ਹਾਸਾ ਠਿਠਰ ਚਲਿੱਤਰ ਹੋਵੇਗਾ,
ਰੋਸਾ ਗਿਲਾ ਮਿੱਤਰ ਹੋਵੇਗਾ,
ਦੂਰ ਰੀਤ ਰਿਵਾਜ਼ਾਂ ਤੋਂ ਇਕ, ਸਭਿਅਕ ਜਿਹਾ ਚਿੱਤਰ ਹੋਵੇਗਾ,
ਯਾਦੀਂ ਝਰੋਖਿਆਂ `ਚ ਅਣਮੁੱਲੇ, ਪਲਾਂ ਨੂੰ ਸਮੋਇਆ ਏ…….,
ਪਿਆਰ ਈ ਇੰਨਾ ਹੋਇਆ ਏ, ਤੈਨੂੰ ਸ਼ਬਦਾਂ ਵਿਚ ਪਰੋਇਆ ਏ…….,
ਹੌਕੇ ਹੰਝੂ ਚਿਹਰਾ ਸਰਦ ਹੋਵੇਗਾ,
ਬਿਰਹੋਂ ਵਾਲਾ ਦਰਦ ਹੋਵੇਗਾ,
ਇਕਰਾਰ ਇਤਬਾਰ ਜਨਮਾਂ ਦਾ, ਮੇਲ ਮਿਲਾਪ ਅਰਧ ਹੋਵੇਗਾ,
ਇੰਤਜਾਰ ਵਾਲੇ ਦੀਵੇ ਨੂੰ, ਪਲਕਾਂ ਵਿਹੜੇ ਖਲੋਇਆ ਏ…….,
ਪਿਆਰ ਈ ਇੰਨਾ ਹੋਇਆ ਏ, ਤੈਨੂੰ ਸ਼ਬਦਾਂ ਵਿਚ ਪਰੋਇਆ ਏ…….,
ਸਦੀਆਂ ਤੱਕ ਇਕ ਤਾਲ ਹੋਵੇਗੀ,
ਮੈਂ ਤੇਰੇ ਤੂੰ ਮੇਰੇ ਨਾਲ ਹੋਵੇਂਗੀਂ,
ਕਿੱਸੇ ਕਹਾਣੀ ਬਣ ਜਾਂਵਾਂਗੇ, ਗੀਤ ਆਵਾਜ਼ ਖਿਆਲ ਹੋਵੇਂਗੀ,
ਸਮੰੁਦਰ ਕੋਰੇ ਕਾਗ਼ਜ਼ ਤੇ, ਜਜਬਾਤਾਂ ਦਾ ਖਲੋਇਆ ਏ……..,
ਪਿਆਰ ਈ ਇੰਨਾ ਹੋਇਆ ਏ, ਤੈਨੂੰ ਸ਼ਬਦਾਂ ਵਿਚ ਪਰੋਇਆ ਏ…….,
ਭੁੱਲੀਏ ਮੁਲਾਕਾਤਾਂ ਦੇ ਜਾਵਾਂਗਾ,
ਖੁੱਝ ਸੌਗਾਤਾਂ ਦੇ ਜਾਵਾਂਗਾ,
ਸੋਚਾਂ ਸੋਚੀ ਨਾ ਬਹੁਤਾ, ਬੁੱਝੀਆਂ ਬਾਤਾਂ ਦੇ ਜਾਵਾਂਗਾ,
ਸਕੂਨ `ਭੱਟ` ਐਸਾ ਬਣਿਆ, ਜਿਊਂਦਾ ਜੀਅ ਮੋਇਆ ਏ,
ਪਿਆਰ ਈ ਇੰਨਾ ਹੋਇਆ ਏ, ਤੈਨੂੰ ਸ਼ਬਦਾਂ ਵਿਚ ਪਰੋਇਆ ਏ…….,
ਪਿਆਰ ਈ ਇੰਨਾ ਹੋਇਆ ਏ, ਤੈਨੂੰ ਸ਼ਬਦਾਂ ਵਿਚ ਪਰੋਇਆ ਏ…….,
ਹਰਮਿੰਦਰ ਸਿੰਘ ਭੱਟ
ਬਿਸਨਗੜ (ਬਈਏਵਾਲ) ਸੰਗਰੂਰ।
ਮੋ- 9914062205