
ਨਵੀਂ ਦਿੱਲੀ, 7 ਜੁਲਾਈ (ਅੰਮ੍ਰਿਤ ਲਾਲ ਮੰਨਣ) – ਮੀਰੀ ਪੀਰੀ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਵਿੱਤਰ ਛੋਹ ਪ੍ਰਾਪਤ ਗੁਰਦੁਆਰਾ ਅਮੀਰ ਕਲਾਂ, ਸ੍ਰੀ ਨਗਰ (ਜੰਮੂ ਕਸ਼ਮੀਰ) ‘ਚ ਪ੍ਰਕਾਸ ਪੁਰਬ ਸੰਬਧੀ ਹੋਏ ਪ੍ਰੋਗਰਾਮਾਂ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਸ਼ਮੀਰ ‘ਚ ਵਸਦੇ ਸਿੱਖਾਂ ਲਈ 21 ਲੱਖ ਰੁਪਏ ਕਾਰਸੇਵਾ ਅਤੇ ਵਿਦਿਅਕ ਸਹਾਇਤਾ ਦੇ ਤੋਰ ਤੇ ਦੇਣ ਦਾ ਐਲਾਨ ਕੀਤਾ ਗਿਆ ਹੈ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਸ਼ਮੀਰੀ ਸਿਖਾਂ ਦੇ ਵਿਸ਼ੇਸ਼ ਸੱਦੇ ਤੇ ਦਿੱਲੀ ਕਮੇਟੀ ਦੇ ਇਕ ਵਫਦ ਦੀ ਅਗਵਾਈ ਕਰਨ ਦੌਰਾਨ ਉਨ੍ਹਾਂ ਦੀਆਂ ਸਾਰੀਆਂ ਦਿਕੱਤਾਂ ਦਾ ਹਲ ਕੱਢਣ ਦਾ ਭਰੋਸਾ ਦਿੱਤਾ ਹੈ । ਸੰਗਤਾਂ ਨੂੰ ਸੰਬੋਧਨ ਕਰਨ ਵੇਲੇ ਸਿਰਸਾ ਨੇ ਖਾਲਸਾ ਐਜੂਕੇਸ਼ਨ ਸੋਸਾਇਟੀ (ਸ੍ਰੀ ਨਗਰ) ਅਤੇ ਗੁਰੂਨਾਨਕ ਦੇਵ ਜੀ ਮਾਡਲ ਹਾਈ ਸਕੂਲ (ਬਾਰਾਮੂਲਾ) ਵੱਲੋਂ ਆਏ ਮੰਗ ਪੱਤਰਾਂ ਦਾ ਜ਼ਿਕਰ ਕਰਦੇ ਹੋਏ ਕਸ਼ਮੀਰੀ ਸਿਖਾਂ ਨੂੰ ਉੱਚ ਪੱਧਰੀ ਸਿੱਖਿਆ ਉਪਲਬੱਧ ਕਰਵਾਉਣ ਵਾਸਤੇ ਦਿੱਲੀ ਕਮੇਟੀ ਵੱਲੋਂ 10 ਲੱਖ ਰੁਪਏ ਦੀ ਅਤੇ ਆਪਣੇ ਵੱਲੋਂ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦੀ ਘੋਸ਼ਣਾ ਕੀਤੀ। ਸਿਰਸਾ ਨੇ 5 ਬੱਚਿਆ ਨੂੰ ਦਿੱਲੀ ਕਮੇਟੀ ਵੱਲੋਂ ਮੁਫਤ ਸਿੱਖਿਆ ਅਤੇ ਇੰਜੀਨਿਅਰਿੰਗ ਕਰਨ ਲਈ 10 ਸੀਟਾਂ ਕਸ਼ਮੀਰੀ ਸਿੱਖਾਂ ਲਈ ਸਰਕਾਰ ਨਾਲ ਗੱਲਬਾਤ ਕਰਦੇ ਹੋਏ ਰਾਖਵੀਆਂ ਰੱਖਵਾਉਣ ਦੀ ਵੀ ਪੇਸ਼ਕਸ਼ ਕੀਤੀ। ਕਸ਼ਮੀਰੀ ਸਿੱਖਾਂ ਦੀ ਘੱਟ ਗਿਣਤੀ ਕੌਮ ਦਾ ਦਰਜਾ ਸੂਬੇ ਦੀ ਸਰਕਾਰ ਤੋਂ ਮਿਲਣ ਦੀ ਕੀਤੀ ਜਾ ਰਹੀ ਮੰਗ ਦਾ ਸਮਰਥਣ ਕਰਦੇ ਹੋਏ ਸਿਰਸਾ ਨੇ ਛੇਤੀ ਹੀ ਕਸ਼ਮੀਰੀ ਸਿੱਖਾਂ ਦੇ ਵਫਦ ਨੂੰ ਨਾਲ ਲੈ ਕੇ ਦਿੱਲੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੂੱਲਾ ਨਾਲ ਵੀ ਮੁਲਾਕਾਤ ਕਰਵਾਉਣ ਦਾ ਭਰੋਸਾ ਦਿੱਤਾ। ਸਿਰਸਾ ਨਾਲ ਇਸ ਵਫਦ ‘ਚ ਗੁਰਦੁਆਰਾ ਬੰਗਲਾ ਸਾਹਿਬ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰ ਕੁਲਵੰਤ ਸਿੰਘ ਬਾਠ ਵੀ ਮੌਜੂਦ ਸਨ। ਬਾਬਾ ਬਚਨ ਸਿੰਘ ਕਾਰਸੇਵਾ ਵਾਲਿਆਂ ਵੱਲੋਂ ਇਸ ਸਥਾਨ ਤੇ ਉਸਾਰੇ ਜਾ ਰਹੇ ਦੀਵਾਨ ਹਾਲ ਵਾਸਤੇ ਸਿਰਸਾ ਨੇ ਦਿੱਲੀ ਕਮੇਟੀ ਵੱਲੋਂ ੧੧ ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ।
Check Also
ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ
ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …
Punjab Post Daily Online Newspaper & Print Media