ਅੰਮ੍ਰਿਤਸਰ, 19 ਫਰਵਰੀ (ਸੁਖਬੀਰ ਸਿੰਘ)- ਇੰਟਰਨੈਸ਼ਨਲ ਕੰਬੋਜ਼ ਆਰਗੇਨਾਈੇਜ਼ੇਸ਼ਨ ਦੀ ਵਿਸ਼ੇਸ਼ ਇਕੱਤਰਤਾ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ ਸੁਖਬੀਰ ਸਿੰਘ ਮਹਿਰੋਕ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਜਥੇਬੰਦੀ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਡਾ. ਸਤਵਿੰਦਰ ਸਿੰਘ ਕੰਬੋਜ਼ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਪੰਜਾਬੀ ਦਿਵਸ ਜੋ 20 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ। ਉਸ ਸਬੰਧੀ ਵਿਰਸਾ ਵਿਹਾਰ ਤੋਂ ਚੱਲਣ ਵਾਲੇ ਜਾਗ੍ਰਿਤੀ ਮਾਰਚ ਵਿੱਚ ਜਥੇਬੰਦੀ ਸ਼ਮੂਲੀਅਤ ਕਰੇਗੀ। ਡਾਕਟਰ ਕੰਬੋਜ਼ ਨੇ ਅੱਜ ਕੁੱਝ ਅਖਬਾਰਾਂ ਵਿੱਚ ਛਪੀ ਇੱਕ ਖਬਰ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਰਹਿ ਕੇ ਕੁਝ ਲੋਕਾਂ ਵਲੋਂ ਮਾਂ ਬੋਲੀ ਪੰਜਾਬੀ ਦਾ ਨਿਰਾਦਰ ਕਰਨਾ ਬਹੁਤ ਹੀ ਸ਼ਰਮਨਾਕ ਗੱਲ ਹੈ। ਜੇਕਰ ਅਸੀਂ ਅੱਜ ਅਜਿਹੇ ਲੋਕਾਂ ਦੀਆਂ ਪੰਜਾਬੀ ਵਿਰੋਧੀ ਚਾਲਾਂ ਨੂੰ ਵੀ ਨਾ ਸਮਝੀਏ ਤਾਂ ਉਹ ਦਿਨ ਦੂਰ ਨਹੀਂ ਜਦ ਮਾਂ ਬੋਲੀ ਪੰਜਾਬੀ ਸਿਰਫ ਕਿਤਾਬਾਂ ਤੱਕ ਸੀਮਤ ਹੋ ਕੇ ਰਹਿ ਜਾਵੇਗੀ। ਇੱਥੇ ਵਰਨਣ ਯੋਗ ਹੈ ਕਿ ਸਥਾਨਕ ਹੋਲੀ ਹਾਰਟ ਸਕੂਲ ਦੇ ਪ੍ਰਬੰਧਕਾਂ ਨੇ ਪੰਜਾਬੀ ਦਿਵਸ ਦੇ ਮੌਕੇ ਹੋਣ ਵਾਲੇ ਸਮਾਗਮਾਂ ਵਿੱਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ। ਡਾਕਟਰ ਕੰਬੋਜ਼ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਚਲ ਰਹੇ ਜਿਹੜੇ ਵਿਦਿਅਕ ਅਦਾਰੇ ਸੂਬੇ ਦੀ ਰਾਜ ਭਾਸ਼ਾ ਪੰਜਾਬੀ ਨੂੰ ਆਪਣੇ ਅਦਾਰਿਆਂ ਵਿੱਚ ਪੜਾਉਣ ਤੋਂ ਇਨਕਾਰੀ ਹਨ ਉਨਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਇਸੇ ਮੌਕੇ ਇਕੱਤਰਤਾ ਵਲੋਂ ਪਾਸ ਕੀਤੇ ਇੱਕ ਮਤੇ ਰਾਂਹੀ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਵਿਦਿਅਕ ਅਦਾਰਿਆਂ ਵਿੱਚ ਪੰਜਾਬੀ ਪੜਾਏ ਜਾਣ ਨੂੰ ਯਕੀਨੀ ਬਣਾਵੇ। ਇਸ ਦੌਰਾਨ ਮਹਿੰਦਰ ਸਿੰਘ,ਸੁਖਵਿੰਦਰ ਸਿੰਘ,ਜਸਵੰਤ ਸਿੰਘ,ਅਜੀਤ ਸਿੰਘ,ਮਨਜੀਤ ਸਿੰਘ,ਸੁਖਮਿੰਦਰ ਸਿੰਘ,ਜਰਮਨ ਸਿੰਘ,ਇਕਬਾਲ ਸਿੰਘ,ਸੂਰਤਾ ਸਿੰਘ,ਭਾਗ ਸਿੰਘ,ਮੱਘਰ ਸਿੰਘ,ਬਹਾਦਰ ਸਿੰਘ,ਲਵਲੀ ਕੰਬੋਜ਼ ਅਤੇ ਹੀਰਾ ਜੱਜ ਆਦਿ ਵੀ ਸ਼ਾਮਲ ਸਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …