ਸਕੂਲੀ ਵਿਦਿਆਰਥਣਾਂ ਨੂੰ ਦਿੱਤੀ ਕ੍ਰਿਮੀਨਲ ਲਾਅ(ਸੋਧ)ਐਕਟ 2013 ਦੀ ਜਾਣਕਾਰੀ
ਅੰਮ੍ਰਿਤਸਰ, 19 ਜੁਲਾਈ (ਪ੍ਰੀਤਮ ਸਿੰਘ) – ਏ.ਡੀ.ਸੀ.ਪੀ ਬਲਜੀਤ ਸਿੰਘ ਰੰਧਾਵਾ ਦੀ ਦੇਖ ਰੇਖ ਹੇਠ ਚੱਲ ਰਹੇ ਸ਼ਹਿਰੀ ਪੁਲਿਸ ਕਮਿਸ਼ਨਰੇਟ ਦੇ ਸਮੂਹਿਕ ਪੁਲਿਸ ਸਾਂਝ ਕੇਂਦਰਾਂ ਦੀ ਲੜੀ ਵਿਚਲੇ ਛੇਹਰਟਾ ਥਾਣਾ ਦੇ ਪੁਲਿਸ ਸਾਂਝ ਕੇਂਦਰ ਦੇ ਵੱਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰਾਇਣਗੜ੍ਹ ਵਿਖੇ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ , ਜਿਸ ਦੌਰਾਨ ਦਸਵੀ, ਗਿਆਰਵੀ ਤੇ ਬਾਰਵੀ ਜਮਾਤ ਦੀਆ ਵਿਦਿਆਰਥਣਾ ਨੂੰ ਸਾਂਝ ਕੇਂਦਰ ਦੇ ਇੰਚਾਰਜ ਏ.ਐਸ.ਆਈ ਹਰਪਾਲ ਸਿੰਘ ਦੀ ਅਗਵਾਈ ਹੇਠ ਸਾਂਝ ਕੇਂਦਰ ਦੇ ਕੌਸਲਰ ਮੈਡਮ ਹਰਪ੍ਰੀਤ ਕੌਰ ਦੇ ਵੱਲੋ ਕ੍ਰਿਮੀਨਲ ਲਾਅ(ਸੋਧ) ਐਕਟ, 2013 ਤਹਿਤ ਵਿਦਿਆਰਥਣਾ ਦੇ ਹੱਕਾਂ ਅਧਿਕਾਰਾ ਦੀ ਬਾਤ ਪਾਉਦੀ ਮੁਕੰਮਲ ਜਾਣਕਾਰੀ ਹਾਸਲ ਕਰਵਾਈ ਗਈ ਉਨ੍ਹਾਂ ਕਿਹਾ ਕਿ ਹੁਣ ਮਨਚਲੇ ਤੇ ਸ਼ਰਾਰਤੀ ਅਨਸਰਾਂ ਦੇ ਕੋਲੋ ਡਰਨ ਦੀ ਲੋੜ ਨਹੀ ਬਲਕਿ ਉਨ੍ਹਾਂ ਨੂੰ ਸਬਕ ਸਿਖਾਉਣ ਤੇ ਕਾਨੁੰਨੀ ਕਾਰਵਾਈ ਕਰਵਾਉਣ ਲਈ ਉਨ੍ਹਾਂ ਦੇ ਖਿਲਾਫ ਡਟ ਕੇ ਖੜੇ ਹੋਣ ਦੀ ਲੋੜ ਹੈ। ਉਨ੍ਹਾਂ ਦੱਸਿਆਂ ਕਿ ਲੜਕੀਆ ਦੇ ਹੱਕ ਵਿੱਚ ਬਹੁਤ ਸਾਰੇ ਸੁਰੱਖਿਅਤ ਤੇ ਕਰੜੇ ਕਾਨੂੰਨਾਂ ਦੀ ਵਿਵਸਥਾ ਕੀਤੀ ਗਈ ਹੈ , ਪਰ ਲੋੜ ਹੈ ਉਨ੍ਹਾਂ ਨੂੰ ਅਮਲ ਵਿੱਚ ਲਿਆਉਣ ਦੀ, ਉਨ੍ਹਾਂ ਵਿਦਿਆਰਥਣਾ ਨੂੰ ਦੱਸਿਆ ਕਿ ਕਿਸੇ ਵੀ ਮੁਸ਼ਕਲ ਅਤੇ ਲੋੜ ਪੈਣ ਤੇ ਸਾਂਝ ਕੇਂਦਰ ਨਾਲ ਸੰਪਰਕ ਕੀਤਾ ਜਾਵੇ, ਸੋਧੇ ਕਾਇਦੇ ਕਾਨੂੰਨ ਮੁਤਾਬਿਕ ਜਰੂਰਤਮੰਦ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਇਸ ਦੌਰਾਨ ਸਾਂਝ ਕੇਂਦਰ ਕਮੇਟੀ ਦੇ ਮੈਂਬਰ ਪ੍ਰਿੰਸੀਪਲ ਨਿਰਮਲ ਸਿੰਘ ਬੇਦੀ, ਵਾਈਸ ਪ੍ਰਿੰਸੀਪਲ ਬਲਦੇਵ ਸਿੰਘ, ਮੈਡਮ ਬਲਵਿੰਦਰ ਕੌਰ ਸੰਧੂ , ਮੈਡਮ ਮਾਲਾ ਚਾਵਲਾ, ਲੈਕਚਰਾਰ ਗੁਰਵੰਤ ਸਿੰਘ , ਪ੍ਰੋ: ਜੀ ਐਸ ਸੰਧੂ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਤੇ ਵਿਦਿਆਰਥਣਾ ਦੇ ਹੱਕਾਂ ਅਧਿਕਾਰਾ ਦੀ ਖਾਤਰ ਹਾਅ ਦਾ ਨਾਅਰਾ ਮਾਰਨ ਵਾਲੇ ਕਾਨੁੰਨ ਤੇ ਸਾਂਝ ਕੇਂਦਰ ਛੇਹਰਟਾ ਦੀ ਪ੍ਰੋੜਤਾ ਕਰਦਿਆ ਵਿਦਿਆਰਥਣਾ ਨੂੰ ਇਸ ਦਾ ਲਾਹਾ ਲੈਣ ਦੀ ਤਾਕੀਦ ਕੀਤੀ ਤੇ ਕੁਰਾਹੇ ਪਏ ਨੌਜਵਾਨ ਵਰਗ ਨੂੰ ਸਿੱਧੇ ਰਸਤੇ ਪਾਉਣ ਲਈ ਆਪਣਾ ਸਹਿਯੋਗ ਦੇਣ ਦੀ ਅਪੀਲ ਕੀਤੀ।