Wednesday, May 22, 2024

ਸਾਹਿਤ ਸਭਾ ਸਮਰਾਲਾ ਵਲੋਂ ‘ਜੋਗਿੰਦਰ ਬਾਹਰਲਾ ਦੀ ਸਮੁੱਚੀ ਰਚਨਾਵਲੀ’, ਮੈਗਜ਼ੀਨ ‘ਨਜ਼ਰੀਆ’ ਤੇ ਪੰਜ ਦਰਿਆ ਰਲੀਜ਼

ਵਿਛੋੜਾ ਦੇ ਗਏ ਲੇਖਕਾਂ ਨੂੰ ਦਿੱਤੀ ਸ਼ਰਧਾਂਜਲੀ

PPN2401201814ਸਮਰਾਲਾ, 24 ਜਨਵਰੀ (ਪੰਜਾਬ ਪੋਸਟ-ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਮੀਟਿੰਗ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜ੍ਹਕੇ ਸਮਰਾਲਾ ਵਿਖੇ ਹੋਈ।ਜਿਸ ਵਿੱਚ 40 ਚਾਲੀ ਦੇ ਕਰੀਬ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਨੇ ਭਾਗ ਲਿਆ।ਮੀਟਿੰਗ ਦੌਰਾਨ ਪਿਛਲੇ ਦਿਨੀ ਵਿਛੋੜਾ ਦੇ ਗਏ ਉੱਘੇ ਕਹਾਣੀਕਾਰ ਗੁਰਪਾਲ ਸਿੰਘ ਲਿੱਟ, ਸਵ: ਮਹਿੰਦਰ ਸਿੰਘ ਪੂਰਬਾ, ਸਵ: ਹਰਜੀਤ ਸਿੰਘ ਹੌਲਦਾਰ ਅਤੇ ਸਵ: ਡਾਕਟਰ ਦਲਜੀਤ ਸਿੰਘ ਅੰਮ੍ਰਿਤਸਰ ਸਾਹਿਬ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਤੋਂ ਬਾਅਦ ਪਹਿਲਾਂ ਡਾ. ਐਸ. ਤਰਸੇਮ ਦੁਆਰਾ ਸੰਪਾਦਿਤ ਕੀਤੀ ਗਈ ‘ਜੋਗਿੰਦਰ ਬਾਹਰਲਾ ਦੀ ਸਮੁੱਚੀ ਰਚਨਾਵਲੀ’ ਅਤੇ ਤ੍ਰੈ ਮਾਸਿਕ ਮੈਗਜ਼ੀਨ ‘ਨਜ਼ਰੀਆ’ ਹਾਜ਼ਰੀਨ ਵੱਲੋਂ ਰਿਲੀਜ਼ ਕੀਤੇ ਗਏ ਅਤੇ ਭੁਪਿੰਦਰ ਮਾਂਗਟ ਵੱਲੋਂ ਸੰਪਾਦਿਤ ਕੀਤਾ ਜਾਂਦਾ ਮੈਗਜ਼ੀਨ ਪੰਜ ਦਰਿਆ ਦਾ ਜਨਵਰੀ ਦਾ ਅੰਕ ਵੀ ਰਿਲੀਜ਼ ਕੀਤਾ ਗਿਆ।
ਰਚਨਾਵਾਂ ਦੇ ਦੌਰ ਵਿੱਚ ਨੇਤਰ ਸਿੰਘ ਮੁੱਤਿਓਂ ਨੇ ਕਹਾਣੀਕਾਰ ਗੁਰਪਾਲ ਸਿੰਘ ਲਿੱਟ ਬਾਰੇ ਇੱਕ ਕਵਿਤਾ ਰਾਹੀਂ ਸ਼ਰਧਾਂਜਲੀ ਭੇਂਟ ਕੀਤੀ।ਬਲਵੀਰ ਸਿੰਘ ਬੱਬੀ ਨੇ ਮੈਗਜ਼ੀਨ ‘ਰਾਗ’ ਵਿੱਚ ਛਪੀ ਗੁਰਪਾਲ ਲਿੱਟ ਦੀ ਮੁਲਾਕਾਤ ਸਾਂਝੀ ਕੀਤੀ। ਬਲਵੰਤ ਸਿੰਘ ਮਾਂਗਟ ਨੇ ਕਵਿਤਾ ‘ਨਵਾਂ ਰੱਬ’, ਤਰਨ ਸਿੰਘ ਬੱਲ ਨੇ ਕਹਾਣੀ ‘ਇੱਕ ਸਾਹਿਬਾਂ ਹੋਰ’, ਗੁਰਦੀਪ ਸਿੰਘ ਮਹੌਣ ਨੇ ਕਵਿਤਾ ‘ਪਾਪ ਮਹਿਲ’ ਗੁਰਦਿਆਲ ਦਲਾਲ ਨੇ ਤਸਲੀਮਾ ਨਸਰੀਨ ਦੇ ਨਾਵਲ ‘ਲੱਜਾ’ ’ਤੇ ਅਧਾਰਿਤ ਨਾਟਕ ‘ਬਦਲਾ’ ਬਹੁਤ ਹੀ ਭਾਵਪੂਰਤ ਢੰਗ ਨਾਲ ਪੇਸ਼ ਕੀਤਾ। ਹਰਬੰਸ ਮਾਲਵਾ ਨੇ ਗੀਤ ‘ਮੌਤ ਨਾਲ ਸੰਵਾਦ’ ਗੁਰਸੇਵਕ ਸਿੰਘ ਢਿੱਲੋਂ ਭੈਣੀ ਸਾਹਿਬ ਨੇ ਕਹਾਣੀ ‘ਦਲੇਰਪ੍ਰੀਤ’ ਹਰਬੰਸ ਸਿੰਘ ਰਾਏ ਨੇ  ਬਾਲ ਰਚਨਾ ‘ਦੱਸੋ ਬੱਚਿਓ ਕੀ ਮਤਲਬ ਹੈ ਅੰਕਲ- ਆਂਟੀ ਦਾ’, ਅਮਰਜੀਤ ਸਿੰਘ ਗਰੇਵਾਲ ਨੇ ਹਿੰਦੀ ਗੀਤ ‘ਇਸ ਧਰਤੀ ਕੋ ਸਵਰਗ ਬਨਾਓ, ਪਰਮਜੀਤ ਸਿੰਘ ਰਾਏ ਨੇ ਆਪਣਾ ਖੂਬਸੂਰਤ ਗੀਤ ‘ਇਸ ਘੁੰਮਦੀ ਧਰਤੀ ਦਾ ਝੂਟਾ ਲੈਣ ਆਇਆ ਹਾਂ, ਤਰੰਨਮ ਵਿੱਚ ਪੇਸ਼ ਕੀਤਾ ਅਤੇ ਕਹਾਣੀਕਾਰ ਗੁਰਮੀਤ ਸਿੰਘ ਆਰਿਫ ਨੇ ਕਹਾਣੀ ‘ਨਕਾਬ’ ਸੁਣਾਈ, ਜਿਸ ਉਪਰ ਨਿੱਠ ਕੇ ਚਰਚਾ ਹੋਈ।
ਮੀਟਿੰਗ ਦੌਰਾਨ ਪੜ੍ਹੀਆਂ ਗਈਆਂ ਰਚਨਾਵਾਂ ਉੱਪਰ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ, ਕਹਾਣੀਕਾਰ ਸੁਖਜੀਤ, ਸੁਰਿੰਦਰ ਰਾਮਪੁਰੀ, ਸਿਮਰਜੀਤ ਸਿੰਘ ਕੰਗ, ਜਸਵੀਰ ਸਮਰਾਲਾ, ਨਿਰਭੈ ਸਿੰਘ ਸਿੱਧੂ, ਦੀਪ ਦਿਲਬਰ, ਲੈਕ. ਵਿਜੈ ਕੁਮਾਰ ਸ਼ਰਮਾ ਪ੍ਰਧਾਨ ਅਧਿਆਪਕ ਚੇਤਨਾ ਮੰਚ, ਧਨਵੰਤ ਸਿੰਘ ਬਾਠ, ਕਹਾਣੀਕਾਰ ਸੰਦੀਪ ਸਮਰਾਲਾ, ਮਨਜੀਤ ਘਣਗਸ, ਹਰਜਿੰਦਰ ਘਣਗਸ, ਸੰਤੋਖ ਸਿੰਘ ਕੋਟਾਲਾ, ਦਰਸ਼ਨ ਸਿੰਘ ਕੰਗ, ਗੁਰਭਗਤ ਗਿੱਲ ਮਾਛੀਵਾੜਾ, ਖੁਸ਼ਮੀਤ ਸਿੰਘ, ਲਖਵਿੰਦਰਪਾਲ ਸਿੰਘ, ਕਾਮਰੇਡ ਕੇਵਲ ਮੰਜਾਲੀਆਂ, ਨਾਟਕਕਾਰ ਕੁਲਵੀਰ ਸਿੰਘ ਮੁਸ਼ਕਾਬਾਦ, ਬਾਬੂ ਸਿੰਘ ਚੌਹਾਨ, ਮਨਜੀਤ ਕੌਰ ਗਰੇਵਾਲ ਅਤੇ ਮਲਕੀਤ ਸਿੰਘ ਜਟਾਣਾ ਆਪਣੇ ਕੀਮਤੀ ਸੁਝਾਅ ਦਿੱਤੇ। ਸਮੁੱਚੀ ਮੀਟਿੰਗ ਦੀ ਕਾਰਵਾਈ ਸਭਾ ਦੇ ਸਕੱਤਰ ਦੀਪ ਦਿਲਬਰ ਨੇ ਬਾਖੂਬੀ ਨਿਭਾਈ।

Check Also

23 ਮਈ ਤੋਂ ਈ.ਵੀ.ਐਮ ਅਤੇ ਵੀ.ਵੀ.ਪੈਟ ਦੀ ਕਮਸ਼ਿਨਿੰਗ ਦਾ ਕੰਮ ਸ਼ੁਰੂ- ਜਿਲ੍ਹਾ ਚੋਣ ਅਧਿਕਾਰੀ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਲੋਕ ਸਭਾ ਚੋਣਾ-2024 ਦੇ ਸੱਤਵੇਂ ਗੇੜ ‘ਚ ਪੰਜਾਬ ਵਿੱਚ …

Leave a Reply