ਅੰਨਦ ਕਾਰਜ ਲਈ ਏ.ਸੀ. ਹਾਲ ਸੰਗਤਾਂ ਨੂੰ ਛੇਤੀ ਕੀਤਾ ਜਾਵੇਗਾ ਸਮਰਪਿਤ – ਜੀ.ਕੇ
ਨਵੀਂ ਦਿੱਲੀ, 4 ਅਗਸਤ (ਅੰਮ੍ਰਿਤ ਲਾਲ ਮੰਨਣ)- ਸੇਵਾ ਦੇ ਪੁੰਜ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਕਾਰਸੇਵਾ ਵਾਲਿਆਂ ਦੀ ਯਾਦ ‘ਚ ਦਿੱਲੀ ਦੇ ਗੁਰਦੁਆਰਾ ਨਾਨਕ ਪਿਆਉ ਸਾਹਿਬ ਵਿਖੇ ਆਧੂਨਿਕ ਸੁਵਿਧਾਵਾਂ ਨਾਲ ਲੈਸ ਲੰਗਰ ਹਾਲ ਸੰਗਤਾਂ ਨੂੰ ਸਮਰਪਿਤ ਕੀਤਾ ਗਿਆ। ਬਾਬਾ ਬਚਨ ਸਿੰਘ ਜੀ ਕਾਰਸੇਵਾ ਵਾਲੇ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਸਾਂਝੇ ਰੂਪ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿਤਰ ਛੋਹ ਪ੍ਰਾਪਤ ਇਸ ਸਥਾਨ ਤੇ ਬੇਸਮੈਂਟ ‘ਚ ਦੋ ਮੰਜ਼ਿਲਾਂ ਕਾਰ ਪਾਰਕਿੰਗ ਜਿਸ ਵਿਚ ਲਗਭਗ 400-500 ਗੱਡੀ ਇਕ ਸਮੇਂ ਤੇ ਖੜੀ ਹੋ ਸਕਦੀ ਹੈ, ਤੇ ਗਰਾਉਂਡ ਫਲੋਰ ਤੇ ਸ਼ਾਨਦਾਰ ਲੰਗਰ ਹਾਲ ਸੰਗਤਾਂ ਨੂੰ ਅਰਦਾਸ ਉਪਰੰਤ ਸਮਰਪਿਤ ਕੀਤਾ ਗਿਆ। ਸੰਗਤਾਂ ਦੀ ਮੰਗ ਤੇ ਲੰਗਰ ਹਾਲ ਦੇ ਉਤੇ ਪਹਿਲੀ ਮੰਜ਼ਿਲ ਤੇ ਬਣੇ ਹਾਲ ‘ਚ ਐ.ਸੀ. ਅਤੇ ਹੋਰ ਸਹੁਲਤਾਂ ਦੇਣ ਦੇ ਨਾਲ ਹੀ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀਸ਼ਾਹ ਵੰਜਾਰਾ ਹਾਲ ਦੀ ਤਰਜ ਤੇ ਅੰਨਦ ਕਾਰਜ ਵਾਸਤੇ ਛੇਤੀ ਹੀ ਸੰਗਤਾ ਨੂੰ ਦੇਣ ਦੀ ਜੀ.ਕੇ. ਨੇ ਇਸ ਮੌਕੇ ਘੋਸ਼ਣਾ ਕੀਤੀ।
ਬਾਬਾ ਬਚਨ ਸਿੰਘ ਦਾ ਧੰਨਵਾਦ ਕਰਦੇ ਹੋਏ ਜੀ.ਕੇ. ਨੇ ਬਾਬਾ ਹਰਬੰਸ ਸਿੰਘ ਜੀ ਵੱਲੋਂ ਦਿੱਲੀ ਦੇ ਗੁਰੂਧਾਮਾਂ ਦੀ ਦਿੱਖ ਨੂੰ ਸਵਾਰਣ ਅਤੇ ਲੋੜੀਂਦੇ ਕਾਰਜ ਕਰਨ ਕਰਕੇ ਉਨ੍ਹਾਂ ਨੂੰ ਯਾਦ ਵੀ ਕੀਤਾ। ਅੰਨਦ ਕਾਰਜ ਵਾਸਤੇ ਹਾਲ ਚਾਲੂ ਕਰਨ ਦੀ ਘੋਸ਼ਣਾ ਦੇ ਕਾਰਣਾ ਬਾਰੇ ਦੱਸਦੇ ਹੋਏ ਜੀ.ਕੇ. ਨੇ ਉਤਰੀ ਦਿੱਲੀ ਦੇ ਲੋਕਾਂ ਕੋਲ ਆਪਣੀ ਬੱਚੀਆਂ ਦੇ ਅੰਨਦ ਕਾਰਜ ਵਾਸਤੇ ਕੋਈ ਵੱਡਾ ਹਾਲ ਨਾ ਹੋਣ ਕਰਕੇ ਗੁਰਦੁਆਰਾ ਨਾਨਕ ਪਿਆਉ ਸਾਹਿਬ ਦੇ ਇਸ ਹਾਲ ਨੂੰ ਸੰਗਤਾਂ ਦੀ ਸਹੁਲਿਅਤ ਲਈ ਜ਼ਰੂਰੀ ਦੱਸਿਆ।

ਲੰਗਰ ਹਾਲ ‘ਚ ਲੰਗਰ ਬਨਾਉਣ ਅਤੇ ਵਰਤਾਉਣ ਦੀ ਹੱਥੀ ਸੇਵਾ ਕਰਦੇ ਹੋਏ ਜੀ.ਕੇ. ਨੇ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂਨਾਨਕ ਦੇਵ ਜੀ ਦੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਬੱਚੀਆਂ ਨੂੰ ਕੁੱਖ ‘ਚ ਨਾ ਮਾਰ ਕੇ ਚੰਗੀ ਪੜਾਈ ਕਰਾਉਣ ਦਾ ਵੀ ਸੱਦਾ ਦਿੱਤਾ। ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਹਰਵਿੰਦਰ ਸਿੰਘ ਕੇ.ਪੀ., ਕੈਪਟਰ ਇੰਦਰਪ੍ਰੀਤ ਸਿੰਘ, ਦਰਸ਼ਨ ਸਿੰਘ, ਜਸਬੀਰ ਸਿੰਘ ਜੱਸੀ, ਸਤਪਾਲ ਸਿੰਘ ਅਤੇ ਬੀਬੀ ਧੀਰਜ ਕੌਰ ਵੱਲੋਂ ਸਮੁਹਿਕ ਰੂਪ ‘ਚ ਬਾਬਾ ਬਚਨ ਸਿੰਘ ਨੂੰ ਸ਼ਾਲ ਅਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ।
Punjab Post Daily Online Newspaper & Print Media