦੇ ਕਿਸਾਨਾਂ ਨੂੰ ਟਾਰਗੇਟ ਕਰਦਿਆਂ, ਆਪਣੀ ਪਾਰਟੀ ਵਾਸਤੇ ਵੋਟਾਂ ਹਾਸਿਲ ਕਰਨ ਦੀ ਚਾਲ ਹੇਠ ਕੀਤਾ ਹੈ। ਜਿਸ ‘ਤੇ, ਕੈਪਟਨ ਨੇ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਨ ‘ਤੇ ਸੂਬੇ ਦੇ ਸਾਰੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਰਜੇ ਮੁਆਫ ਕਰਨ ਸਬੰਧੀ ਆਪਣੇ ਵਾਅਦੇ ਨੂੰ ਦੁਹਰਾਇਆ ਹੈ, ਭਾਵੇਂ ਇਸ ਲਈ ਉਨ੍ਹਾਂ ਨੂੰ ਕੇਂਦਰ ਸਰਕਾਰ ਦਾ ਸਮਰਥਨ ਮਿਲੇ ਜਾਂ ਫਿਰ ਨਾ ਮਿਲੇ।ਉਨ੍ਹਾਂ ਨੇ ਖੁਲਾਸਾ ਕੀਤਾ ਕਿ ਮੋਦੀ ਨੇ ਨਵੇਂ ਸਾਲ ਮੌਕੇ 31 ਦਸੰਬਰ, 2016 ਨੂੰ ਦੇਸ਼ ਦੇ ਨਾਮ ਆਪਣੇ ਸੰਬੋਧਨ ‘ਚ ਸਿਰਫ ਕਿਸਾਨਾਂ ਨੂੰ ਅੱਧੀ ਰਾਹਤ ਦੇਣ ਦਾ ਐਲਾਨ ਕੀਤਾ ਸੀ। ਇਸ ਦਿਸ਼ਾ ‘ਚ, ਮੋਦੀ ਨੇ ਜ਼ਿਲ੍ਹਾ ਸਹਿਕਾਰੀ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਕਿਸਾਨਾਂ ਦਾ 60 ਦਿਨਾਂ ਦਾ ਵਿਆਜ ਮੁਆਫ ਕਰ ਦਿੱਤਾ ਸੀ।
ਸੂਬਾ ਕਾਂਗਰਸ ਪ੍ਰਧਾਨ ਨੇ ਸਵਾਲ ਕੀਤਾ ਕਿ ਕਿਉਂ ਪ੍ਰਧਾਨ ਮੰਤਰੀ ਨੇ ਉਦੋਂ ਦੇਸ਼ ਭਰ ਦੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦਾ ਐਲਾਨ ਨਹੀਂ ਕੀਤਾ? ਸੂਬਾ ਕਾਂਗਰਸ ਪ੍ਰਧਾਨ ਨੇ ਜ਼ਿਕਰ ਕੀਤਾ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਦਾ ਇਕ ਵਫਦ ਦਸੰਬਰ, 2016 ‘ਚ ਪ੍ਰਧਾਨ ਮੰਤਰੀ ਨੂੰ ਮਿਲਿਆ ਸੀ ਅਤੇ ਕਿਸਾਨਾਂ ਦਾ ਕਰਜਾ ਮੁਆਫ ਕਰਨ ਸਬੰਧੀ ਮੰਗ ਰੱਖਦਿਆਂ, ਉਨ੍ਹਾਂ ਨੂੰ ਇਕ ਮੰਗ ਪੱਤਰ ਸੌਂਪਿਆ ਸੀ। ਪਰ ਮੋਦੀ ਇਸ ਉਚਿਤ ਤੇ ਮਨੁੱਖਤਾਵਾਦੀ ਮੰਗ ਦਾ ਹੱਲ ਕੱਢਣ ‘ਚ ਨਾਕਾਮ ਰਹੇ ਅਤੇ ਉਹ ਸਾਫ਼ ਤੌਰ ‘ਤੇ ਇਹ ਵਾਅਦਾ ਕਰਨ ਲਈ ਹਾਈ ਪ੍ਰੋਫਾਈਲ ਯੂ.ਪੀ ਇਲੈਕਸ਼ਨ ਦਾ ਇੰਤਜ਼ਾਰ ਕਰ ਰਹੇ ਸਨ। ਉਸ ਵਫ਼ਦ ਦਾ ਹਿੱਸਾ ਰਹੇ ਕੈਪਟਨ ਨੇ ਕਿਹਾ ਕਿ ਮੋਦੀ ਦੇ ਝੂਠੇ ਚੋਣ ਵਾਅਦਿਆਂ ਨੂੰ ਵਿਸਥਾਰ ਨਾਲ ਦੱਸਣ ਦੀ ਲੋੜ ਨਹੀਂ ਹੈ, ਜਿਨ੍ਹਾਂ ਦੇ ਲੋਕ ਸਭਾ ਚੋਣਾਂ ਦੇ ਵਾਅਦੇ ਹਾਲੇ ਤੱਕ ਅਸਲੀਅਤ ਬਣਨ ਦਾ ਇੰਤਜ਼ਾਰ ਕਰ ਰਹੇ ਹਨ।।ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਤੇ ਹੋਰ ਸੂਬਿਆਂ ਦੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਸਬੰਧੀ ਕਿਸੇ ਵੀ ਕਦਮ ਦਾ ਸਵਾਗਤ ਹੈ, ਪਰ ਪ੍ਰਧਾਨ ਮੰਤਰੀ ਵਰਗਾ ਕੱਦ ਰੱਖਣ ਵਾਲੇ ਵਿਅਕਤੀ ਨੂੰ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਤੇ ਉਨ੍ਹਾਂ ਨੂੰ ਹੋਰ ਨਿਰਾਸ਼ਾ ‘ਚ ਧਕੇਲਣਾ ਸ਼ੋਭਾ ਨਹੀਂ ਹੁੰਦਾ।ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਦੁਨੀਆਂ ਦਾ ਅੰਨ੍ਹ ਭੰਡਾਰ ਅਖਵਾਉਣ ਵਾਲਾ ਭਾਰਤ, ਅੱਜ ਆਪਣੇ ਕਿਸਾਨਾਂ ਨੂੰ ਖਿਲਾਉਣ ਦੇ ਕਾਬਿਲ ਨਹੀਂ ਹੈ।ਉਨ੍ਹਾਂ ਨੇ ਖੇਤੀ ਕਰਜ਼ਿਆਂ ਦੀ ਗੰਭੀਰ ਸਮੱਸਿਆ ਉਪਰ ਵੱਡੇ ਵੱਡੇ ਚੋਣ ਵਾਅਦੇ ਕਰਨ ਦੀ ਬਜਾਏ ਨੀਤੀ ਨਿਰਮਾਣ ਕੀਤੇ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ ਹੈ।ਉਨ੍ਹਾਂ ਨੇ ਕਿਹਾ ਕਿ ਕਿਸਾਨ ਕਰਜ਼ਿਆਂ ਦਾ ਮੁੱਦਾ ਕੋਈ ਸਿਆਸੀ ਮਾਮਲਾ ਨਹੀਂ ਹੈ, ਜਿਸ ਨੂੰ ਚੋਣ ਵਾਅਦਿਆਂ ਲਈ ਚੁੱਕਿਆ ਜਾਵੇ, ਸਗੋਂ ਇਹ ਮਨੁੱਖੀ ਸੰਕਟ ਦਾ ਵਿਸ਼ਾ ਹੈ ਅਤੇ ਕੇਂਦਰ ਵੱਲੋਂ ਇਸਨੂੰ ਪਹਿਲ ਦੇ ਅਧਾਰ ‘ਤੇ ਸੁਲਝਾਇਆ ਜਾਣਾ ਚਾਹੀਦਾ ਹੈ। ਜਿਸ ‘ਤੇ, ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਛੋਟੇ ਸਿਆਸੀ ਵਿਚਾਰਾਂ ਤੋਂ ਉਪਰ ਉੱਠਣ ਤੇ ਦੇਸ਼ ਦੇ ਕਿਸਾਨ ਸਮਾਜ ਦੇ ਹਿੱਤ ‘ਚ ਇਕ ਰਾਜਨੇਤਾ ਦੀ ਤਰ੍ਹਾਂ ਵਿਹਾਰ ਕਰਨ ਵਾਸਤੇ ਕਿਹਾ ਹੈ।।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply