ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰ-ਵਿਭਾਗੀ ਕਲਾ ਅਤੇ ਸਭਿਆਚਾਰਕ ਮੁਕਾਬਲੇ ‘ਜਸ਼ਨ-2018’ ‘ਸ਼ਬਦ/ਭਜਨ’ ਦੇ ਮੁਕਾਬਲਿਆਂ ਨਾਲ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਸ਼ੁਰੂ ਹੋ ਗਿਆ। 11 ਮਾਰਚ ਨੂੰ ਸੰਪੰਨ ਹੋਣ ਵਾਲੇ ਜਸ਼ਨ ਮੁਕਾਬਲਿਆਂ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਲਗਪਗ 700 ਵਿਦਿਆਰਥੀ-ਕਲਾਕਾਰ ਭਾਗ ਲੈ ਰਹੇ ਹਨ।
ਪ੍ਰਸਿੱਧ ਡਾਕਟਰ ਡਾ. ਡਿੰਪਲ ਸ੍ਰੀਵਾਸਤਵਾ ਨੇ ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਅਤੇ ਡਿਪਾਰਟਮੈਂਟ ਆਫ ਸਪੋਰਟਸ ਸਾਇੰਸ ਐਂਡ ਮੈਡੀਸਨ ਵਿਭਾਗ ਦੇ ਮੁਖੀ, ਪ੍ਰੋਫੈਸਰ ਸ਼ਵੇਤਾ ਸ਼ੇਨਾਏ ਨੇ ਸਮਾਗਮ ਦੀ ਪ੍ਰਧਾਨਗੀ।ਡੀਨ ਵਿਦਿਆਰਥੀ ਭਲਾਈ, ਪ੍ਰੋ. ਐਸ.ਐਸ. ਬਹਿਲ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਜੀ ਆਇਆਂ ਆਖਿਆ।ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਅਧਿਆਪਕ ਤੇ ਅਧਿਕਾਰੀ ਵੀ ਸ਼ਾਮਿਲ ਹੋਏ।
ਡਾ. ਸ੍ਰੀਵਾਸਤਵਾ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਮੁਕਾਬਲੇ ਵਿਚ ਹਿੱਸਾ ਲੈਣ ਲਈ ਹਾਰ ਅਤੇ ਜਿੱਤ ਦੀ ਭਾਵਨਾ ਤੋਂ ਉਪਰ ਉੱਠ ਕੇ ਵਧੀਆ ਕਾਰਗੁਜਾਰੀ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਉਨਾਂ੍ਹ ਕਿਹਾ ਕਿ ਇਕ ਵਾਰ ਅਸਫਲ ਹੋਣ ‘ਤੇ ਨਿਰਾਸ਼ਾ ਦੀ ਬਜਾਇ ਦੂਜੀ ਵਾਰ ਸਫਲ ਹੋਣ ਲਈ ਮੁੜ ਮਿਹਨਤ ਕਰਨੀ ਚਾਹੀਦੀ ਹੈ, ਜਿਸ ਨਾਲ ਸਫਲਤਾ ਜ਼ਰੂਰ ਮਿਲਦੀ ਹੈ। ਉਨ੍ਹਾਂ ਨੇ ਯੂਨੀਵਰਸਿਟੀ ਦੀਆਂ ਸਭਿਆਚਾਰਕ, ਖੇਡ ਅਤੇ ਅਕਾਦਮਿਕ ਗਤੀਵਿਧੀਆਂ ਦੀ ਭਰਪੂਰ ਸ਼ਲਾਘਾ ਕੀਤੀ।
