
ਅੰਮ੍ਰਿਤਸਰ, 4 ਅਗਸਤ (ਦੀਪ ਦਵਿੰਦਰ)- ਮਨੁੱਖੀ ਜੀਣ-ਥੀਣ, ਲੋੜਾਂ-ਥੋੜਾਂ ਅਤੇ ਪੇਤਲੇ ਪੈ ਰਹੇ ਪਰਿਵਾਰਕ ਰਿਸ਼ਤਿਆਂ ਦੀ ਨਿਸ਼ਾਨਦੇਹੀ ਕਰਕੇ ਅਜੋਕੀ ਪੰਜਾਬੀ ਕਹਾਣੀ ‘ਚ ਨਿਵੇਕਲੀ ਪਛਾਣ ਬਨਾਉਣ ਵਾਲੇ ਸਮਰੱਥ ਕਥਾਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਤਲਵਿੰਦਰ ਸਿੰਘ ਜਿਹੜੇ ਪਿਛਲੇ ਵਰ੍ਹੇ ਆਪਣੀ ਪਤਨੀ ਸਮੇਤ ਦਰਦਨਾਕ ਸੜਕ ਹਾਦਸੇ ਵਿੱਚ ਵਿਛੋੜਾ ਦੇ ਕੇ ਸਾਹਿਤਕ ਹਲਕਿਆਂ ਨੂੰ ਸੁੰਨ ਕਰ ਗਏ ਸਨ, ਉਨ੍ਹਾਂ ਦੀ ਯਾਦ ‘ਚ ਹੋਏ ਸਾਦੇ ਪਰ ਭਾਵਪੂਰਤ ਸਮਾਰੋਹ ‘ਚ ਉਨ੍ਹਾਂ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਗਈਆਂ। ਉਨ੍ਹਾਂ ਦੇ ਗ੍ਰਹਿ ਵਿਖੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਤ ਬਾਬਾ ਗੁਰਦੀਪ ਸਿੰਘ ਜੀ ਖਜਾਲੇ ਵਾਲਿਆਂ ਨੇ ਵੈਰਾਗਮਈ ਕੀਰਤਨ ਕਰਦਿਆਂ ਕਿਹਾ ਕਿ ਮਰਹੂਮ ਤਲਵਿੰਦਰ ਸਿੰਘ ਨੇ ਆਪਣੇ ਘਰ ਪਰਿਵਾਰ ਦੇ ਨਾਲ-ਨਾਲ ਮਾਂ ਬੋਲੀ ਪੰਜਾਬੀ ਦੇ ਮਾਣ ਸਤਿਕਾਰ ਲਈ ਜਿਹੜੇ ਜਿਕਰਯੋਗ ਤੇ ਨਿਰੰਤਰ ਕੰਮ ਕੀਤੇ ਹਨ ਉਹ ਸਾਡੇ ਸਭ ਲਈ ਪ੍ਰੇਰਨਾ ਸਰੋਤ ਹਨ।
ਇਸ ਸਮੇਂ ਬੋਲਦਿਆਂ ਦੋਆਬਾ ਗਰੁੱਪ ਆਫ ਕਾਲਜਾਂ ਦੇ ਡਾਇਰੈਕਟਰ ਸ੍ਰ: ਮਨਜੀਤ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਭੁਪਿੰਦਰ ਸੰਧੂ, ਤਰਕਸ਼ੀਲ ਆਗੂ ਸੁਮੀਤ ਸਿੰਘ, ਕਾਲਮ ਨਵੀਸ ਸ੍ਰੀ ਮਨਮੋਹਨ ਢਿੱਲੋਂ, ਨਾਟਕਕਾਰ ਜਗਦੀਸ਼ ਸਚਦੇਵਾ ਅਤੇ ਸ੍ਰੀ ਦੇਵ ਦਰਦ ਨੇ ਸਾਂਝੇ ਤੌਰ ਤੇ ਤਲਵਿੰਦਰ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਬੇਸ਼ੱਕ ਤਲਵਿੰਦਰ ਸਿੰਘ ਦੇ ਅਚਨਚੇਤੀ ਤੁਰ ਜਾਣ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਪਰ ਉਹ ਆਪਣੀਆਂ ਲਿਖਤਾਂ ਰਾਹੀਂ ਲੋਕ ਮਨਾਂ ‘ਚੋਂ ਕਦੇ ਵੀ ਮਨਫੀ ਨਹੀਂ ਹੋਵੇਗਾ।ਪਰਿਵਾਰ ਵੱਲੋਂ ਤਲਵਿੰਦਰ ਸਿੰਘ ਦੀ ਧੀ ਸੁਰਪ੍ਰੀਤ ਅਤੇ ਪੁੱਤਰ ਸੁਮੀਤ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸ੍ਰੀ ਜਸਵੰਤ ਹਾਂਸ, ਰਜਿੰਦਰ ਧੰਜੂ, ਤਰਲੋਚਨ ਸਿੰਘ ਤਰਨ ਤਾਰਨ, ਗੁਰਮੁੱਖ ਸਿੰਘ, ਹਰਿੰਦਰ ਸਿੰਘ, ਅਕਾਲੀ ਆਗੂ ਬੱਬੂ ਭੰਡਾਰੀ, ਵਿਕਰਮ ਭੰਡਾਰੀ, ਆਰਟਿਸਟ ਸੰਦੀਪ ਸਿੰਘ ਅਤੇ ਮੰਨੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਰਿਸ਼ਤੇਦਾਰ, ਦੋਸਤ-ਮਿੱਤਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
Punjab Post Daily Online Newspaper & Print Media