ਮਹਿਮਾਨਾਂ ਅਤੇ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਜੀ-ਆਇਆਂ ਕਹਿੰਦਿਆਂ ਪ੍ਰੋ. ਬਹਿਲ ਨੇ ਜਸ਼ਨ ਸ਼ੁਰੂ ਹੋਣ ‘ਤੇ ਕਲਾਕਾਰਾਂ ਦੀ ਜਿੱਤ ਦੀ ਕਾਮਨਾ ਕੀਤੀ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਕਲਾ ਸਾਡੇ ਜੀਵਨ ਦਾ ਅਹਿਮ ਅੰਗ ਹੈ ਅਤੇ ਵਿਦਿਆਰਥੀ ਜੀਵਨ ਵਿਚ ਕਲਾ ਨਾਲ ਸਬੰਧਤ ਗਤੀਵਿਧੀਆਂ ਵਿਚ ਹਿੱਸਾ ਲੈਣ ਨਾਲ ਸਾਡੇ ਵਿਅਕਤੀਤਵ ਅਤੇ ਸ਼ਖਸੀਅਤ ਵਿਚ ਨਿਖਾਰ ਆਉਂਦਾ ਹੈ। ਉਨ੍ਹਾਂ ਕਿਹਾ ਕਿ ਵਿਗਿਆਨ, ਨੈਤਿਕ ਅਤੇ ਸੁੰਦਰਤਾ ਸਭ ਰਲ ਕੇ ਸਭਿਆਚਾਰ ਨੂੰ ਪੂਰਨ ਕਰਦੇ ਹਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਇਹ ਤਿੰਨੇ ਸਭਿਆਚਾਰ ਮੌਜੂਦ ਹਨ।
ਜਸ਼ਨ ਦੇ 4-ਦਿਨਾ ਸਭਿਆਚਾਰਕ ਮੁਕਾਬਲਿਆਂ ਦੌਰਾਨ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਤੋਂ ਵਿਦਿਆਰਥੀ-ਕਲਾਕਾਰ 28 ਵੱਖ-ਵੱਖ ਸਭਿਆਚਾਰਕ ਮੁਕਾਬਲਿਆਂ ਵਿਚ ਭਾਗ ਲੈ ਰਹੇ ਹਨ। ਅੱਜ ਹੋਰ ਹੋਏ ਮੁਕਾਬਲਿਆਂ ਵਿਚ ਗੀਤ/ਗਜ਼ਲ, ਵੈਸਟਰਨ ਵੋਕਲ, ਲੋਕ ਗੀਤ, ਕਵਿਤਾ ਗਾਇਨ, ਐਗਜ਼ਟੈਂਪੋਰ, ਵਾਦ-ਵਿਵਾਦ, ਕੁਇਜ਼, ਕੋਲਾਜ਼, ਕਾਰਟੂਨਿੰਗ, ਰੰਗੋਲੀ, ਪੋਸਟਰ ਮੇਕਿੰਗ ਅਤੇ ਆਨ ਦ ਸਪੌਟ ਫੋਟੋਗ੍ਰਾਫੀ ਅਤੇ ਪੇਟਿੰਗ ਸ਼ਾਮਿਲ ਸਨ। ਕੱਲ੍ਹ 9 ਮਾਰਚ ਨੂੰ ਭੰਗੜਾ, ਕਰੀਏਟਿਵ ਡਾਂਸ ਅਤੇ ਵੈਸਟਰਨ ਗਰੁੱਪ ਡਾਂਸ ਅਤੇ ਕੋਰੀਓਗਰਾਫੀ ਦੇ ਮੁਕਾਬਲੇ ਕਰਵਾਏ ਜਾਣਗੇ। ਇਸੇ ਤਰ੍ਹਾਂ ਤੀਜੇ ਦਿਨ 10 ਮਾਰਚ ਨੂੰ ਨੌਟੰਕੀ, ਮਾਈਮ, ਮਮਿਕਰੀ, ਸਕਿੱਟ ਅਤੇ ਸ਼ੋਅ ਆਫ ਸ਼ੋਰਟ ਫਿਲਮ ਮੇਕਿੰਗ ਦੇ ਮਕਾਬਲੇ ਹੋਣਗੇ। ਇਸੇ ਤਰ੍ਹਾਂ ਆਖਰਲੇ ਦਿਨ 11 ਮਾਰਚ ਨੂੰ ਡਾਂਸ ਟੂ ਟਿਊਨ ਤੇ ਗਿੱਧੇ ਦੇ ਮੁਕਾਬਲਿਆਂ ਤੋਂ ਇਲਾਵਾ ਇਨਾਮ ਵੰਡ ਸਮਾਗਮ ਵੀ ਕਰਵਾਇਆ ਜਾਵੇਗਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …